Loading Now

ਹਮਿਲਟਨ ਤੋਂ ਕਮਿਊਨਿਟੀ ਸ਼ੋਕ ਸਮਾਚਾਰ; ਸਾਹਿਤ ਦੇ ਦੀਵੇ ਪ੍ਰਿੰਸੀਪਲ ਡਾ:  ਰੁਲੀਆ ਸਿੰਘ ਸਿੱਧੂ ਆਪਣੀ ਜ਼ਿੰਦਗੀ ਦੀ ਲੋਅ ਸਮੇਟ ਕੇ ਅਲੋਪ ਹੋ ਗਏ

ਹਮਿਲਟਨ ਤੋਂ ਕਮਿਊਨਿਟੀ ਸ਼ੋਕ ਸਮਾਚਾਰ; ਸਾਹਿਤ ਦੇ ਦੀਵੇ ਪ੍ਰਿੰਸੀਪਲ ਡਾ:  ਰੁਲੀਆ ਸਿੰਘ ਸਿੱਧੂ ਆਪਣੀ ਜ਼ਿੰਦਗੀ ਦੀ ਲੋਅ ਸਮੇਟ ਕੇ ਅਲੋਪ ਹੋ ਗਏ

-ਸ. ਨਵਜੋਤ ਸਿੰਘ ਸਿੱਧੂ ਫਨਟੇਰਾ ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਸਨ
ਔਕਲੈਂਡ, 08 ਜੂਨ, 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ, ਖਾਸ ਕਰ ਪੰਜਾਬੀ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਸਖਸ਼ੀਅਤਾਂ ਲਈ ਬੜੀ ਸ਼ੋਕਮਈ ਖਬਰ ਹੈ ਕਿ ਸਾਹਿਤ ਦੇ ਦੀਵੇ ਸਾਬਕਾ ਪਿ੍ਰੰਸੀਪਲ ਡਾ. ਸ. ਰੁਲੀਆ ਸਿੰਘ ਸਿੱਧੂ (79) ਸਾਬਕਾ ਪਿ੍ਰੰਸੀਪਲ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ, ਬੀਤੀ ਰਾਤ ਆਪਣੀ ਜ਼ਿੰਦਗੀ ਦੀ ਲੋਅ ਸਮੇਟ ਕੇ ਸਦਾ ਲਈ ਅਲੋਪ ਹੋ ਗਏ।

ਉਹ ਲਗਪਗ 22 ਸਾਲ ਤੋਂ ਹਮਿਲਟਨ ਵਿਖੇ ਆਪਣੇ ਪਰਿਵਾਰ ਕੋਲ ਆਉਂਦੇ ਜਾਂਦੇ ਰਹੇ ਹਨ। ਉਨ੍ਹਾਂ ਨੇ ਸਕੂਲੀ ਪੜ੍ਹਾਈ ਆਪਣੇ ਪਿੰਡ ਪੰਜ ਗਰਾਈਂ ਜ਼ਿਲ੍ਹਾ ਫਰੀਦਕੌਟ ਤੋਂ, ਜੀ.ਟੀ.ਬੀ. ਗੜ੍ਹ ਕਾਲਜ, ਪਿੰਡ ਰੋਡੇ ਤੋਂ ਗ੍ਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚ ਪੜ੍ਹਾਈ ਐਮ. ਏ. ਪੰਜਾਬੀ ਅਤੇ ਐਮ. ਲਿੱਟ ਵੀ ਕੀਤੀ। ਉਹ ਪਹਿਲਾਂ ਪਹਿਲ ਰੋਡੇ ਕਾਲਜ ਵਿਖੇ ਲੈਕਚਰਾਰ ਲੱਗੇ, ਫਿਰ  ਉਹ 21 ਸਾਲ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬੀ ਦੇ ਲੈਕਚਰਾਰ ਰਹੇ। ਸਤੰਬਰ 2004 ਰਿਟਾਇਰ ਹੋਣ ਵੇਲੇ ਉਹ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਬਤੌਰ ਪਿ੍ਰੰਸੀਪਲ ਰਹੇ। ਉਨ੍ਹਾਂ ਨੇ ਨਾਵਲ ‘ਘੁੰਮਣ ਘੇਰੀ’ ਅਤੇ ‘ਮੱਸਿਆ’ ਵੀ ਲਿਖਿਆ।

ਉਨ੍ਹਾਂ ਨੇ ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਦੇ ਸਾਹਿਤ ਉਤੇ ਪੀ. ਐਚ. ਡੀ. ਕੀਤੀ ਅਤੇ 1976 ਦੇ ਵਿਚ ਪਾਕਿਸਤਾਨ ਬਾਬੂ ਰਜਬ ਅਲੀ ਹੋਰਾਂ ਨੂੰ ਮਿਲਣ ਵੀ ਗਏ। ਕੁਝ ਸਾਲ ਪਹਿਲਾਂ ਬਾਕੀ ਪਰਿਵਾਰ ਵੀ ਜਾ ਕੇ ਬਾਬੂ ਰਜਬ ਅਲੀ ਦੀ ਅਗਲੀ ਪੀੜ੍ਹੀ ਨੂੰ ਮਿਲਿਆ। ਬਾਬੂ ਰਜਬ ਅਲੀ ਦਾ ਪਰਿਵਾਰ ਵੀ ਕੋਟਕਪੂਰੇ 1978 ਦੇ ਵਿਚ ਆਏ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਸ੍ਰੀਮਤੀ ਗੁਰਮੀਤ ਕੌਰ ਅਤੇ ਪੁੱਤਰ ਸ. ਨਵਜੋਤ ਸਿੰਘ ਸਿੱਧੂ ਹਮਿਲਟਨ (ਫਨਟੇਰਾ ਮਿਲਕ)-ਸ੍ਰੀਮਤੀ ਮਨਿੰਦਰ ਕੌਰ ਸਿੱਧੂ ਬੈਰਿਸਟਰ (ਨੂੰਹ) ਅਤੇ ਬਾਕੀ ਪਰਿਵਾਰ ਛੱਡ ਗਏ ਹਨ। ਜਿਆਦਾ ਜਾਣਕਾਰੀ ਲਈ ਸ. ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਫੋਨ ਨੰਬਰ  021 720 373 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਬਾਕੀ ਜਾਣਕਾਰੀ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ।

ਸਾਹਿਤਕ ਸਫ਼ਰ

ਡਾ. ਰੁਲੀਆ ਸਿੰਘ ਸਿੱਧੂ

ਡਾ. ਰੁਲੀਆ ਸਿੰਘ ਸਿੱਧੂ ਪੰਜਾਬੀ ਦੇ ਇੱਕ ਉੱਘੇ ਵਿਦਵਾਨ, ਖੋਜਾਰਥੀ ਅਤੇ ਪ੍ਰੋਫੈਸਰ ਸਨ, ਜਿਨ੍ਹਾਂ ਨੇ ਬਾਬੂ ਰਜਬ ਅਲੀ ਦੀ ਕਵੀਸ਼ਰੀ ਅਤੇ ਲਿਖਤਾਂ ਨੂੰ ਪਿੰਡਾਂ ਦੇ ਅਖਾੜਿਆਂ ਵਿੱਚੋਂ ਕੱਢ ਕੇ ਯੂਨੀਵਰਸਿਟੀਆਂ ਦੇ ਅਕਾਦਮਿਕ ਪੱਧਰ ਤੱਕ ਪਹੁੰਚਾਉਣ ਵਿੱਚ ਇਤਿਹਾਸਕ ਯੋਗਦਾਨ ਪਾਇਆ।

ਅਕਾਦਮਿਕ ਖੋਜ: ਡਾ. ਸਿੱਧੂ ਨੇ ਬਾਬੂ ਰਜਬ ਅਲੀ ਦੇ ਜੀਵਨ, ਉਨ੍ਹਾਂ ਦੇ ਛੰਦ-ਵਿਧਾਨ, ਮਲਵਈ ਭਾਸ਼ਾ ਦੇ ਪ੍ਰਭਾਵ ਅਤੇ ਕਵੀਸ਼ਰੀ ਕਲਾ ’ਤੇ ਡੂੰਘੀ ਖੋਜ ਕੀਤੀ ਅਤੇ ਪੀ.ਐੱਚ.ਡੀ. (Ph.4.) ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀ ਇਸ ਖੋਜ ਨੇ ਬਾਬੂ ਜੀ ਦੀ ਸ਼ਾਇਰੀ ਨੂੰ ਸਾਹਿਤਕ ਜਗਤ ਵਿੱਚ ਇੱਕ ਸਨਮਾਨਜਨਕ ਸਥਾਨ ਦਿਵਾਇਆ।

ਕਵੀਸ਼ਰੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਿਜਾਣਾ: ਉਨ੍ਹਾਂ ਨੇ ਸਿਰਫ਼ ਕਿਤਾਬੀ ਖੋਜ ਹੀ ਨਹੀਂ ਕੀਤੀ, ਸਗੋਂ ਇਸ ਮੌਖਿਕ ਕਲਾ ਨੂੰ ਜਿਉਂਦਾ ਰੱਖਣ ਲਈ ਵੱਡੇ ਉਪਰਾਲੇ ਕੀਤੇ। 1980ਵਿਆਂ ਦੇ ਦੌਰਾਨ, ਉਨ੍ਹਾਂ ਨੇ ਬਾਬੂ ਰਜਬ ਅਲੀ ਦੇ ਸ਼ਾਗਿਰਦਾਂ (ਜਿਵੇਂ ਕਵੀਸ਼ਰ ਬਸੰਤ ਸਿੰਘ ਸਾਹੋਕੇ) ਨੂੰ ਕੈਨੇਡਾ ਵਰਗੇ ਮੁਲਕਾਂ ਦੇ ਦੌਰੇ ਕਰਵਾਏ, ਤਾਂ ਜੋ ਵਿਦੇਸ਼ਾਂ ਵਿੱਚ ਬੈਠੀ ਪੀੜ੍ਹੀ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਰਵਾਇਤੀ ਪੰਜਾਬੀ ਗਾਇਨ ਸ਼ੈਲੀ ਤੋਂ ਜਾਣੂ ਹੋ ਸਕਣ। ਉਹ 1976 ਵਿਚ ਪਾਕਿਸਤਾਨ ਗਏ ਅਤੇ ਆਪਸੀ ਸਾਂਝ ਜੇਕਰ ਬਾਬੂ ਰਜਬ ਅਲੀ ਨੇ ਕਵੀਸ਼ਰੀ ਦੇ ਅਣਮੁੱਲੇ ਖ਼ਜ਼ਾਨੇ ਦੀ ਸਿਰਜਣਾ ਨਾ ਕੀਤੀ ਹੁੰਦੀ, ਤਾਂ ਪੰਜਾਬੀ ਸੱਭਿਆਚਾਰ ਇੱਕ ਬਹੁਤ ਹੀ ਅਮੀਰ ਵਿਰਸੇ ਤੋਂ ਵਾਂਝਾ ਰਹਿ ਜਾਂਦਾ। ਦੂਜੇ ਪਾਸੇ, ਜੇਕਰ ਡਾ. ਰੁਲਿਆ ਸਿੰਘ ਸਿੱਧੂ ਵਰਗੇ ਵਿਦਵਾਨ ਉਸ ਖ਼ਜ਼ਾਨੇ ਨੂੰ ਸੰਭਾਲਦੇ ਅਤੇ ਉਸ ’ਤੇ ਖੋਜ ਨਾ ਕਰਦੇ, ਤਾਂ ਸ਼ਾਇਦ ਇਹ ਅਨਮੋਲ ਪੇਂਡੂ ਕਲਾ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਜਾਂਦੀ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਸਦਕਾ ਅੱਜ ਪੰਜਾਬੀ ਕਵੀਸ਼ਰੀ ਨੂੰ ਦੁਨੀਆ ਭਰ ਵਿੱਚ ਮਾਣ-ਸਤਿਕਾਰ ਨਾਲ ਪੜ੍ਹਿਆ ਅਤੇ ਸੁਣਿਆ ਜਾਂਦਾ ਹੈ।

ਬਾਬੂ ਰਜਬ ਅਲੀ

ਬਾਬੂ ਰਜਬ ਅਲੀ (1894–1979) ਨੂੰ ਪੰਜਾਬੀ ਸਾਹਿਤ ਵਿੱਚ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਹ ਪੰਜਾਬ ਦੇ ਸਭ ਤੋਂ ਮਕਬੂਲ ਅਤੇ ਪ੍ਰਭਾਵਸ਼ਾਲੀ ਕਵੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਪੰਜਾਬੀ ਦੀ ਪ੍ਰੰਪਰਾਗਤ ਗਾਇਨ ਸ਼ੈਲੀ ’ਕਵੀਸ਼ਰੀ’ ਨੂੰ ਅਰਸ਼ਾਂ ’ਤੇ ਪਹੁੰਚਾਇਆ।

ਜਨਮ ਅਤੇ ਪਿਛੋਕੜ: ਉਨ੍ਹਾਂ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਸਾਹੋਕੇ ਵਿਖੇ ਇੱਕ ਮੁਸਲਮਾਨ ਰਾਜਪੂਤ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਗੁਜਰਾਤ (ਹੁਣ ਪਾਕਿਸਤਾਨ) ਤੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਨਹਿਰੀ ਮਹਿਕਮੇ ਵਿੱਚ ਓਵਰਸੀਅਰ (ਬਾਬੂ) ਵਜੋਂ ਨੌਕਰੀ ਕੀਤੀ, ਜਿਸ ਕਰਕੇ ਉਨ੍ਹਾਂ ਦੇ ਨਾਂ ਨਾਲ ‘ਬਾਬੂ’ ਲਫ਼ਜ਼ ਹਮੇਸ਼ਾ ਲਈ ਜੁੜ ਗਿਆ।

ਲਿਖਤਾਂ ਦੀ ਵਿਸ਼ੇਸ਼ਤਾ: ਬਾਬੂ ਜੀ ਨੇ ਆਪਣੀ ਸ਼ਾਇਰੀ ਲਈ ਮਲਵਈ ਉਪਭਾਸ਼ਾ ਦੀ ਵਰਤੋਂ ਕੀਤੀ। ਉਹ ਇੱਕ ਬਹੁਤ ਹੀ ਧਰਮ-ਨਿਰਪੱਖ ਅਤੇ ਖੁੱਲ੍ਹੇ ਦਿਲ ਵਾਲੇ ਸੂਫ਼ੀ ਮਨ ਦੇ ਮਾਲਕ ਸਨ। ਉਨ੍ਹਾਂ ਨੇ ਮੁਸਲਮਾਨ ਹੁੰਦਿਆਂ ਵੀ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀ ਮਹਿਮਾ (ਜਿਵੇਂ ਦਸਮੇਸ਼ ਮਹਿਮਾ), ਹਿੰਦੂ ਮਿਥਿਹਾਸ (ਜਿਵੇਂ ਰਾਮਾਇਣ), ਅਤੇ ਪੰਜਾਬ ਦੇ ਪ੍ਰਸਿੱਧ ਕਿੱਸੇ (ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ) ਬਹੁਤ ਹੀ ਬਾਰੀਕੀ ਅਤੇ ਸ਼ਰਧਾ ਨਾਲ ਲਿਖੇ। ਉਨ੍ਹਾਂ ਦੇ ਲਿਖੇ ’ਛੰਦ’ ਅਤੇ ’ਬਹੱਤਰ ਕਲਾ ਛੰਦ’ ਪੰਜਾਬੀ ਸਾਹਿਤ ਦਾ ਅਣਮੁੱਲਾ ਸਰਮਾਇਆ ਹਨ।

ਦੇਸ਼ ਦੀ ਵੰਡ ਦਾ ਦਰਦ: 1947 ਦੀ ਵੰਡ ਵੇਲੇ ਉਨ੍ਹਾਂ ਨੂੰ ਬੇਵਤਨ ਹੋ ਕੇ ਪਾਕਿਸਤਾਨ (ਓਕਾੜਾ) ਜਾਣਾ ਪਿਆ। ਭਾਵੇਂ ਉਹ ਸਰੀਰਕ ਤੌਰ ’ਤੇ ਉੱਥੇ ਚਲੇ ਗਏ, ਪਰ ਉਨ੍ਹਾਂ ਦੀ ਰੂਹ ਹਮੇਸ਼ਾ ਮਾਲਵੇ ਦੀ ਧਰਤੀ ਵਿੱਚ ਹੀ ਰਹੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਚੜ੍ਹਦੇ ਪੰਜਾਬ ਅਤੇ ਆਪਣੀ ਮਾਂ-ਬੋਲੀ ਦੀ ਵਿਛੋੜੇ ਦੇ ਦਰਦ ਨੂੰ ਬਹੁਤ ਹੀ ਕਰੁਣਾਮਈ ਸ਼ਬਦਾਂ ਵਿੱਚ ਲਿਖਿਆ।

Share this content:

Previous post

ਪੰਜਾਬ ਦੇ ਨੌਜਵਾਨਾਂ ਨੂੰ ਕੁਆਲਟੀ ਤਕਨੀਕੀ ਅਤੇ ਫਾਰਮਾਸਿਊਟੀਕਲ ਸਿੱਖਿਆ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਯੂਨੀਵਰਸਿਟੀਆਂ ਨੂੰ ਬਣਾ ਰਹੀ ਹੈ ਭਵਿੱਖਮੁਖੀ: ਹਰਜੋਤ ਸਿੰਘ ਬੈਂਸ

Next post

ਕਵਿਤਾ/ਉਮੀਦਾਂ ਦੀ ਮਸ਼ਾਲ/ਅਮਰਜੀਤ ਦਸੂਹਾ

Post Comment