Loading Now

ਕੈਬਨਿਟ ਅਮਨ ਅਰੋੜਾ ਵੱਲੋਂ ਡੇਰਾਬੱਸੀ ਹਲਕੇ ਦੇ ਤਿੰਨ ਪਿੰਡਾਂ ਦੇ 50 ਹੜ੍ਹ ਪ੍ਰਭਾਵਿਤ ਲੋਕਾਂ ਨੂੰ 21.50 ਲੱਖ ਰੁਪਏ ਦੇ ਮੁਆਵਜ਼ੇ ਦੀ ਵੰਡ

ਕੈਬਨਿਟ ਅਮਨ ਅਰੋੜਾ ਵੱਲੋਂ ਡੇਰਾਬੱਸੀ ਹਲਕੇ ਦੇ ਤਿੰਨ ਪਿੰਡਾਂ ਦੇ 50 ਹੜ੍ਹ ਪ੍ਰਭਾਵਿਤ ਲੋਕਾਂ ਨੂੰ 21.50 ਲੱਖ ਰੁਪਏ ਦੇ ਮੁਆਵਜ਼ੇ ਦੀ ਵੰਡ

*ਡੇਰਾਬੱਸੀ ਹਲਕੇ ਵਿੱਚ 4.50 ਕਰੋੜ ਰੁਪਏ ਦਾ ਵੰਡਿਆ ਜਾਵੇਗਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ

*ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਪੰਜਾਬ ਚ ਪਹਿਲੀ ਵਾਰ ਹੜ੍ਹ ਪੀੜਤਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ‘ਤੇ ਸਰਕਾਰ ਦਾ ਧੰਨਵਾਦ

ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 16 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸਰਸੀਨੀ, ਸਿਤਾਰਪੁਰ ਅਤੇ ਮੁਬਾਰਿਕਪੁਰ ਪਿੰਡਾਂ ਦੇ 50 ਦੇ ਕਰੀਬ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਰਸੀਨੀ ਦੇ ਪੰਚਾਇਤ ਘਰ ਵਿਖੇ 21.50 ਲੱਖ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ ਗਏ। ਇਸ ਨਾਲ ਡੇਰਾਬੱਸੀ ਹਲਕੇ ਵਿੱਚ ਅੱਜ ਤੋਂ ਕਰੀਬ 4.50 ਕਰੋੜ ਰੁਪਏ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਹੋਈ। ਸ੍ਰੀ ਅਮਨ ਅਰੋੜਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਤੀ ਏਕੜ ਦੇ ਨੁਕਸਾਨ ਦਾ ਮੁਆਵਜ਼ਾ ਵਧਾ ਕੇ 20 ਹਜ਼ਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ, ਲੋਕਾਂ ਦੇ ਦੁੱਖਾਂ ਅਤੇ ਦਰਦਾਂ ਨੂੰ ਸਮਝਦੀ ਹੈ ਤੇ ਇਸੇ ਲਈ ਦਿਵਾਲੀ ਦੇ ਤਿਉਹਾਰ ਨੂੰ ਅੱਗੇ ਦੇਖਦੇ ਹੋਏ ਮੁਆਵਜ਼ੇ ਦੀ ਸਮਾਂ-ਬੱਧ ਵੰਡ ਸ਼ੁਰੂ ਕੀਤੀ ਗਈ ਹੈ। ਇਹ ਵੰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਤੋਂ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਸੀ ਜੋ ਕਿ ਅੱਜ ਪੰਜਾਬ ਦੇ ਵਿੱਚ ਇੱਕੋ ਵੇਲੇ 13 ਵਜ਼ੀਰਾਂ ਵੱਲੋਂ ਵੱਖ-ਵੱਖ ਥਾਵਾਂ ਤੇ ਮਿਸ਼ਨ ਪੁਨਰਵਾਸ ਦੇ ਅਗਲੇ ਪੜਾਅ ਵਜੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਵੱਲੋਂ 30 ਦਿਨ ਦੇ ਅੰਦਰ-ਅੰਦਰ ਮੁਆਵਜ਼ੇ ਦੀ ਵੰਡ ਸ਼ੁਰੂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਰਹੱਦੀ ਜ਼ਿਲਿਆਂ ਨੇ, ਇਸ ਵਾਰ 1988 ਤੋਂ ਵੀ ਜ਼ਿਆਦਾ ਖਤਰਨਾਕ ਹੜ੍ਹਾਂ ਦਾ ਸੰਤਾਪ ਭੋਗਿਆ ਹੈ ਪਰ ਪੰਜਾਬ ਦੇ ਬਹਾਦਰ ਅਤੇ ਉਤਸ਼ਾਹੀ ਲੋਕਾਂ ਨੇ ਇਸ ਸੰਕਟਮਈ ਸਥਿਤੀ ਦਾ ਡੱਟ ਕੇ ਸਾਹਮਣਾ ਕੀਤਾ ਹੈ। ਉਹਨਾਂ ਕਿਹਾ ਕਿ ਬਚਾਅ ਕਾਰਜਾਂ ਵਿੱਚ ਇਕੱਲੀ ਸਰਕਾਰ ਹੀ ਨਹੀਂ ਸਗੋਂ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਆਮ ਲੋਕਾਂ, ਵੱਖ-ਵੱਖ ਜਥੇਬੰਦੀਆਂ ਅਤੇ ਐਨ ਜੀ ਓਜ਼ ਨੇ ਪੂਰਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਹਮੇਸ਼ਾਂ ਖੜੀ ਹੈ ਅਤੇ ਭਵਿੱਖ ਵਿੱਚ ਵੀ ਹਮੇਸ਼ਾਂ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਦੀ ਰਹੇਗੀ। ਉਹਨਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਭਰੇ, ਸਰਹੱਦਾਂ ਦੀ ਰਾਖੀ ਲਈ ਜਾਨਾਂ ਵਾਰੀਆਂ, ਉਥੋਂ ਦੇ ਹੜ੍ਹ-ਸੰਤਾਪੇ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਕੇਂਦਰ ਪਾਸੋਂ ਕੋਈ ਹਾਂਦਰੂ ਹੁੰਗਾਰਾ ਨਹੀਂ ਮਿਲਿਆ। ਉਲਟਾ 1600 ਕਰੋੜ ਰੁਪਏ ਦੇ ਨਿਗੂਣੇ ਐਲਾਨ ਵਿੱਚੋਂ 805 ਕਰੋੜ ਰੁਪਏ ਦੀ ਪੇਸ਼ਗੀ ਰਕਮ ਦਾ ਦਾਅਵਾ ਇਸ ਲਈ ਹਵਾ ਹੋ ਗਿਆ ਕਿਉਂ ਜੋ ਇਹ ਰਕਮ ਵੱਖ-ਵੱਖ ਫੰਡਾਂ ਦੇ ਰੂਪ ਵਿੱਚ, ਜਿਵੇਂ ਕੁਦਰਤੀ ਆਪਦਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਨੈਸ਼ਨਲ ਹਾਈਵੇਜ਼ ਤੇ ਫੰਡਾਂ ਦੇ ਰੂਪ ਵਿੱਚ ਪਹਿਲਾਂ ਹੀ ਪਈ ਸੀ। ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਭਗਵੰਤ ਸਿੰਘ ਮਾਨ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਇਸ ਮੁਸੀਬਤ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜੀ ਹੈ। ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੰਤਰੀ ਸ਼੍ਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਦੀ ਪਹਿਲੀ ਸਰਕਾਰ ਹੈ ਜਿਸ ਨੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 30 ਦਿਨਾਂ ਦੇ ਅੰਦਰ ਹੀ ਹੜ੍ਹਾਂ ਦੇ ਮੁਆਵਜ਼ੇ ਦੀ ਵੰਡ ਵੱਡੇ ਪੱਧਰ ‘ਤੇ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਇਹ ਮੁਆਵਜ਼ੇ ਦੀ ਰਾਸ਼ੀ ਪੰਜਾਬ ਦੇ ਉਹਨਾਂ ਪੀੜਤਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਕੰਮ ਕਰੇਗੀ ਜੋ ਕਿ ਹੜ੍ਹਾਂ ਤੋਂ ਬਾਅਦ ਇਕਦਮ ਆਪਣੇ ਭਵਿੱਖ ਨੂੰ ਹਨ੍ਹੇਰਾ ਮਹਿਸੂਸ ਕਰਨ ਲੱਗੇ ਸਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੁਆਵਜ਼ੇ ਦੀ ਵੰਡ ਦੀ ਸ਼ੁਰੂਆਤ, ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਪੰਜਾਬ ਦੀ ਸਰਕਾਰ ਲੋਕਾਂ ਦੇ ਨਾਲ ਖੜੀ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅੱਜ ਤੋਂ ਹੜ੍ਹ ਰਾਹਤ, ਇਨ੍ਹਾਂ ਮਨਜ਼ੂਰੀ ਪੱਤਰਾਂ ਦੇ ਨਾਲ ਹੀ, ਉਹਨਾਂ ਦੇ ਬੈਂਕ ਖਾਤਿਆਂ ਸਿੱਧੀ ਭੇਜੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਹੜ੍ਹ ਪੀੜਤ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨੇੜਲੇ ਪਟਵਾਰੀ, ਕਾਨੂਗੋ, ਤਹਿਸੀਲਦਾਰ, ਐਸ ਡੀ ਐਮ ਜਾਂ ਉਹਨਾਂ ਨਾਲ ਡੀਸੀ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੀ ਵੰਡ ਪੂਰਣ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ ਅਤੇ ਹਰ ਇੱਕ ਪੀੜਿਤ ਪਰਿਵਾਰ ਨੂੰ ਉਸ ਦਾ ਬਣਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।। ਇਸ ਮੌਕੇ ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਤਹਿਸੀਲਦਾਰ ਸੁਮੀਤ ਸਿੰਘ ਢਿੱਲੋਂ, ਡੀ ਐਸ ਪੀ ਵਿਕਰਮਜੀਤ ਸਿੰਘ ਬਰਾੜ, ਇਲਾਕੇ ਦੇ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਮੌਜੂਦ ਸਨ।

Share this content:

Post Comment