Loading Now

1576.22 ਫੁੱਟ ਤੱਕ ਪੁੱਜਿਆ ਭਾਖੜਾ ਡੈਮ ‘ਚ ਪਾਣੀ ਦਾ ਪੱਧਰ

1576.22 ਫੁੱਟ ਤੱਕ ਪੁੱਜਿਆ ਭਾਖੜਾ ਡੈਮ ‘ਚ ਪਾਣੀ ਦਾ ਪੱਧਰ

ਨੰਗਲ, 13 ਜੂਨ – ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿੱਚ ਅੱਜ ਦੇ ਦਿਨ ਪਾਣੀ ਦਾ ਪੱਧਰ 1554.84 ਫੁੱਟ ਸੀ। ਡੈਮ ਵਿੱਚ ਔਸਤ ਪਾਣੀ ਦਾ ਪੱਧਰ 1546.18 ਫੁੱਟ ਹੋਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅੱਜ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਆਮ ਨਾਲੋਂ 19074 ਕਿਊਸਿਕ ਵਧ ਰਿਹਾ ਹੈ। ਇਸੇ ਦੌਰਾਨ ਅੱਜ ਭਾਖੜਾ ਤੋਂ 23150 ਕਿਊਸਿਕ ਪਾਣੀ ਛੱਡਿਆ ਗਿਆ, ਜੋ ਔਸਤ 26322 ਕਿਊਸਿਕ ਨਾਲੋਂ ਘੱਟ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ’ਚ 12350 ਕਿਊਸਿਕ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ’ਚ 10150 ਅਤੇ ਦਰਿਆ ਸਤਲੁਜ ’ਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ’ਚ ਪਾਣੀ ਦਾ ਪੱਧਰ ਵੱਧ ਤੋਂ ਵੱਧ 1680 ਫੁੱਟ ਰੱਖਿਆ ਜਾਂਦਾ ਹੈ ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 65 ਵਰਗ ਮੀਲ ਖੇਤਰ ’ਚ ਫੈਲੀ ਹੋਈ ਹੈ ਅਤੇ ਇਸ ’ਚ 78 ਲੱਖ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ।

20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਪੰਜਾਬ, ਹਰਿਆਣਾ, ਰਾਜਸਥਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਪਾਣੀ ਲੈ ਲੈਣ। ਅਜਿਹਾ ਕਰਨ ਨਾਲ ਨਾ ਸਿਰਫ ਖੇਤੀ ਲਈ ਪਾਣੀ ਮਿਲੇਗਾ, ਸਗੋਂ ਹੜ੍ਹ ਦਾ ਖਤਰਾ ਵੀ ਘੱਟ ਜਾਵੇਗਾ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਿਆਂ ਵੱਲੋਂ ਪਾਣੀ ਦੀ ਮੰਗ ਘੱਟ ਆਉਣ ਕਾਰਨ ਹੀ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਇਸੇ ਤਰ੍ਹਾਂ ਪੌਂਡ ਡੈਮ ਵਿੱਚ ਵੀ ਪਾਣੀ ਦਾ ਪੱਧਰ ਅੱਜ 1326.52 ਫੁੱਟ ਦਰਜ ਕੀਤਾ ਗਿਆ, ਜੋ ਔਸਤ 1305.93 ਨਾਲੋਂ ਤਕਰੀਬਨ 19 ਫੁੱਟ ਅਤੇ ਪਿਛਲੇ ਸਾਲ ਦੇ 1290.81 ਫੁੱਟ ਨਾਲੋਂ ਕਰੀਬ 36 ਫੁੱਟ ਵੱਧ ਹੈ।

ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਭਾਖੜਾ ਪ੍ਰਾਜੈਕਟ ਦਾ ਦੌਰਾ

ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨ ਕਮੇਟੀ ਦੀ ਮੀਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਗੈਸਟ ਹਾਊਸ, ਸਤਲੁਜ ਸਦਨ ਨੰਗਲ ਵਿੱਚ ਹੋਈ। ਮੀਟਿੰਗ ਦੀ ਅਗਵਾਈ ਕਮੇਟੀ ਦੇ ਮੈਂਬਰ ਵਿਧਾਇਕ ਦੇਵੇਂਦਰ ਸਿੰਘ ਲਾਡੀ ਢੋਸ ਨੇ ਕੀਤੀ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅਮਿਤ ਰਤਨ ਕੋਟਫੱਤਾ, ਵਿਧਾਇਕ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਭਾਗ ਲਿਆ। ਮੀਟਿੰਗ ਉਪਰੰਤ ਕਮੇਟੀ ਦੇ ਮੈਂਬਰਾਂ ਨੇ ਭਾਖੜਾ ਪ੍ਰਾਜੈਕਟ ਦਾ ਦੌਰਾ ਕਰਦਿਆਂ ਪ੍ਰਾਜੈਕਟ ਦੇ ਸੰਚਾਲਨ, ਰੱਖ-ਰਖਾਅ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਭਾਖੜਾ ਡੈਮ ਸਥਿਤ ਨਹਿਰੂ ਸੈਂਟਰ ਵਿਖੇ ਲੋਕ ਸੰਪਰਕ ਅਧਿਕਾਰੀ ਸਤਨਾਮ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਪ੍ਰਾਜੈਕਟ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਮੁੱਖ ਇੰਜਨੀਅਰ ਸੀ ਪੀ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਕਈ ਖੇਤਰਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

Share this content:

Post Comment