ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ “ਸਵੱਛ ਫਗਵਾੜਾ” ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ

ਫਗਵਾੜਾ(15 ਅਕਤੂਬਰ) – ਅੱਜ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਡਾ.ਅਕਸ਼ਿਤਾ ਗੁਪਤਾ ਦੀ ਅਗਵਾਈ ਅਤੇ ਮੁੱਖ ਅਧਿਆਪਕ ਸ੍ਰੀਮਤੀ ਪਰਮਜੀਤ ਰਾਣਾ ਦੀ ਰਹਿਨੁਮਾਈ ਹੇਠ ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਸਵੱਛ ਫਗਵਾੜਾ ਵਿਸ਼ੇ ਉੱਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਨਗਰ ਨਿਗਮ ਫਗਵਾੜਾ ਦੇ ਸਮੁਦਾਇਕ ਸਹਾਇਕ ਅਧਿਕਾਰੀ ਸ਼੍ਰੀਮਤੀ ਸੁਨੀਤਾ ਸ਼ਰਮਾ, ਸ਼੍ਰੀਮਤੀ ਆਸ਼ਾ ਰਾਣੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸੈਮੀਨਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਿੱਜੀ ਸਾਫ਼-ਸਫ਼ਾਈ, ਚੰਗੀਆਂ ਆਦਤਾਂ,ਪ੍ਰਦੂਸ਼ਣ ਰਹਿਤ ਦੀਵਾਲੀ, ਗਿੱਲੇ ਤੇ ਸੁੱਕੇ ਕੂੜੇ ਦੇ ਨਿਪਟਾਰੇ, ਪਲਾਸਟਿਕ ਮੁਕਤ ਫਗਵਾੜਾ, ਵਾਤਾਵਰਨ ਸੰਭਾਲ਼ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸ੍ਰੀਮਤੀ ਸੁਨੀਤਾ ਸ਼ਰਮਾ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਦਿਵਾਲੀ ਅਤੇ ਹੋਰ ਤਿਉਹਾਰ ਪ੍ਰਦੂਸ਼ਣ ਮੁਕਤ ਤਰੀਕੇ ਨਾਲ਼ ਮਨਾਉਣ,ਫਗਵਾੜਾ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਵਿੱਚ ਯੋਗਦਾਨ ਪਾਉਣ। ਆਸ਼ਾ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ਕੰਪੋਸਟ ਖਾਦ ਬਣਾਉਣ ਅਤੇ ਨਿੱਜੀ ਅਤੇ ਘਰਾਂ ਦੀ ਸਫ਼ਾਈ ਰੱਖਣ ਨਾਲ਼ ਨਾ ਸਿਰਫ਼ ਵਾਤਾਵਰਨ ਸਾਫ਼ ਰਹਿੰਦਾ ਹੈ, ਸਗੋਂ ਇਹ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ। ਉਹਨਾਂ ਨੇ ਬੱਚਿਆਂ ਨੂੰ ਸਾੜ ਕੇ ਕੂੜੇ ਦਾ ਨਿਪਟਾਰਾ ਕਰਨ, ਘਰਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਇੱਕੋ ਕੂੜੇਦਾਨ ਵਿੱਚ ਇਕੱਠਾ ਕਰਨ,ਖੁੱਲ੍ਹੀ ਥਾਂ ‘ਤੇ ਕੂੜਾ ਸੁੱਟਣ ਅਤੇ ਪਲਾਸਟਿਕ ਦੇ ਲਿਫ਼ਾਫੇ ਆਦਿ ਦੀ ਵਰਤੋਂ ਕਰਨ ਉੱਤੇ ਹੋਣ ਵਾਲ਼ੇ ਚਲਾਨ ਅਤੇ ਜੁਰਮਾਨੇ ਸੰਬੰਧੀ ਨਿਯਮਾਂ ਤੋਂ ਵੀ ਜਾਣੂ ਕਰਵਾਇਆ। ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਪਰਮਜੀਤ ਰਾਣਾ ਨੇ ਬੱਚਿਆਂ ਨੂੰ ਚੰਗੀਆਂ ਆਦਤਾਂ ਅਪਣਾਉਣ, ਜੰਕ ਫੂਡ ਤੋਂ ਦੂਰ ਰਹਿਣ ਅਤੇ ਨਿਰੋਗ ਰਹਿਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਡਾ.ਅਕਸ਼ਿਤਾ ਗੁਪਤਾ ਵੱਲੋਂ ਉਲੀਕਿਆ ਇਹ ਸੈਮੀਨਾਰ ਬੱਚਿਆਂ ਨੂੰ ਆਪਣੇ ਸ਼ਹਿਰ ਅਤੇ ਪਰਿਵਾਰ ਨੂੰ ਸਾਫ਼-ਸੁਥਰਾ ਬਣਾਉਣ ਲਈ ਪ੍ਰੇਰਿਤ ਕਰਨ ਦਾ ਬਹੁਤ ਵਧੀਆ ਉਪਰਾਲਾ ਹੈ।ਸੈਮੀਨਾਰ ਵਿੱਚ ਨਵਜੋਤ ਕਿਰਨ, ਕਮਲੇਸ਼ ਸੰਧੂ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਰਾਜੀਵ ਸੋਨੀ, ਅਮਨਦੀਪ ਸਿੰਘ, ਜਸਵੀਰ ਕੌਰ, ਅਨੁਰਾਧਾ ਮੰਡਵਾਲ, ਸਤਨਾਮ ਕੌਰ, ਸੋਨੀਆ ਅਤੇ ਰਣਬੀਰ ਸਿੰਘ, ਕਿਸ਼ੋਰ ਕੁਮਾਰ ਆਦਿ ਸ਼ਾਮਲ ਸਨ।
Share this content:



Post Comment