Loading Now

ਸਦਾ ਜ਼ਿੰਦਾ ਸੀਨੇ ਰੂਹਾਂ ਹੀ ਜ਼ੁਲਮ ਨੂੰ ਵੰਗਾਰਦੀਆਂ ਆਈਆਂ ਹਨ/ਡਾ ਅਮਰਜੀਤ ਟਾਂਡਾ

ਸਦਾ ਜ਼ਿੰਦਾ ਸੀਨੇ ਰੂਹਾਂ ਹੀ ਜ਼ੁਲਮ ਨੂੰ ਵੰਗਾਰਦੀਆਂ ਆਈਆਂ ਹਨ/ਡਾ ਅਮਰਜੀਤ ਟਾਂਡਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਮਨੁੱਖਤਾ ਲਈ ਬੇਮਿਸਾਲ ਪ੍ਰੇਰਨਾ ਦਾ ਸਰੋਤ ਹੈ। ਉਹ ਸਿੱਖ ਧਰਮ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਨੇ ਆਪਣੇ ਤਪ, ਤੇਜ, ਤੇ ਤਿਆਗ ਨਾਲ ਆਦਰ, ਨਿਆਂ ਤੇ ਧਰਮ ਦੀ ਰਾਖੀ ਕੀਤੀ। ਗੁਰੂ ਜੀ ਦਾ ਨਾਮ ਹੀ ਦੱਸਦਾ ਹੈ — “ਤੇਗ” ਅਰਥਾਤ ਤਲਵਾਰ ਤੇ “ਬਹਾਦਰ” ਅਰਥਾਤ ਸ਼ੂਰਵੀਰਤਾ। ਪਰ ਇਹ ਤਲਵਾਰ ਕਦੇ ਜ਼ੁਲਮ ਲਈ ਨਹੀਂ, ਸਿਰਫ਼ ਸੱਚ ਦੀ ਰੱਖਿਆ ਲਈ ਖਿੱਚੀ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਇੱਕ ਖਿੜਦੇ ਚੰਬੇ ਦੇ ਫੁੱਲ ਵਰਗੀ ਸੀ — ਸੁਗੰਧਤ, ਪਰ ਅਡੋਲ ਹਵਾ ਦੇ ਬੁੱਲੇ ਝੌਂਕੇ ਵਿੱਚ ਵੀ ਮੁਰਝਾਵੇ ਨਾ। ਉਹ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਸਨ, ਜਿਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਇਹ ਸਿਧਾਂਤ ਦਿੱਤਾ ਕਿ ਧਰਮ ਦੀ ਇੱਜ਼ਤ ਕਿਸੇ ਇਕ ਮਤ ਦੀ ਨਹੀਂ, ਸਾਰੀ ਮਨੁੱਖਤਾ ਦੀ ਰਾਖੀ ਹੈ। ਜਿਵੇਂ ਮੋਮਬੱਤੀ ਆਪਣਾ ਆਪ ਸਾੜ ਕੇ ਹੋਰਾਂ ਨੂੰ ਰੋਸ਼ਨੀ ਦਿੰਦੀ ਹੈ, ਤਿਵੇਂ ਗੁਰੂ ਜੀ ਨੇ ਆਪਣਾ ਜੀਵਨ ਨਿਛਾਵਰ ਕਰਕੇ ਇਤਿਹਾਸ ਦੇ ਅੰਧਕਾਰ ਨੂੰ ਪ੍ਰਕਾਸ਼ਿਤ ਕੀਤਾ।ਲੋਕਾਂ ਦੇ ਮਨਾਂ ਵਿੱਚ ਉਸ ਸਮੇਂ ਡਰ ਛਾਇਆ ਹੋਇਆ ਸੀ, ਜ਼ੁਲਮ ਦਾ ਰਾਜ ਸੀ। ਗੁਰੂ ਤੇਗ ਬਹਾਦਰ ਜੀ ਨੇ ਬੇਖੌਫ਼ੀ ਨਾਲ ਕਿਹਾ ਕਿ
“ਧਰਮ ਦੀ ਰੱਖਿਆ ਲਈ ਸਿਰ ਕੱਟਿਆ ਜਾ ਸਕਦਾ ਹੈ, ਝੁਕਾਇਆ ਨਹੀਂ।”
ਉਨ੍ਹਾਂ ਦੀ ਸ਼ਹੀਦੀ (ਚਾਂਦਨੀ ਚੌਂਕ, ਦਿੱਲੀ ਵਿੱਚ) ਉਹ ਪਵਿੱਤਰ ਅੱਗ ਹੈ ਜੋ ਅਜੇ ਵੀ ਸੱਚ ਅਤੇ ਅਹਿੰਸਾ ਦੀ ਰੋਸ਼ਨੀ ਵਾਂਗ ਸਾਡੇ ਰਾਹਾਂ ਨੂੰ ਚਮਕਾਉਂਦੀ ਹੈ।ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਆਤਮਕ ਤਾਕਤ, ਸਹਿਨਸ਼ੀਲਤਾ, ਅਤੇ ਸੱਚ ਨਾਲ ਟਿਕੇ ਰਹਿਣਾ ਸਭ ਤੋਂ ਵੱਡੀ ਸ਼ੂਰਵੀਰਤਾ ਹੈ। ਗੁਰੂ ਤੇਗ ਬਹਾਦਰ ਜੀ ਦੀਆਂ ਬਾਣੀਆਂ ਅੰਮ੍ਰਿਤ ਵਰਗੀਆਂ ਹਨ — ਉਹ ਦਿਲ ਨੂੰ ਠੰਢਕ ਦਿੰਦੀਆਂ ਹਨ, ਮਨ ਨੂੰ ਸਾਫ਼ ਕਰਦੀਆਂ ਹਨ, ਤੇ ਜੀਵਨ ਨੂੰ ਰੌਸ਼ਨ ਕਰਦੀਆਂ ਹਨ। ਜਿਵੇਂ ਸੂਰਜ ਹਰ ਕਿਸੇ ਲਈ ਬਰਾਬਰ ਚਮਕਦਾ ਹੈ, ਤਿਵੇਂ ਗੁਰੂ ਤੇਗ ਬਹਾਦਰ ਜੀ ਦੀ ਰਹਿਮਤ ਵੀ ਹਰ ਮਨੁੱਖ ਤੇ ਵਰਸਦੀ ਹੈ। ਉਹ ਸੱਚਮੁੱਚ “ਸਾਰੇ ਆਲਮ ਦੀ ਚਾਦਰ” ਸਨ — ਉਹ ਚਾਦਰ ਜੋ ਸਾਰਿਆਂ ਧਰਮਾਂ ਤੇ ਜਾਤਾਂ ਨੂੰ ਬੁੱਕਲ ਵਿੱਚ ਲੈਂਦੀ ਹੈ ਇਕੱਠਾ ਕਰਦੀ ਹੈ
ਤੇ ਚਾਦਰ ਬੋਲ ਕੇ ਕਹਿੰਦੀ ਹੈ ਕਿ
ਕਦੇ ਜ਼ੁਲਮ ਦੇ ਅੱਗੇ ਨਾ ਝੁਕਿਓ
ਜਿੱਥੇ ਵੀ ਜ਼ਾਲਮ ਹੋਵੇ
ਵੰਗਾਰਿਓ ਲਲਕਾਰਿਓ ਜ਼ਾਲਮ ਨੂੰ
ਸਦਾ ਜਿੰਦਾ ਸੀਨੇ ਰੂਹਾਂ ਹੀ ਜ਼ੁਲਮ ਨੂੰ ਵੰਗਾਰਦੀਆਂ ਆਈਆਂ ਹਨ।

Share this content:

Post Comment