DIG ਹਰਚਰਨ ਸਿੰਘ ਭੁੱਲਰ ਦੇ ਘਰ ‘ਚੋਂ CBI ਦੀ ਰੇਡ ਹੋਈ ਖਤਮ, 7 ਕਰੋੜ ਰੁਪਏ ਤੱਕ ਪਹੁੰਚੀ ਬਰਾਮਦ ਰਕਮ
ਰੋਪੜ, 17 ਅਕਤੂਬਰ – ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ। ਅੱਜ, ਡੀਆਈਜੀ ਹਰਚਰਨ ਸਿੰਘ ਤੇ ਉਨ੍ਹਾਂ ਨਾਲ ਜੁੜੇ ਵਿਚੋਲਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਜਿੱਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗੇਗੀ। ਡੀਆਈਜੀ ਭੁੱਲਰ ਨੇ ਵਿਚੋਲਿਆਂ ਰਾਹੀਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ। ਡੀਆਈਜੀ ‘ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇਣ ਦਾ ਇਲਜ਼ਾਮ ਹੈ। ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ ਜਾਲ ਵਿਛਾ ਕੇ ਡੀਆਈਜੀ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀਬੀਆਈ ਟੀਮ ਨੇ ਉਨ੍ਹਾਂ ਦੇ ਮੋਹਾਲੀ ਦਫ਼ਤਰ ਤੇ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 40 ਸਥਿਤ ਘਰ ਦੀ ਤਲਾਸ਼ੀ ਲਈ। ਡੀਆਈਜੀ ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ, ਜੋ ਕਿ ਤਿੰਨ ਬੈਗਾਂ ਤੇ ਦੋ ਬ੍ਰੀਫਕੇਸਾਂ ‘ਚ ਰੱਖੀ ਗਈ ਸੀ। ਅਧਿਕਾਰੀਆਂ ਨੂੰ ਪੈਸੇ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ, 1.5 ਕਿਲੋ ਸੋਨੇ ਦੇ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ।
ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਬੀਐਮਡਬਲਯੂ ਤੇ ਮਰਸੀਡੀਜ਼ ਵਰਗੀਆਂ ਮਹਿੰਗੀਆਂ ਗੱਡੀਆਂ, ਉਨ੍ਹਾਂ ਦੇ ਬੈਂਕ ਲਾਕਰ ਦੀਆਂ ਚਾਬੀਆਂ ਦੇ ਜ਼ਬਤ ਕੀਤੀਆਂ ਗਈਆਂ ਹਨ। ਹਰਚਰਨ 2007 ਬੈਚ ਦਾ ਆਈਪੀਐਸ ਅਧਿਕਾਰੀ ਹੈ। ਉਨ੍ਹਾਂ ਦੇ ਪਿਤਾ, ਮਹਿਲ ਸਿੰਘ ਭੁੱਲਰ, ਪੰਜਾਬ ਦੇ ਸਾਬਕਾ ਡੀਜੀਪੀ ਸਨ। ਸੀਬੀਆਈ ਸੂਤਰਾਂ ਅਨੁਸਾਰ, ਸਕ੍ਰੈਪ ਡੀਲਰ ਦੁਆਰਾ ਜਿਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਡੀਲਰ ਨੇ ਦੱਸਿਆ ਕਿ ਡੀਆਈਜੀ ਦੀਆਂ ਰਿਸ਼ਵਤ ਮੰਗਾਂ ਨੂੰ ਪੂਰਾ ਕਰਨ ‘ਚ ਕਈ ਅਧਿਕਾਰੀ ਸ਼ਾਮਲ ਸਨ। ਸੀਬੀਆਈ ਇਸ ਮਾਮਲੇ ‘ਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ।
ਜਲੰਧਰ ‘ਚ ਫਾਰਮ ਹਾਊਸ
ਭੁੱਲਰ ਦੀ ਪ੍ਰਤੀ ਮਹੀਨਾ ਬੇਸਿਕ ਸੈਲਰੀ 2,16,600 ਰੁਪਏ ਹੈ। ਇਸ ਤੋਂ ਇਲਾਵਾ ਭੱਤੇ ਵੀ ਮਿਲਦੇ ਹਨ। ਉਨ੍ਹਾਂ ਨੇ 15 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ, ਜਿਸ ‘ਚ ਜਲੰਧਰ ‘ਚ ਇੱਕ ਫਾਰਮ ਹਾਊਸ ਤੇ ਚੰਡੀਗੜ੍ਹ ਤੇ ਕਪੂਰਥਲਾ ‘ਚ ਪਲਾਟ ਸ਼ਾਮਲ ਹਨ।
Share this content:



Post Comment