Loading Now

7 ਸਾਲਾਂ ਬਾਅਦ ਭਾਰਤ ਪਹੁੰਚੇ ਚੀਨੀ ਰਾਸ਼ਟਰਪਤੀ ਜਿਨਪਿੰਗ

7 ਸਾਲਾਂ ਬਾਅਦ ਭਾਰਤ ਪਹੁੰਚੇ ਚੀਨੀ ਰਾਸ਼ਟਰਪਤੀ ਜਿਨਪਿੰਗ

ਨਵੀਂ ਦਿੱਲੀ, 12 ਸਤੰਬਰ – ਨਵੀਂ ਦਿੱਲੀ ਵਿੱਚ ਅੱਜ ਸ਼ਨਿਵਾਰ ਤੋਂ 18ਵਾਂ ਬ੍ਰਿਕਸ ਸਿਖ਼ਰ ਸੰਮੇਲਨ 2026 ਸ਼ੁਰੂ ਹੋ ਗਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਦੁਨੀਆ ਭਰ ਦੇ ਕਈ ਵੱਡੇ ਆਗੂ ਬੀਤੇ ਕੱਲ੍ਹ ਹੀ ਰਾਜਧਾਨੀ ਦਿੱਲੀ ਪਹੁੰਚ ਗਏ ਸਨ। ਜਦਕਿ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਦੁਪਹਿਰ ਕਰੀਬ 12 ਵਜੇ ਦਿੱਲੀ ਪਹੁੰਚੇ। ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਲੈਂਡ ਕਰਨ ਮਗਰੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਏਅਰਪੋਰਟ ‘ਤੇ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਰਾਸ਼ਟਰਪਤੀ ਜਿਨਪਿੰਗ ਦਾ ਰਸਮੀ ਸਵਾਗਤ ਕੀਤਾ। ਦਿੱਲੀ ਦੌਰੇ ਦੌਰਾਨ ਬ੍ਰਿਕਸ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਅੱਜ ਸ਼ਾਮ ਅਹਿਮ ਦੁਵੱਲੀ ਮੁਲਾਕਾਤ ਹੋਣੀ ਹੈ, ਜਿਸ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਕੁੜੱਤਣ ਅਤੇ ਤਣਾਅ ਦੇ ਮੱਦੇਨਜ਼ਰ ਇਹ ਬੈਠਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।

ਭਾਰਤ-ਚੀਨ ਸਬੰਧਾਂ ਦੀ ਨਵੀਂ ਸ਼ੁਰੂਆਤ ਦੇ ਸੰਕੇਤ

ਇਸ ਦੌਰੇ ਦੌਰਾਨ ਚੀਨ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਦੇ ਸੰਕੇਤ ਦਿੱਤੇ ਹਨ ਅਤੇ ਮਤਭੇਦਾਂ ਨੂੰ ਸਹੀ ਢੰਗ ਨਾਲ ਸੁਲਝਾਉਣ ਦੀ ਗੱਲ ਆਖੀ ਹੈ। ਚੀਨ ਦੇ ਰਾਜਦੂਤ ਨੇ ਕਿਹਾ ਕਿ ਬੀਜਿੰਗ ਭਾਰਤ ਨਾਲ ਮਿਲ ਕੇ ਕੰਮ ਕਰੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜਿਨਪਿੰਗ ਦੀ ਅਗਵਾਈ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਮੌਜੂਦ ਮਤਭੇਦਾਂ ਨੂੰ ਸੁਲਝਾਇਆ ਜਾਵੇਗਾ। ਲੱਦਾਖ ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਵਿਚਕਾਰ ਜਿਨਪਿੰਗ ਦਾ ਇਹ ਭਾਰਤ ਦੌਰਾ ਬੇਹੱਦ ਖ਼ਾਸ ਅਹਿਮੀਅਤ ਰੱਖਦਾ ਹੈ।

ਚੀਨੀ ਰਾਜਦੂਤ ਨੇ ਕੀਤੀ ਆਪਸੀ ਸਹਿਯੋਗ ਦੀ ਗੱਲ

ਸ਼ੀ ਜਿਨਪਿੰਗ ਦੇ ਸ਼ਨਿਵਾਰ ਨੂੰ ਬ੍ਰਿਕਸ ਸੰਮੇਲਨ ਲਈ ਭਾਰਤ ਆਉਣ ਤੋਂ ਕੁਝ ਘੰਟੇ ਪਹਿਲਾਂ, ਭਾਰਤ ਵਿੱਚ ਚੀਨ ਦੇ ਰਾਜਦੂਤ ਜ਼ੂ ਫੀਹੋਂਗ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮਤਭੇਦਾਂ ਨੂੰ ਦੂਰ ਕਰਨ ਅਤੇ ਆਪਸੀ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ। ਰਾਜਦੂਤ ਨੇ ਆਪਣੀ ਪੋਸਟ ਵਿੱਚ ਕਿਹਾ, “ਚੀਨ ਅਤੇ ਭਾਰਤ ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਦੁਵੱਲੀ ਬੈਠਕ ਦਾ ਪ੍ਰਬੰਧ ਕਰ ਰਹੇ ਹਨ। ਕਾਜ਼ਾਨ ਅਤੇ ਤਿਆਨਜਿਨ ਵਿੱਚ ਹੋਈਆਂ ਮੁਲਾਕਾਤਾਂ ਤੋਂ ਬਾਅਦ, ਇਹ ਲਗਾਤਾਰ ਤੀਜਾ ਸਾਲ ਹੋਵੇਗਾ ਜਦੋਂ ਦੋਵੇਂ ਆਗੂ ਇੱਕ-ਦੂਜੇ ਨੂੰ ਮਿਲਣਗੇ। ਜ਼ੂ ਫੀਹੋਂਗ ਨੇ ਚੀਨ ਅਤੇ ਭਾਰਤ ਵਿਚਕਾਰ ਸਬੰਧਾਂ ਵਿੱਚ ਨਵੀਂ ਸ਼ੁਰੂਆਤ ਦਾ ਸੰਕੇਤ ਦਿੰਦਿਆਂ ਕਿਹਾ ਕਿ ਬੀਜਿੰਗ ਆਪਸੀ ਸਹਿਯੋਗ ਅਤੇ ਮਤਭੇਦਾਂ ਦੇ ਹੱਲ ਸਮੇਤ ਕਈ ਮੋਰਚਿਆਂ ‘ਤੇ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰੇਗਾ।

‘ਭਾਰਤ ਨਾਲ ਮਿਲ ਕੇ ਕਰਾਂਗੇ ਕੰਮ’

ਉਨ੍ਹਾਂ ਅੱਗੇ ਕਿਹਾ, “ਚੀਨ ਦੋਵਾਂ ਆਗੂਆਂ ਦੀ ਰਣਨੀਤਕ ਅਗਵਾਈ ‘ਤੇ ਅਮਲ ਕਰਨ, ਦੁਵੱਲੇ ਸਬੰਧਾਂ ਨੂੰ ਰਣਨੀਤਕ ਪੱਧਰ ਅਤੇ ਲੰਬੇ ਸਮੇਂ ਦੇ ਨਜ਼ਰੀਏ ਤੋਂ ਸੰਭਾਲਣ, ਸੰਚਾਰ ਨੂੰ ਉਤਸ਼ਾਹਿਤ ਕਰਨ, ਸਹਿਯੋਗ ਵਧਾਉਣ, ਮਤਭੇਦਾਂ ਨੂੰ ਸੁਚੱਜੇ ਢੰਗ ਨਾਲ ਸੁਲਝਾਉਣ ਅਤੇ ਚੰਗੇ ਗੁਆਂਢੀ ਸਬੰਧਾਂ ਦਾ ਆਨੰਦ ਮਾਣਨ ਵਾਲੇ ਮਿੱਤਰ ਅਤੇ ਇੱਕ-ਦੂਜੇ ਦੀ ਸਫ਼ਲਤਾ ਵਿੱਚ ਮਦਦ ਕਰਨ ਵਾਲੇ ਭਾਈਵਾਲ ਬਣਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।”

ਸੱਤ ਸਾਲ ਬਾਅਦ ਭਾਰਤ ਦੌਰੇ ‘ਤੇ ਆਏ ਸ਼ੀ ਜਿਨਪਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਸੱਦੇ ‘ਤੇ ਸ਼ੀ ਜਿਨਪਿੰਗ ਕਰੀਬ ਸੱਤ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਦੀ ਯਾਤਰਾ ਕਰ ਰਹੇ ਹਨ। ਉਹ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਅੱਜ ਹੋਣ ਵਾਲੀ ਵਾਰਤਾ ਵਿੱਚ ਦੁਵੱਲੇ ਸਬੰਧਾਂ ਨੂੰ ਆਮ ਵਾਂਗ ਕਰਨ ਦੇ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ‘ਤੇ ਮੁੱਖ ਤੌਰ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਅਕਤੂਬਰ 2019 ‘ਚ ਹੋਇਆ ਸੀ ਪਿਛਲਾ ਭਾਰਤ ਦੌਰਾ

ਦੱਸ ਦੇਈਏ ਕਿ ਸ਼ੀ ਜਿਨਪਿੰਗ ਨੇ ਆਖ਼ਰੀ ਵਾਰ ਅਕਤੂਬਰ 2019 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਜਦੋਂ ਉਹ ਦੂਜੇ ਭਾਰਤ-ਚੀਨ ਗ਼ੈਰ-ਰਸਮੀ ਸਿਖ਼ਰ ਸੰਮੇਲਨ ਲਈ ਤਾਮਿਲਨਾਡੂ ਦੇ ਮਾਮੱਲਾਪੁਰਮ ਆਏ ਸਨ। ਇਹ ਬੈਠਕ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਲੱਦਾਖ ਵਿੱਚ ਚਾਰ ਸਾਲ ਤੋਂ ਵੱਧ ਸਮਾਂ ਚੱਲੇ ਫ਼ੌਜੀ ਟਕਰਾਅ ਤੋਂ ਠੀਕ ਛੇ ਮਹੀਨੇ ਪਹਿਲਾਂ ਹੋਈ ਸੀ, ਜਿਸ ਨੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਾ ਦਿੱਤਾ ਸੀ।

2020 ‘ਚ ਗਲਵਾਨ ਘਾਟੀ ਦੀ ਹਿੰਸਕ ਝੜਪ

ਸਾਲ 2020 ਵਿੱਚ ਪੂਰਬੀ ਲੱਦਾਖ ਵਿੱਚ ਤਣਾਅ ਵਧ ਗਿਆ ਸੀ ਅਤੇ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਇੱਕ ਵੱਡੀ ਹਿੰਸਕ ਝੜਪ ਹੋਈ ਸੀ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਵੀ ਆਪਣੇ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਸੀ, ਹਾਲਾਂਕਿ ਉਸ ਨੇ ਗਿਣਤੀ ਘੱਟ ਦੱਸੀ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਸਿਖ਼ਰਾਂ ‘ਤੇ ਪਹੁੰਚ ਗਈ ਸੀ। ਭਾਰਤ ਨੇ ਚੀਨੀ ਨਿਵੇਸ਼ ਅਤੇ ਮੋਬਾਈਲ ਐਪਸ ‘ਤੇ ਸਖ਼ਤੀ ਕੀਤੀ, ਚੀਨ ਨਾਲ ਜੁੜੇ ਕਾਰੋਬਾਰਾਂ ‘ਤੇ ਸੁਰੱਖਿਆ ਜਾਂਚ ਵਧਾ ਦਿੱਤੀ ਅਤੇ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਨ੍ਹਾਂ ਸਾਰੇ ਹਾਲਾਤਾਂ ਕਾਰਨ ਸ਼ੀ ਜਿਨਪਿੰਗ ਦਾ ਮੌਜੂਦਾ ਭਾਰਤ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਸ਼ੀ-ਮੋਦੀ ਵਾਰਤਾ ਦਾ ਅਹਿਮ ਏਜੰਡਾ

ਬ੍ਰਿਕਸ ਸੰਮੇਲਨ ਦੌਰਾਨ ਹੋਣ ਵਾਲੀ ਇਹ ਦੁਵੱਲੀ ਬੈਠਕ ਦੋਵਾਂ ਆਗੂਆਂ ਨੂੰ ਸਬੰਧਾਂ ਨੂੰ ਆਮ ਵਾਂਗ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਸਰਹੱਦੀ ਮੁੱਦੇ ‘ਤੇ ਅਗਲੇ ਕਦਮਾਂ ‘ਤੇ ਚਰਚਾ ਕਰਨ ਦਾ ਮੌਕਾ ਦੇਵੇਗੀ। ਹਾਲਾਂਕਿ ਦੋਵਾਂ ਪੱਖਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਰਿਸ਼ਤਿਆਂ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ, ਫਿਰ ਵੀ ਕਈ ਮੁੱਦਿਆਂ ‘ਤੇ ਡੂੰਘੇ ਮਤਭੇਦ ਬਰਕਰਾਰ ਹਨ। ਅੱਜ ਦੀ ਬੈਠਕ ਵਿੱਚ ਇਨ੍ਹਾਂ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਭਾਰਤ ਨੂੰ ਭਾਰਤੀ ਵਪਾਰੀਆਂ ‘ਤੇ ਚੀਨ ਵੱਲੋਂ ਲਾਈਆਂ ਗਈਆਂ ਵੀਜ਼ਾ ਪਾਬੰਦੀਆਂ ਅਤੇ ਪ੍ਰਮੁੱਖ ਤਕਨੀਕਾਂ ਤੇ ਉਪਕਰਨਾਂ ਦੀ ਬਰਾਮਦ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਡੂੰਘੀ ਚਿੰਤਾ ਹੈ। ਦੂਜੇ ਪਾਸੇ, ਬੀਜਿੰਗ ਦਾ ਕਹਿਣਾ ਹੈ ਕਿ ਸਰਹੱਦੀ ਵਿਵਾਦ ਨੂੰ ਦੁਵੱਲੇ ਸਬੰਧਾਂ ਦੇ ਵਿਆਪਕ ਵਿਕਾਸ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਜਦਕਿ, ਭਾਰਤ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਸਰਹੱਦ ਦੀ ਸਥਿਤੀ ਹੀ ਸਬੰਧਾਂ ਦੀ ਸਮੁੱਚੀ ਦਿਸ਼ਾ ਤੈਅ ਕਰੇਗੀ।

Share this content:

Post Comment