24 ਅਕਤੂਬਰ ਨੂੰ ‘ਸੰਯੁਕਤ ਰਾਸ਼ਟਰ ਸੰਘ ਦਿਵਸ’ ‘ਤੇ ਵਿਸ਼ੇਸ਼ ; ਆਪਣੇ ਮੂਲ ਉਦੇਸ਼ਾਂ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੈ ‘ਸੰਯੁਕਤ ਰਾਸ਼ਟਰ ਸੰਘ’
ਵਿਸ਼ਵ ਦੀ ਸਿਰਮੌਰ ਸੰਸਥਾ ‘ਯੂਨਾਈਟਿਡ ਨੇਸ਼ਨਜ਼ ਆਰਗੇਨਾਈਸ਼ਨ’ (ਯੂ.ਐਨ.ਓ) ਭਾਵ ‘ਸੰਯੁਕਤ ਰਾਸ਼ਟਰ ਸੰਘ’ ਦੇ ਜਨਮ ਦੀ ਪ੍ਰਕਿਰਿਆ ਉਸ ਵਕਤ ਅਰੰਭ ਹੋਈ ਸੀ ਜਦੋਂ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਿਲ ਮੁਲਕਾਂ ਨੇ ਕਿਸੇ ਅਜਿਹੀ ਕੌਮਾਂਤਰੀ ਸੰਸਥਾ ਦੇ ਗਠਨ ਦੀ ਲੋੜ ‘ਤੇ ਚਰਚਾ ਕੀਤੀ ਸੀ ਜੋ ਕਿ ਬਾਅਦ ਵਿਚ ਸੰਨ 1944 ਵਿਚ ਹੋਈ ‘ਡੰਬਰਟਨ ਓਕਸ ਕਾਨਫ਼ਰੰਸ’ ਤੱਕ ਜਾ ਪੁੱਜੀ ਸੀ | ਫਿਰ ਸੰਨ 1945 ਵਿਚ ਸਾਨਫ਼ਰਾਂਸਸਿਸਕੋ ਵਿਖੇ 50 ਮੁਲਕਾਂ ਦੇ ਨੁਮਾਇੰਦੇ ਇਕੱਤਰ ਹੋਏ ਸਨ ਤੇ ਉਨ੍ਹਾ ਨੇ ਸੰਯੁਕਤ ਰਾਸ਼ਟਰ ਸੰਘ ਦਾ ‘ਚਾਰਟਰ’ ਭਾਵ ‘ਐਲਾਨਨਾਮਾ’ ਤਿਆਰ ਕਰ ਦਿੱਤਾ ਸੀ ਜਿਸ ਉੱਤੇ ਕਿ 26 ਜੂਨ,1945 ਦੇ ਦਿਨ ਸਬੰਧਿਤ ਮੁਲਕਾਂ ਨੇ ਦਸਤਖ਼ਤ ਵੀ ਕਰ ਦਿੱਤੇ ਸਨ | ਇਸ ਕਾਰਵਾਈ ਉਪਰੰਤ ਅੱਜ ਤੋਂ ਠੀਕ ਅੱਸੀ ਸਾਲ ਪਹਿਲਾਂ 24 ਅਕਤੂਬਰ,1945 ਦੇ ਦਿਨ ਸੰਸਾਰ ਦੀ ਇਸ ਸਰਬਉੱਚ ਸੰਸਥਾ ਦਾ ‘ਸੰਯੁਕਤ ਰਾਸ਼ਟਰ ਸੰਘ ਐਲਾਨਨਾਮਾ’ ਲਾਗੂ ਕਰ ਦਿੱਤਾ ਗਿਆ ਸੀ | ਉਸ ਦਿਨ ਦੀ ਯਾਦ ਨੂੰ ਸਦੀਵੀ ਬਣਾਉਣ ਹਿਤ ਹਰ ਸਾਲ 24 ਅਕਤੂਬਰ ਦੇ ਦਿਨ ਨੂੰ ‘ਸੰਯੁਕਤ ਰਾਸ਼ਟਰ ਸੰਘ ਦਿਵਸ’ ਮਨਾਏ ਜਾਣ ਸਬੰਧੀ ਐਲਾਨ ਸੰਨ 1947 ਵਿਚ ਕੀਤਾ ਗਿਆ ਸੀ | ਸੰਨ 1947 ਤੋਂ ਲੈ ਕੇ ਹੁਣ ਤੱਕ ਇਹ ਦਿਵਸ ਹਰ ਸਾਲ ਸੰਘ ਦੇ 193 ਮੈਂਬਰ ਦੇਸ਼ਾਂ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਸੰਸਾਰਵਾਸੀਆਂ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਕਾਰਜਾਂ,ਉਦੇਸ਼ਾਂ ਅਤੇ ਪ੍ਰਾਪਤੀਆਂ ਸਬੰਧੀ ਜਾਗਰੂਕ ਕਰਨਾ ਹੈ | ਇਹ ਜ਼ਿਕਰਯੋਗ ਹੈ ਕਿ ਸੰਨ 1951 ਵਿਚ ਮਨਾਏ ਗਏ ‘ਸੰਯੁਕਤ ਰਾਸ਼ਟਰ ਸੰਘ’ ਦਿਵਸ ਮੌਕੇ ਸੰਘ ਦੇ ਨਿਊਯਾਰਕ ਵਿਚ ਸਥਿਤ ਮੁੱਖ ਦਫ਼ਤਰ ਵਿਖੇ ‘ਯੂਨਾਈਟਿਡ ਨੇਸ਼ਨਜ਼ ਪੋਸਟਲ ਐਡਮਨਿਸਟ੍ਰੇਸ਼ਨ’ ਵੱਲੋਂ ਸੰਘ ਦਾ ਪਹਿਲਾ ਡਾਕ ਟਿਕਟ ਜਾਰੀ ਕੀਤਾ ਗਿਆ ਸੀ ਜਿਸਦੀ ਕੀਮਤ ਅਮਰੀਕੀ ਡਾਲਰਾਂ ਵਿਚ ਨਿਰਧਾਰਿਤ ਕੀਤੀ ਗਈ ਸੀ | ਇਥੇ ਇਹ ਵੀ ਵਰਣਨਯੋਗ ਹੈ ਕਿ ਸਾਡਾ ਮੁਲਕ ਭਾਰਤ, ਸੰਨ 1945 ਤੋਂ ਹੀ ਸੰਯੁਕਤ ਰਾਸ਼ਟਰ ਸੰਘ ਦੇ ਮੋਢੀ ਆਖੇ ਜਾਂਦੇ 51 ਮੁਲਕਾਂ ਵਿਚ ਸ਼ਾਮਿਲ ਸੀ |
ਸਾਲ 2019 ਵਿਚ ਜਦੋਂ ਪੂਰੇ ਵਿਸ਼ਵ ਨੂੰ ਕੋਵਿਡ-19 ਭਾਵ ਕਰੋਨਾ ਵਾਇਰਸ ਕਾਰਨ ਫ਼ੈਲੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਸੰਯੁਕਤ ਰਾਸ਼ਟਰ ਸੰਘ ਨੇ ਸਮੂਹ ਮੁਲਕਾਂ ਨੂੰ ਇਕਜੁਟ ਹੋ ਕੇ ਉਸ ਬਿਪਤਾ ਦਾ ਮੁਕਾਬਲਾ ਕਰਨ ਅਤੇ ਮੈਂਬਰ ਦੇਸ਼ਾਂ ਨੂੰ ਇਕ ਦੂਜੇ ਦੀ ਮਦਦ ਕਰਨ ਦਾ ਆਪਣਾ ਮੂਲ ਉਦੇਸ਼ ਯਾਦ ਕਰਵਾਇਆ ਸੀ | ਸੰਘ ਦਾ ਮੰਨਣਾ ਸੀ ਕਿ ਮੁਲਕਾਂ ਅਤੇ ਮਨੁੱਖਾਂ ਦੀ ਇਕਜੁਟਤਾ ਵਿਚ ਹੀ ‘ਸਰਬੱਤ ਦਾ ਭਲਾ’ ਜਿਹੇ ਸੰਦੇਸ਼ਾਂ ਦੀ ਸਾਰਥਕਿਤਾ ਲੁਕੀ ਹੋਈ ਹੈ | ਇਸੇ ਤਰ੍ਹਾਂ ਸਾਲ 2020 ਵਿਚ ਜਦੋਂ ਸੰਘ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ ਸੀ ਤਾਂ ਉਸ ਵੇਲੇ ਦੇ ਸੰਘ ਦੇ ਸਕੱਤਰ ਜਨਰਲ ਸ੍ਰੀ ਐਨਤੋਨੀਓ ਗੁਟਰੇਸ ਨੇ ‘ਆਓ ਆਪਣੇ ਭਵਿੱਖ ਨੂੰ ਆਕਾਰ ਦੇਈਏ’ ਨਾਮਕ ਨਾਅਰਾ ਬੁਲੰਦ ਕਰਕੇ ਸਮੂਹ ਮੈਂਬਰ ਮੁਲਕਾਂ ਨੂੰ ਰਲ੍ਹ-ਮਿਲ ਕੇ ਇਕ ਦੂਜੇ ਨੂੰ ਅੱਗੇ ਵਧਾਉਣ ਅਤੇ ਔਕੜਾਂ ‘ਚੋਂ ਕੱਢਣ ਦੀ ਅਪੀਲ ਕੀਤੀ ਸੀ | ਵੱਖ-ਵੱਖ ਮੁਲਕਾਂ ਦੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਅਤੇ ਮਸ਼ਵਰਾ ਕਰਨ ਪਿੱਛੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਸਤੰਬਰ, 2021 ਵਿਚ ਇਕ ਵਿਸ਼ੇਸ਼ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਅਗਲੇ 25 ਸਾਲਾਂ ਦੀਆਂ ਕਾਰਜ ਯੋਜਨਾਵਾਂ ਸਬੰਧੀ ਵਿਸਥਾਰਤ ਚਰਚਾ ਕੀਤੀ ਗਈ ਸੀ ਤੇ ਸਮੂਹ ਮੁਲਕਾਂ ਨੂੰ ਨਫ਼ਰਤਾਂ ਅਤੇ ਦੁਸ਼ਮਣੀਆਂ ਭੁਲਾ ਕੇ ਅਤੇ ਆਪਸੀ ਸਹਿਯੋਗ ਦੇ ਆਸਰੇ ਸੰਸਾਰ ਵਿਚ ਸ਼ਾਂਤੀ,ਸਥਿਰਤਾ ਅਤੇ ਤਰੱਕੀ ਸਥਾਪਿਤ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ |
ਅਸਲ ਵਿਚ ਸੰਯੁਕਤ ਰਾਸ਼ਟਰ ਸੰਘ ਤਾਂ ਸੰਸਾਰ ਵਿਚ ਸਥਾਈ ਸ਼ਾਂਤੀ ਦਾ ਹਾਮੀ ਹੈ ਤੇ ਸ਼ਾਂਤੀ ਸਥਾਪਨਾ ਹਿਤ ਇਸਨੇ ਵੱਖ-ਵੱਖ ਸਮਿਆਂ ਅੰਦਰ ਵੱਖ-ਵੱਖ ਮੁਲਕਾਂ ਵਿਚ ‘ਸ਼ਾਂਤੀ ਮਿਸ਼ਨ’ ਵੀ ਚਲਾਏ ਹਨ ਅਤੇ ਡਿਪਲੋਮੈਟਿਕ ਢੰਗ ਨਾਲ ਵੱਖ-ਵੱਖ ਮੁਲਕਾਂ ਦਰਮਿਆਨ ਹੋਣ ਵਾਲੇ ਜਾਂ ਹੋਣ ਜਾ ਰਹੇ ਟਕਰਾਵਾਂ ਨੂੰ ਟਾਲਣ ਲਈ ਸਾਰਥਿਕ ਯਤਨ ਕੀਤੇ ਹਨ | ਯੂ.ਐਨ.ਓ. ਨੇ ‘ਕੰਬੋਡੀਆ’,’ਆਲ ਸੈਲਵਾਡੋਰ’,’ਮੌਜ਼ੰਬੀਕ’,’ਨਾਮੀਬਿਆ’,ਗੁਆਟੇਮਾਲਾ’ ਅਤੇ ‘ਤਜ਼ਾਕਿਸਤਾਨ’ ਸਮੇਤ ਦਰਜਨਾਂ ਹੋਰ ਮੁਲਕਾਂ ਵਿਚ ‘ਸ਼ਾਂਤੀ ਮਿਸ਼ਨ’ ਚਲਾ ਕੇ ਖ਼ੂਨੀ ਟਕਰਾਅ ਰੋਕਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਸਦੇ ਨਾਲ ਹੀ ਸੰਨ 1945 ਤੋਂ ਲੈ ਕੇ ਹੁਣ ਤੱਕ ਇਸਨੇ ‘ਤੀਜਾ ਵਿਸ਼ਵ ਯੁੱਧ’ ਹੋਣ ਤੋਂ ਰੋਕਣ ਲਈ ਵੀ ਕਈ ਉਚੇਚੇ ਅਤੇ ਸਫ਼ਲ ਯਤਨ ਕੀਤੇ ਹਨ ਪਰ ਇਕ ਕੌੜਾ ਸੱਚ ਇਹ ਵੀ ਹੈ ਕਿ ਕਈ ਵਾਰ ਸ਼ਕਤੀਸ਼ਾਲੀ ਮੁਲਕਾਂ ਦੇ ਸਿਆਸੀ ਪ੍ਰਭਾਵਾਂ ਅਤੇ ਆਪਣੀਆਂ ਢਾਂਚਾਗਤ ਮਜਬੂਰੀਆਂ ਦੇ ਚਲਦਿਆਂ ਸੰਘ ਨੂੰ ਆਪਣੀ ਭੂਮਿਕਾ ਅਦਾ ਕਰਨ ਵਿਚ ਦਿੱਕਤ ਪੇਸ਼ ਆਉਂਦੀ ਹੈ ਜਿਵੇਂ ਕਿ ਸੰਘ ਦੀ ‘ਸੁਰੱਖਿਆ ਕੌਂਸਲ’ ਵਿਚ ‘ਵੀਟੋ ਸ਼ਕਤੀ’ ਮਾਨਣ ਵਾਲੇ ਸਥਾਈ ਮੈਂਬਰ ਦੇਸ਼ਾਂ ਵੱਲੋਂ ਜਦੋਂ ਆਪਣੇ ਸਿਆਸੀ ਮੁਫ਼ਾਦਾਂ ਭਾਵ ਰਾਜਨੀਤਿਕ ਲਾਭਾਂ ਦੀ ਖ਼ਾਤਿਰ ਯੁੱਧ ਵਰਗੇ ਕਈ ਕਦਮ ਚੁੱਕੇ ਜਾਂਦੇ ਹਨ ਤਾਂ ਸੰਘ ਉਥੇ ਚਾਹੁੰਦਿਆਂ ਹੋਇਆਂ ਵੀ ਬਹੁਤਾ ਕੁਝ ਨਹੀਂ ਕਰ ਪਾੳਾੁਦਾ ਹੈ | ਇਹ ਚੀਜ਼ ਸੰਘ ਦੇ ਸਮੁੱਚੇ ਪ੍ਰਭਾਵ ਨੂੰ ਥੋੜ੍ਹਾ ਲਿੱਸਾ ਕਰ ਦਿੰਦੀ ਹੈ |
ਜੇਕਰ ਵਰਤਮਾਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਕ ਦਿਲਚਸਪ ਤੱਥ ਜੋ ਸਾਹਮਣੇ ਆਉਂਦਾ ਹੈ ਕਿ ਸੰਨ 2008 ਤੋਂ ਹੁਣ ਤੱਕ ‘ਆਈਸਲੈਂਡ’ ਨਾਮਕ ਮੁਲਕ ਸੰਸਾਰ ਦਾ ਸਭ ਤੋਂ ਵੱਧ ‘ਸ਼ਾਂਤੀਪੂਰਨ ਮੁਲਕ’ ਬਣਿਆ ਹੋਇਆ ਹੈੇ ਪਰ ਇਸਦੇ ਨਾਲ ਹੀ ਇਕ ਕੌੜਾ ਸੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਸੰਸਾਰ ਦੇ ਵੱਖ-ਵੱਖ ਵੱਡੇ ਅਤੇ ਛੋਟੇ ਮੁਲਕਾਂ ਦੇ ਅੰਦਰ ਅਤੇ ਮੁਲਕਾਂ ਦੇ ਦਰਮਿਆਨ ਲੰਮੇ ਸਮੇਂ ਤੋਂ ਖ਼ੂਨੀ ਸੰਘਰਸ਼ ਚੱਲ ਰਹੇ ਹਨ ਜਿਸਦਾ ਪ੍ਰਮਾਣ ‘ਰੂਸ-ਯੂਕਰੇਨ’ ਅਤੇ ‘ਇਜ਼ਰਾਇਲ-ਫ਼ਲਸਤੀਨ’ ਜੰਗਾਂ ਹਨ | ਅਜਿਹੇ ਸੰਘਰਸ਼ਾਂ ਨੂੰ ਸਫ਼ਲਤਾਪੂਰਵਕ ਰੋਕ ਪਾਉਣ ਦੀ ਥਾਂ ਅਮਰੀਕਾ ਅਤੇ ਰੂਸ ਜਿਹੇ ਸ਼ਕਤੀਸ਼ਾਲੀ ਮੁਲਕ ਦੀ ਧੌਂਸ ਨੂੰ ਲਗਪਗ ਸਵੀਕਾਰਦਿਆਂ ਹੋਇਆਂ ਸੰਯੁਕਤ ਰਾਸ਼ਟਰ ਸੰਘ ਉਕਤ ਸੰਘਰਸ਼ਾਂ ਨੂੰ ਰੋਕਣ ਲਈ ਕੋਈ ਠੋਸ ਕਾਰਜ ਨਹੀਂ ਕਰ ਪਾਇਆ ਹੈ | ‘ਸੋਮਾਲੀਆ’,’ਰਵਾਂਡਾ’,’ਅੰਗੋਲਾ’ ਅਤੇ ‘ਬੋਸਨੀਆ’ ਵਿਖੇ ਸੰਯੁਕਤ ਰਾਸ਼ਟਰ ਦੇ ‘ਸ਼ਾਂਤੀ ਮਿਸ਼ਨ’ ਪੂਰੀ ਤਰ੍ਹਾਂ ਅਸਫ਼ਲ ਹੀ ਰਹੇ ਹਨ | ਉਂਜ ਸੰਘ ਦੀ ਸਥਾਪਨਾ ਸਮੇਂ ਇਹ ਮੰਨਿਆ ਗਿਆ ਸੀ ਸੰਸਾਰ ਪੱਧਰ ‘ਤੇ ਸ਼ਾਂਤੀ ਸਥਾਪਿਤ ਕਰਨ ਲਈ ‘ਸੰਯੁਕਤ ਰਾਸ਼ਟਰ ਸੰਘ’ ਅਤੇ ‘ਕੌਮਾਂਤਰੀ ਅਦਾਲਤ’ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ | ‘ਯੂਨਾਈਟਿਡ ਨੇਸ਼ਨਜ਼ ਚਾਰਟਰ’ ਦੱਸਦਾ ਹੈ ਕਿ ਜਿੱਥੇ ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਕੰਮ ਕੌਮਾਂਤਰੀ ਸੁਰੱਖਿਆ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਹੈ, ਉੱਥੇ ਹੀ ਕੌਮਾਂਤਰੀ ਅਦਾਲਤ ਦਾ ਕੰਮ ਵੱਖ-ਵੱਖ ਮੁਲਕਾਂ ਦਰਮਿਆਨ ਚੱਲ ਰਹੇ ਵਿਵਾਦਾਂ ਨੂੰ ਹੱਲ ਕਰਨ ਵਿਚ ਸਰਗਰਮ ਭੂਮਿਕਾ ਵੀ ਨਿਭਾਉਣਾ ਤੇ ਕੌਮਾਂਤਰੀ ਕਾਨੂੰਨਾਂ ਬਾਰੇ ਆਪਣੀ ਰਾਇ ਵੀ ਪੇਸ਼ ਕਰਨਾ ਹੈ |
ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ,
410,ਚੰਦਰ ਨਗਰ,ਬਟਾਲਾ
ਮੋ.97816-46008
Share this content:



Post Comment