2027 ‘ਚ ‘ਝਾੜੂ’ ਨੂੰ ਵੋਟ ਨਾ ਪਾਉਣਾ ਹੀ ਪਰਵਿੰਦਰ ਝੋਟਾ ਨੂੰ ਅਸਲ ਸ਼ਰਧਾਂਜਲੀ ਹੋਵੇਗੀ – ਭੀਮ ਸਿੰਘ
ਮਾਨਸਾ, 16 ਨਵੰਬਰ – ਪਰਵਿੰਦਰ ਸਿੰਘ ਝੋਟਾ ਦੀ ਅੱਜ ਅੰਤਿਮ ਅਰਦਾਸ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਦੀਵਾਨ ਹਾਲ ਵਿਖੇ ਹੋਈ। ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਇਨਸਾਫ਼ ਜਥੇਬੰਦੀਆਂ ਅਤੇ ਸ਼ਖਸੀਅਤਾਂ ਸ਼ਾਮਲ ਹੋਈਆਂ ਅਤੇ ਨਸ਼ਿਆਂ ਖਿਲਾਫ ਲੜਾਈ ਵਿਰੁੱਧ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਅਹਿਮ ਲਿਆ। ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਭਾਵੁਕ ਹੁੰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਨੂੰ 2027 ਵਿੱਚ ਵੋਟ ਨਾ ਪਾਉਣ।
ਉਨ੍ਹਾਂ ਕਿਹਾ ਕਿ ਜਦੋਂ ਝੋਟਾ ਨੂੰ 2023 ਵਿੱਚ ਪੁਲਿਸ ਨੇ ਨਸ਼ਿਆਂ ਖਿਲਾਫ਼ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੌਕੇ ਦੇ ਡੀਐਸਪੀ ਨੇ ਝੂਠੇ ਪਰਚੇ ਪਾ ਕੇ ਮਾਨਸਾ ਦੀ ਜੇਲ ਭੇਜਿਆ ਸੀ, ਤਾਂ ਉਥੇ ਨਵਾਂਸ਼ਹਿਰ ਤੋਂ ਵੀ ਇੱਕ ਨਸ਼ਿਆਂ ਖਿਲਾਫ਼ ਲੜਨ ਵਾਲਾ ਵਿਅਕਤੀ ਵੀ ਉਥੇ ਜੇਲ ਵਿੱਚ ਭੇਜਿਆ ਗਿਆ ਸੀ। ਉਪਰੰਤ ਉਹ 2 ਮਹੀਨੇ ਪਿੱਛੋਂ ਰਿਹਾਅ ਹੋ ਗਿਆ ਸੀ। ਜੇਲ ‘ਚ ਰਹਿਣ ਪਿੱਛੋਂ ਜਦੋਂ ਪਰਵਿੰਦਰ ਸਿੰਘ ਬਾਹਰ ਆਇਆ ਤਾਂ ਉਕਤ ਵਿਅਕਤੀ ਵੀ ਪਰਵਿੰਦਰ ਝੋਟਾ ਦੇ ਧਰਨੇ ਵਿੱਚ ਸ਼ਾਮਲ ਹੁੰਦਾ ਰਿਹਾ ਸੀ ਅਤੇ ਆਪਣੇ ਇਲਾਕੇ ਵਿੱਚ ਵੀ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ। ਪਰ ਨਸ਼ਾਂ ਤਸਕਰਾਂ ਨੇ ਇਸ ਦੀਆਂ ਲੱਤਾਂ ਤੋੜ ਦਿੱਤੀਆਂ। ਪਤਾ ਲੱਗਣ ‘ਤੇ ਪਰਵਿੰਦਰ ਸਿੰਘ, ਇਸ ਦਾ ਪਤਾ ਲੈਣ ਵੀ ਦੋ ਵਾਰ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਨਸ਼ਿਆਂ ਖਿਲਾਫ਼ ਵਾਅਦਾ ਕੀਤਾ ਸੀ, ਪਰ ਨਸ਼ਾ ਤਸਕਰ ਹੁਣ ਨਸ਼ਿਆਂ ਖਿਲਾਫ਼ ਲੜਨ ਵਾਲਿਆਂ ਦੀਆਂ ਲੱਤਾਂ-ਬਾਂਹਾਂ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤ ਵਿੱਚ ਵੀ ਨਸ਼ਾ ਤਸਕਰਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਅਜਿਹੇ ਕਈ ਮਾਮਲੇ ਹਨ, ਜਿਸ ਵਿੱਚ ਪੁਲਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਹੈ ਅਤੇ ਸਰਕਾਰ ਨੇ ਪੁਲਿਸ ਨਾਲ ਰਲ ਕੇ ਸ਼ਿਕਾਰ ਕੀਤਾ।
‘ਆਪ ਵਾਲੇ ਟੂੰ-ਟੂੰ ਹੀ ਨਹੀਂ, ਸਗੋਂ ਠਾਹ-ਠਾਹ ਵੀ ਕਰਵਾਉਂਦੇ ਹਨ’
ਭੀਮ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਰਵਿੰਦਰ ਸਿੰਘ ਝੋਟਾ ਨੂੰ ਅਸਲ ਸ਼ਰਧਾਂਜਲੀ ਦੇਣੀ ਹੈ ਤਾਂ 2027 ਵਿੱਚ ਚੋਣਾਂ ਦੌਰਾਨ ‘ਝਾੜੂ’ ਦਾ ਬਟਨ ਇਸ ਵਾਰ ਖਾਲੀ ਰਹਿ ਜਾਵੇ, ਇਸ ਨੂੰ ਵੋਟ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਬੀਬੀਆਂ-ਭੈਣਾਂ ਨੂੰ ਆਮ ਆਦਮੀ ਪਾਰਟੀ ਨੇ ਅਖੀਰਲੇ ਸਾਲ ਵਿੱਚ ਆ ਕੇ 1000-1000 ਰੁਪਏ ਪਾ ਦਿੱਤਾ, ਪਰ ਬੀਬੀਆਂ ਨੂੰ ਸਮਝਣਾ ਪੈਣਾ ਹੈ ਕਿ ਤੁਹਾਡੀ ਕੁੱਖ ਨੂੰ ਇਹ ਟੀਕਿਆਂ ਨਾਲ ਸੱਖਣਾ ਕਰ ਰਹੇ ਹਨ, ਤੁਹਾਨੂੰ ਟੂੰ-ਟੂੰ ਹੀ ਨਹੀਂ, ਸਗੋਂ ਬੱਚਿਆਂ ਨੂੰ ਠਾਹ-ਠਾਹ ਕਰਕੇ ਵੀ ਮਾਰ ਰਹੇ ਹਨ, ਇਹ ਝਾੜੂ ਵਾਲੇ।
Share this content:



Post Comment