Loading Now

10ਵੀਂ ਦੇ ਵਿਦਿਆਰਥੀਆਂ ਲਈ ਡਿਜ਼ੀਟਲ ਜਨਮ ਸਰਟੀਫਿਕੇਟ ਕੀਤਾ ਲਾਜ਼ਮੀ

10ਵੀਂ ਦੇ ਵਿਦਿਆਰਥੀਆਂ ਲਈ ਡਿਜ਼ੀਟਲ ਜਨਮ ਸਰਟੀਫਿਕੇਟ ਕੀਤਾ ਲਾਜ਼ਮੀ

ਚੰਡੀਗੜ੍ਹ, 23 ਨਵੰਬਰ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਇੱਕ ਨਵੇਂ ਹੁਕਮ ਨੇ 10ਵੀਂ ਜਮਾਤ ਦੇ ਵਿਦਿਆਰਥੀਆਂ, ਮਾਪਿਆਂ ਤੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀ ਚਿੰਤਾ ਵਧਾ ਦਿੱਤੀ ਹੈ। ਬੋਰਡ ਨੇ ਸੈਸ਼ਨ 2026-27 ਲਈ 10ਵੀਂ ਜਮਾਤ ਦੀ ਪ੍ਰੀਖਿਆ ਤੇ ਦਾਖ਼ਲੇ ਨਾਲ ਸਬੰਧਤ ਪ੍ਰਕਿਰਿਆ ‘ਚ ਰਜਿਸਟਰਾਰ ਜਨਮ ਤੇ ਮੌਤ ਵੱਲੋਂ ਜਾਰੀ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਕੂਲਾਂ ਨੂੰ 30 ਨਵੰਬਰ ਤੱਕ ਸਾਰੇ ਸਬੰਧਤ ਵਿਦਿਆਰਥੀਆਂ ਦੇ ਡਿਜੀਟਲ ਜਨਮ ਸਰਟੀਫਿਕੇਟ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰਨੇ ਹੋਣਗੇ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਤੈਅ ਸਮੇਂ ਅੰਦਰ ਸਰਟੀਫਿਕੇਟ ਅਪਲੋਡ ਨਹੀਂ ਕੀਤਾ ਗਿਆ ਤਾਂ ਵਿਦਿਆਰਥੀਆਂ ਦੀ 10ਵੀਂ ਜਮਾਤ ਦੀ ਫਾਈਨਲ ਮਾਰਕਸ਼ੀਟ ਤੇ ਸਰਟੀਫਿਕੇਟ ‘ਤੇ ਜਨਮ ਮਿਤੀ ਦਰਜ ਨਹੀਂ ਕੀਤੀ ਜਾਵੇਗੀ। ਇਹ ਨਿਯਮ ਸਿਰਫ਼ ਪੰਜਾਬ ‘ਚ ਜਨਮੇ ਵਿਦਿਆਰਥੀਆਂ ‘ਤੇ ਲਾਗੂ ਕੀਤਾ ਗਿਆ ਹੈ, ਜਦਕਿ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ। ਬੋਰਡ ਦੇ ਇਸ ਫੈਸਲੇ ਨੂੰ ਲੈ ਕੇ ਹੁਣ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਵੱਖ-ਵੱਖ ਸਕੂਲ ਪ੍ਰਬੰਧਕਾਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਹੈ।

ਸਕੂਲ ਪ੍ਰਬੰਧਕਾਂ ਨੇ ਬੋਰਡ ਦੇ ਫੈਸਲੇ ‘ਤੇ ਚੁੱਕੇ ਸਵਾਲ

ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਬੋਰਡ ਪਹਿਲਾਂ ਹੀ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਮਾਰਕਸ਼ੀਟਾਂ ‘ਤੇ ਵਿਦਿਆਰਥੀਆਂ ਦੀ ਜਨਮ ਮਿਤੀ ਦਰਜ ਕਰ ਚੁੱਕਾ ਹੈ ਤਾਂ ਹੁਣ ਦਸਵੀਂ ਜਮਾਤ ‘ਚ ਨਵੀਂ ਸ਼ਰਤ ਲਾਗੂ ਕਰਨ ਦੀ ਕੀ ਲੋੜ ਹੈ? ਉਨ੍ਹਾਂ ਮੁਤਾਬਕ ਬੋਰਡ ਕੋਲ ਬੱਚਿਆਂ ਦੀ ਜਨਮ ਮਿਤੀ ਦਾ ਰਿਕਾਰਡ ਪਹਿਲਾਂ ਤੋਂ ਮੌਜੂਦ ਹੈ, ਇਸ ਲਈ ਮੁੜ ਡਿਜੀਟਲ ਸਰਟੀਫਿਕੇਟ ਮੰਗਣਾ ਬੇਵਜ੍ਹਾ ਪਰੇਸ਼ਾਨੀ ਪੈਦਾ ਕਰ ਸਕਦਾ ਹੈ।

ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਛੋਟ ਦੇਣ ‘ਤੇ ਇਤਰਾਜ਼

ਸਕੂਲ ਜਥੇਬੰਦੀਆਂ ਨੇ ਇਸ ਨਿਯਮ ‘ਚ ਕੀਤੇ ਗਏ ਫਰਕ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ‘ਚ ਜਨਮੇ ਬੱਚਿਆਂ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਹੈ ਤਾਂ ਦੂਜੇ ਸੂਬਿਆਂ ਤੋਂ ਆ ਕੇ ਪੜ੍ਹ ਰਹੇ ਵਿਦਿਆਰਥੀਆਂ ਲਈ ਇਹ ਸ਼ਰਤ ਕਿਉਂ ਨਹੀਂ ਰੱਖੀ ਗਈ?

ਸਕੂਲ ਪ੍ਰਬੰਧਕਾਂ ਮੁਤਾਬਕ ਬੋਰਡ ਦੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਡਿਜੀਟਲ ਜਨਮ ਸਰਟੀਫਿਕੇਟ ਨਹੀਂ ਹੋਵੇਗਾ, ਉਨ੍ਹਾਂ ਦੀ ਜਨਮ ਮਿਤੀ ਸਰਟੀਫਿਕੇਟ ‘ਤੇ ਦਰਜ ਨਹੀਂ ਕੀਤੀ ਜਾਵੇਗੀ। ਅਜਿਹੇ ‘ਚ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਦੇ ਸਰਟੀਫਿਕੇਟਾਂ ‘ਤੇ ਜਨਮ ਮਿਤੀ ਕਿਸ ਆਧਾਰ ‘ਤੇ ਦਰਜ ਕੀਤੀ ਜਾਵੇਗੀ?

ਸਕੂਲ ਜਥੇਬੰਦੀਆਂ ਨੇ ਫਰਮਾਨ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

ਸਕੂਲ ਪ੍ਰਬੰਧਕਾਂ ਨੇ ਬੋਰਡ ਦੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦਸਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਮਾਰਕਸ਼ੀਟਾਂ ‘ਤੇ ਬੋਰਡ ਵੱਲੋਂ ਖੁਦ ਜਨਮ ਮਿਤੀ ਦਰਜ ਕੀਤੀ ਗਈ ਹੈ। ਹੁਣ ਉਸੇ ਰਿਕਾਰਡ ਨੂੰ ਨਜ਼ਰਅੰਦਾਜ਼ ਕਰਕੇ ਨਵੀਂ ਸ਼ਰਤ ਲਗਾਉਣਾ ਵਿਦਿਆਰਥੀਆਂ ਤੇ ਸਕੂਲਾਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਸਕੂਲ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਦਸਵੀਂ ਜਮਾਤ ਦੇ ਫਾਰਮ ਭਰਦੇ ਸਮੇਂ ਵਿਦਿਆਰਥੀਆਂ ਦੇ ਜਨਮ ਸਰਟੀਫਿਕੇਟ ਪਹਿਲਾਂ ਹੀ ਨੱਥੀ ਕੀਤੇ ਜਾ ਚੁੱਕੇ ਹਨ। ਇਸ ਲਈ ਸਿਰਫ਼ ਡਿਜੀਟਲ ਸਰਟੀਫਿਕੇਟ ਦੀ ਮੰਗ ਕਰਨਾ ਵਾਜਬ ਨਹੀਂ ਹੈ।

Share this content:

Post Comment