Loading Now

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਕਾਰਨ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਕਾਰਨ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ

 

ਮੁੰਬਈ: ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ‘ਚ ਵੀਰਵਾਰ ਨੂੰ ਭਾਰੀ ਗਿਰਾਵਟ ਆਈ ਅਤੇ ਮਿਆਰੀ ਸੂਚਕਾਂਕ ਬੀ.ਐੱਸ.ਈ. (BSE) ਸੈਂਸੈਕਸ 1,248 ਅੰਕ ਡਿੱਗ ਗਿਆ। ਉੱਥੇ ਹੀ ਐੱਨ.ਐੱਸ.ਈ. (NSE) ਨਿਫਟੀ 384 ਅੰਕਾਂ ਦੇ ਨੁਕਸਾਨ ‘ਚ ਰਿਹਾ। ਵਿਸ਼ਲੇਸ਼ਕਾਂ ਦੇ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ‘ਚ ਤੇਜ਼ੀ ਦੇ ਨਾਲ-ਨਾਲ ਗਲੋਬਲ ਪੱਧਰ ‘ਤੇ ਕਮਜ਼ੋਰ ਰੁਝਾਨ ਦੇ ਵਿਚਕਾਰ ਰਿਲਾਇੰਸ ਇੰਡਸਟਰੀਜ਼ ਅਤੇ ਬੈਂਕ ਸ਼ੇਅਰਾਂ ‘ਚ ਬਿਕਵਾਲੀ (ਬਿਕਰੀ) ਨਾਲ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ। ਤੀਹ ਸ਼ੇਅਰਾਂ ‘ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 1,247.71 ਅੰਕ ਯਾਨੀ 1.67 ਫੀਸਦੀ ਟੁੱਟ ਕੇ 73,580.54 ਅੰਕ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਇਕ ਸਮੇਂ 1,264.33 ਅੰਕਾਂ ਦੀ ਗਿਰਾਵਟ ਨਾਲ 73,563.92 ਅੰਕ ਤੱਕ ਆ ਗਿਆ ਸੀ।

ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ 383.70 ਅੰਕ ਯਾਨੀ 1.64 ਫੀਸਦੀ ਡਿੱਗ ਕੇ 23,063.10 ਅੰਕ ‘ਤੇ ਬੰਦ ਹੋਇਆ। ਸੈਂਸੈਕਸ ‘ਚ ਸ਼ਾਮਲ 30 ਕੰਪਨੀਆਂ ‘ਚੋਂ 29 ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਬਜਾਜ ਫਾਈਨਾਂਸ ‘ਚ ਸਭ ਤੋਂ ਵੱਧ 5.47 ਫੀਸਦੀ, ਐਕਸਿਸ ਬੈਂਕ ‘ਚ 4.67 ਫੀਸਦੀ, ਬਜਾਜ ਫਿਨਸਰਵ ‘ਚ 4.06 ਫੀਸਦੀ, ਇੰਟਰਗਲੋਬ ਐਵੀਏਸ਼ਨ ‘ਚ 2.78 ਫੀਸਦੀ, ਟ੍ਰੈਂਟ ‘ਚ 2.75 ਫੀਸਦੀ ਅਤੇ ਮਹੀਦਰਾ ਐਂਡ ਮਹਿੰਦਰਾ ‘ਚ 2.31 ਫੀਸਦੀ ਦੀ ਗਿਰਾਵਟ ਰਹੀ। ਐੱਨ.ਟੀ.ਪੀ.ਸੀ. (NTPC) ਦਾ ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਰਿਹਾ। ਗਲੋਬਲ ਤੇਲ ਮਿਆਰ ਬ੍ਰੈਂਟ ਕੱਚਾ ਤੇਲ 2.36 ਫੀਸਦੀ ਚੜ੍ਹ ਕੇ 105.4 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ।

ਆਨਲਾਈਨ ਟ੍ਰੇਡਿੰਗ ਕੰਪਨੀ ਐਨਰਿਚ ਮਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੋਨਮੁਡੀ ਆਰ ਨੇ ਕਿਹਾ, ‘‘ਘਰੇਲੂ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਨਿਫਟੀ-50 ਅਤੇ ਸੈਂਸੈਕਸ ਦੋਵਾਂ ‘ਚ 1.5 ਫੀਸਦੀ ਤੋਂ ਵੱਧ ਦੀ ਗਿਰਾਵਟ ਰਹੀ। ਬਾਜ਼ਾਰ ‘ਚ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਪੂਰੇ ਕਾਰੋਬਾਰੀ ਸੈਸ਼ਨ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ।’’

ਉਨ੍ਹਾਂ ਕਿਹਾ, ‘‘ਗਲੋਬਲ ਬਾਂਡ ਯੀਲਡ (ਰਿਟਰਨ) ‘ਚ ਵਾਧੇ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਤੇਜ਼ ਉਛਾਲ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਆਈ। ਪੂਰੇ ਕਾਰੋਬਾਰੀ ਸੈਸ਼ਨ ‘ਚ ਬਿਕਵਾਲੀ ਦਾ ਦਬਾਅ ਬਣਿਆ ਰਿਹਾ।’’ ਏਸ਼ੀਆ ਦੇ ਹੋਰ ਬਾਜ਼ਾਰਾਂ ‘ਚ ਜਾਪਾਨ ਦਾ ਨਿੱਕੇਈ ਵਾਧੇ ਨਾਲ ਬੰਦ ਹੋਇਆ, ਜਦੋਂ ਕਿ ਚੀਨ ‘ਚ ਸ਼ੰਘਾਈ ਐੱਸ.ਐੱਸ.ਈ. ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੈਂਗ ਗਿਰਾਵਟ ਨਾਲ ਬੰਦ ਹੋਏ।

ਯੂਰਪ ਦੇ ਮੁੱਖ ਬਾਜ਼ਾਰਾਂ ‘ਚ ਵੀ ਦੁਪਹਿਰ ਦੇ ਕਾਰੋਬਾਰ ‘ਚ ਗਿਰਾਵਟ ਦਾ ਰੁਝਾਨ ਸੀ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਨੁਕਸਾਨ ਨਾਲ ਬੰਦ ਹੋਏ ਸਨ। ਇਸ ਦੌਰਾਨ, ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਦਾ ਸ਼ੇਅਰ ਵੀਰਵਾਰ ਨੂੰ ਆਪਣੇ ਪਹਿਲੇ ਕਾਰੋਬਾਰੀ ਦਿਨ ‘ਚ ਲਗਭਗ ਦੋ ਫੀਸਦੀ ਵਧ ਕੇ 1,818 ਰੁਪਏ ‘ਤੇ ਬੰਦ ਹੋਇਆ। ਇਸ ਦੇ ਨਾਲ ਐੱਨ.ਐੱਸ.ਈ. ਦਾ ਬਾਜ਼ਾਰ ਮੁਲਾਂਕਣ 4.49 ਲੱਖ ਕਰੋੜ ਰੁਪਏ ਰਿਹਾ।

ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਰਿਸਰਚ ਹੈੱਡ ਵਿਨੋਦ ਨਾਇਰ ਨੇ ਕਿਹਾ, ‘‘ਬਾਂਡ ਯੀਲਡ ‘ਚ ਵਾਧੇ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਮੁੜ ਤੇਜ਼ੀ ਨਾਲ ਬਾਜ਼ਾਰ ‘ਤੇ ਦਬਾਅ ਰਿਹਾ। ਇਹ ਗਲੋਬਲ ਅਰਥਵਿਵਸਥਾ ਨਾਲ ਜੁੜੇ ਵਧਦੇ ਜੋਖਮ ਨੂੰ ਦਰਸਾਉਂਦਾ ਹੈ। ਮੁਦਰਾਸਫੀਤੀ (ਮਹਿੰਗਾਈ) ਅਤੇ ਆਰਥਿਕ ਵਿਕਾਸ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਵਿਚਕਾਰ ਵਿਆਜ ਦਰ ਦੀ ਦਿਸ਼ਾ ਨੂੰ ਲੈ ਕੇ ਚਿੰਤਾ ਵਧਣ ਨਾਲ ਨਿਵੇਸ਼ਕਾਂ ਨੇ ਜੋਖਮ ਤੋਂ ਬਚਣ ਦਾ ਰੁੱਖ ਅਪਣਾਇਆ।’’ ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ‘ਤੇ ਕਮਿਸ਼ਨ ਢਾਂਚੇ ਦੀ ਨਿਯਾਮਕ ਸਮੀਖਿਆ ਅਤੇ ਉਸ ਦੇ ਮੁਨਾਫੇ ‘ਤੇ ਸੰਭਾਵਿਤ ਅਸਰ ਨੂੰ ਲੈ ਕੇ ਚਿੰਤਾ ਦੇ ਕਾਰਨ ਬੀਮਾ ਅਤੇ ਬੈਂਕ ਸ਼ੇਅਰ ਕਮਜ਼ੋਰ ਰਹੇ।

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 1,617.45 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਸੈਂਸੈਕਸ ਬੁੱਧਵਾਰ ਨੂੰ 299.17 ਅੰਕ ਵਧ ਕੇ 74,828.25 ਅੰਕ ‘ਤੇ ਅਤੇ ਨਿਫਟੀ 117.80 ਅੰਕਾਂ ਦੀ ਤੇਜ਼ੀ ਨਾਲ 23,446.80 ਅੰਕ ‘ਤੇ ਬੰਦ ਹੋਇਆ ਸੀ।

Share this content:

Post Comment