Loading Now

30 ਫੁੱਟ ਦਾ ਪਏ ਪਾੜ ਨਾਲ ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ

30 ਫੁੱਟ ਦਾ ਪਏ ਪਾੜ ਨਾਲ ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ

 

ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਤੇਜ਼ ਵਹਾਅ ਕਾਰਨ ਰਜਵਾਹੇ ਵਿੱਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਖੇਤਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਅਤੇ ਫ਼ਸਲ ਨੂੰ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਕਿਸਾਨ ਆਗੂ ਜਸਕਰਨ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ ਨੇ ਦੱਸਿਆ ਕਿ ਰਜਵਾਹੇ ਵਿੱਚ ਪਹਿਲਾਂ ਵੀ ਪਾੜ ਪਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਮਿਹਨਤ ਕਰਕੇ ਪੂਰ ਦਿੱਤਾ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹੁਣ ਮੁੜ ਪਾੜ ਪੈ ਗਿਆ ਅਤੇ ਇਸ ਵਾਰ ਇਸ ਦੀ ਚੌੜਾਈ ਕਰੀਬ 30 ਫੁੱਟ ਹੋ ਗਈ ਹੈ।ਸਾਬਕਾ ਪੰਚ ਜਸਵਿੰਦਰ ਸਿੰਘ, ਲਾਲੀ ਬਰਾੜ ਅਤੇ ਸਿੰਮੀ ਬਰਾੜ ਨੇ ਦੱਸਿਆ ਕਿ ਰਜਵਾਹੇ ਦਾ ਪਾਣੀ ਖੇਤਾਂ ਵਿੱਚ ਦਾਖ਼ਲ ਹੋਣ ਕਾਰਨ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਠੇਕੇ ’ਤੇ ਲਈ 18 ਏਕੜ, ਹਰਚਰਨ ਸਿੰਘ ਬਿੰਦੂ ਮਿਸਤਰੀ ਦੀ ਠੇਕੇ ’ਤੇ ਲਈ 18 ਏਕੜ ਅਤੇ ਕੇਵਲ ਸਿੰਘ ਤੇ ਸਿਕੰਦਰ ਸਿੰਘ ਦੀ ਠੇਕੇ ’ਤੇ ਲਈ ਕਰੀਬ 8 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

ਪਿੰਡ ਵਾਸੀਆਂ ਅਨੁਸਾਰ ਪ੍ਰਭਾਵਿਤ ਕਿਸਾਨਾਂ ਨੂੰ ਪਹਿਲਾਂ ਵੀ ਫ਼ਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਸੁਖਜਿੰਦਰ ਸਿੰਘ ਦੀ ਪਿਛਲੇ ਸਾਲ ਮੂੰਗੀ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਹੁਣ ਝੋਨੇ ਦੀ ਫ਼ਸਲ ਨੂੰ ਰਜਵਾਹੇ ਦੇ ਪਾਣੀ ਦੀ ਮਾਰ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ।

ਮੌਕੇ ’ਤੇ ਪਹੁੰਚੇ ਸਰਪੰਚ ਜਸਕਰਨ ਸਿੰਘ ਬਰਾੜ, ਸਰਪੰਚ ਅਰਵਿੰਦਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਢਿੱਲੋਂ ਅਤੇ ਕਿਸਾਨ ਆਗੂ ਜਸਕਰਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰਜਵਾਹੇ ਵਿੱਚ ਪਏ ਪਾੜ ਨੂੰ ਤੁਰੰਤ ਪੱਕੇ ਤੌਰ ’ਤੇ ਬੰਦ ਕਰਵਾਇਆ ਜਾਵੇ। ਉਨ੍ਹਾਂ ਖ਼ਦਸ਼ਾ ਜਿਤਾਇਆ ਕਿ ਪਾੜ ਬੰਦ ਨਾ ਹੋਣ ਦੀ ਸੂਰਤ ਵਿੱਚ ਹੋਰ ਖੇਤਾਂ ਵਿੱਚ ਵੀ ਪਾਣੀ ਦਾਖ਼ਲ ਹੋ ਸਕਦਾ ਹੈ।

ਉਨ੍ਹਾਂ ਪ੍ਰਭਾਵਿਤ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਦੀਆਂ ਵਧਦੀਆਂ ਲਾਗਤਾਂ ਕਾਰਨ ਉਹ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ ਅਤੇ ਅਜਿਹੇ ਵਿੱਚ ਫ਼ਸਲ ਦੇ ਨੁਕਸਾਨ ਦੀ ਭਰਪਾਈ ਸਰਕਾਰ ਨੂੰ ਤੁਰੰਤ ਕਰਨੀ ਚਾਹੀਦੀ ਹੈ।

Share this content:

Post Comment