Loading Now

6 ਮਹੀਨਿਆਂ ਲਈ ਇੰਨੇ ਘੰਟੇ ਬੰਦ ਰਹੇਗਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ

6 ਮਹੀਨਿਆਂ ਲਈ ਇੰਨੇ ਘੰਟੇ ਬੰਦ ਰਹੇਗਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ

ਅੰਮ੍ਰਿਤਸਰ, 31 ਮਾਰਚ – ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ‘ਤੇ ਗਰਮੀ ਦੇ ਸ਼ਡਿਊਲ ਦੌਰਾਨ ਉਡਾਣਾਂ ਦੇ ਸੰਚਾਲਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਵੱਲੋਂ ਰਨਵੇ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਕੰਮਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸੇ ਸਬੰਧੀ ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ।

ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਈਟੀਵੀ ਭਾਰਤ ਨੂੰ ਦਿੱਤੀ ਜਾਣਕਾਰੀ

ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, “ਜਾਰੀ NOTAM (ਨੋਟਿਸ ਟੂ ਏਅਰਮੈਨ) ਅਨੁਸਾਰ 1 ਅਪ੍ਰੈਲ 2026 ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਪੂਰੀ ਤਰ੍ਹਾਂ ਗੈਰ-ਚਾਲੂ ਰਹੇਗਾ। ਇਸ ਸਮੇਂ ਦੌਰਾਨ ਕਿਸੇ ਵੀ ਫਲਾਈਟ ਦਾ ਸੰਚਾਲਨ ਨਹੀਂ ਹੋਵੇਗਾ। ਸਾਰੀਆਂ ਏਅਰਲਾਈਨਜ਼ ਨੇ ਆਪਣੇ ਆਉਣ ਅਤੇ ਜਾਣ ਦੇ ਸਮੇਂ ਵਿੱਚ ਬਦਲਾਅ ਕਰ ਲਿਆ ਹੈ ਅਤੇ ਫਲਾਈਟਾਂ ਬੰਦ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੀ ਚਲਾਈਆਂ ਜਾਣਗੀਆਂ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਉਡਾਣ ਦੇ ਸਮਾਂ-ਸਾਰਣੀ ਦੀ ਜਾਂਚ ਕਰ ਲੈਣ।”

ਗਰਮੀਆਂ ਦੇ ਸ਼ਡਿਊਲ ਵਿੱਚ 62 ਉਡਾਣਾਂ ਸ਼ਾਮਿਲ –

ਅੰਮ੍ਰਿਤਸਰ ਹਵਾਈ ਅੱਡੇ ਦੇ ਗਰਮੀਆਂ ਦੇ ਸ਼ਡਿਊਲ ਵਿੱਚ ਕੁੱਲ 62 ਉਡਾਣਾਂ ਸ਼ਾਮਲ ਹਨ। ਇਨ੍ਹਾਂ ਵਿੱਚ 40 ਘਰੇਲੂ ਅਤੇ 22 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ।

ਘਰੇਲੂ ਕਨੈਕਟੀਵਿਟੀ: ਦਿੱਲੀ, ਮੁੰਬਈ, ਬੰਗਲੁਰੂ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ ਅਤੇ ਪੁਣੇ।

ਅੰਤਰਰਾਸ਼ਟਰੀ ਕਨੈਕਟੀਵਿਟੀ: ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾਲੰਪੁਰ, ਸ਼ਾਰਜਾਹ ਅਤੇ ਬੈਂਕਾਕ।

ਯਾਤਰੀਆਂ ਨੂੰ ਦਿੱਤੀ ਗਈ ਸਲਾਹ: ਹਵਾਈ ਅੱਡਾ ਅਥਾਰਟੀ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਆਪਣੀਆਂ ਏਅਰਲਾਈਨਾਂ ਨਾਲ ਉਡਾਣ ਦੇ ਸਮੇਂ ਦੀ ਜਾਂਚ ਕਰਨ ਦੀ ਤਾਕੀਦ ਕਰਦੀ ਹੈ। ਸਮੇਂ ਵਿੱਚ ਬਦਲਾਅ ਨੂੰ ਦੇਖਦਗੇ ਹੋਏ ਹਵਾਈ ਅੱਡੇ ਤੇ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।

ਰਨਵੇਅ ਰੀ-ਕਾਰਪੇਟਿੰਗ: ਏਅਰਪੋਰਟ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਰਨਵੇ ਦੀ ਰੀ-ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ, ਜੋ ਲਗਭਗ 3658 ਮੀਟਰ ਲੰਬਾ ਅਤੇ 60 ਮੀਟਰ ਚੌੜਾ ਹੈ। ਇਹ ਕੰਮ ਦੋ ਪਰਤਾਂ ਵਿੱਚ ਕੀਤਾ ਜਾਵੇਗਾ, ਜਿਸ ਨਾਲ ਵੱਡੇ ਜਹਾਜ਼ਾਂ ਜਿਵੇਂ ਬੋਇੰਗ 747-800 ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ਼ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਰਨਵੇ ਦੇ ਦੋਹਾਂ ਸਿਰਿਆਂ ‘ਤੇ RESA (ਰਨਵੇ ਐਂਡ ਸੇਫਟੀ ਏਰੀਆ) ਨੂੰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ। ਕੰਮ ਤੋਂ ਬਾਅਦ ਰਨਵੇ ਰੋਜ਼ਾਨਾ ਰਾਤ 9:45 ਵਜੇ ਦੁਬਾਰਾ ਖੁੱਲ੍ਹੇਗਾ।

ਰਨਵੇਅ ਏਰੀਆ ਦੀ ਮੁਰੰਮਤ: ਰਨਵੇਅ ਦੇ ਅੰਤ ‘ਤੇ ਓਵਰਰਨ ਏਰੀਆ ਨੂੰ ਵੀ ਮਜ਼ਬੂਤ ​​ਕੀਤਾ ਜਾਵੇਗਾ। ਇਸ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ਾਂ ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ ਯਕੀਨੀ ਹੋਵੇਗੀ।

ਰਨਵੇਅ ਐਂਡ ਸੇਫਟੀ ਏਰੀਆ ਵਿਕਸਤ ਕੀਤੇ ਜਾਣਗੇ: ਰਨਵੇਅ (16 ਅਤੇ 34) ਦੇ ਦੋਵਾਂ ਸਿਰਿਆਂ ‘ਤੇ ਸੇਫਟੀ ਏਰੀਆ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਜ਼ਬੂਤ ​​ਕੀਤਾ ਜਾਵੇਗਾ। ਇਸ ਨਾਲ ਜਹਾਜ਼ਾਂ ਦੇ ਸੰਚਾਲਨ ਦੀ ਸੁਰੱਖਿਆ ਹੋਰ ਵਧੇਗੀ।

LED ਲਾਈਟਾਂ:ਹਵਾਈ ਅੱਡੇ ‘ਤੇ 2,000 ਤੋਂ ਵੱਧ ਗੈਰ-LED ਲਾਈਟਾਂ ਨੂੰ ਆਧੁਨਿਕ LED ਲਾਈਟਾਂ ਨਾਲ ਬਦਲਿਆ ਜਾਵੇਗਾ। ਇਹ ਘੱਟ ਦ੍ਰਿਸ਼ਟੀ ਵਿੱਚ ਵੀ ਸੁਰੱਖਿਅਤ ਸੰਚਾਲਨ ਨੂੰ ਸਮਰੱਥ ਬਣਾਏਗਾ ਅਤੇ ਇਸ ਨਾਲ ਬਿਜਲੀ ਦੀ ਵੀ ਬਚਤ ਹੋਵੇਗੀ।

ਵਿਅਕਤੀਗਤ ਲਾਈਟ ਕੰਟਰੋਲ ਮਾਨੀਟਰਿੰਗ ਸਿਸਟਮ (ILCMS): ਇੱਕ ਨਵਾਂ ਮਾਨੀਟਰਿੰਗ ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਰਨਵੇ ਲਾਈਟਾਂ ਦੀ ਨਿਗਰਾਨੀ ਸਿੱਧੇ ਕੰਟਰੋਲ ਰੂਮ ਤੋਂ ਕੀਤੀ ਜਾ ਸਕੇਗੀ। ਇਸ ਨਾਲ ਸਮਾਂ ਬਚੇਗਾ ਅਤੇ ਉਡਾਣ ਸੰਚਾਲਨ ਸੁਰੱਖਿਅਤ ਹੋਵੇਗਾ।

ਏਅਰਪੋਰਟ ਪ੍ਰਬੰਧਨ ਵੱਲੋਂ ਯਾਤਰੀਆਂ ਨੂੰ ਅਪੀਲ

ਏਅਰਪੋਰਟ ਪ੍ਰਬੰਧਨ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀਆਂ ਸੰਬੰਧਿਤ ਏਅਰਲਾਈਨਜ਼ ਨਾਲ ਅੱਪਡੇਟਡ ਫਲਾਈਟ ਸ਼ੈਡਿਊਲ ਜ਼ਰੂਰ ਚੈੱਕ ਕਰਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰੇ ਕੰਮ ਯਾਤਰੀਆਂ ਦੀ ਸੁਰੱਖਿਆ ਅਤੇ ਭਵਿੱਖ ਵਿੱਚ ਬਿਹਤਰ ਸੇਵਾਵਾਂ ਲਈ ਜ਼ਰੂਰੀ ਹਨ।

Share this content:

Post Comment