Loading Now

ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਦਫ਼ਤਰ ਘੇਰਿਆ

ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਦਫ਼ਤਰ ਘੇਰਿਆ

ਐਸ.ਏ.ਐਸ ਨਗਰ, 29 ਅਕਤੂਬਰ – ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਦੇ ਦਫ਼ਤਰ ਦਾ ਘਿਰਾਓ ਕਰ ਕੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਈ ਟੀ ਟੀ ਅਤੇ ਓ ਸੀ ਟੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਕੀਤੀਆਂ ਤਰੱਕੀਆਂ ’ਚ ਬੇਨਿਯਮੀਆਂ ਅਤੇ ਇਸ ਪ੍ਰਕਿਰਿਆ ਦੌਰਾਨ ਅਪਣਾਈ ਗਈ ਕਥਿਤ ਪੱਖਪਾਤੀ ਪਹੁੰਚ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਤਰੱਕੀਆਂ ਨੂੰ ਉਡੀਕ ਰਹੇ ਹਜ਼ਾਰਾਂ ਅਧਿਆਪਕਾਂ ਨੂੰ ਨਿਰਾਸ਼ਾ ਝੱਲਣੀ ਪੈ ਰਹੀ ਹੈ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੈ ਪਾਲ ਸ਼ਰਮਾ, ਵਿਕਰਮਦੇਵ ਸਿੰਘ, ਸੁਖਵਿੰਦਰ ਚਾਹਲ, ਸੁਰਿੰਦਰ ਕੰਬੋਜ, ਬਿਕਰਮਜੀਤ ਕੱਦੋਂ, ਲਛਮਣ ਸਿੰਘ ਨਬੀਪੁਰ, ਟਹਿਲ ਸਿੰਘ ਸਰਾਭਾ, ਵਰਿੰਦਰਜੀਤ ਸਿੰਘ ਬਜਾਜ, ਹਰਜੀਤ ਸਿੰਘ ਅਤੇ ਸਤਵੀਰ ਸਿੰਘ ਰੌਣੀ ਤੇ ਓਂਕਾਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੇ ਸੇਵਾ ਅਧਿਕਾਰਾਂ, ਸੀਨੀਆਰਤਾ ਅਤੇ ਜਾਇਜ਼ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਆਗੂਆਂ ਨੇ ਮਾਸਟਰ ਕਾਡਰ ਦੇ 253 ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਹੁਕਮਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਵਿੰਦਰ ਸਸਕੌਰ, ਰੇਸ਼ਮ ਖੇਮੂਆਣਾ, ਕ੍ਰਿਸ਼ਨ ਸਿੰਘ ਦੁੱਗਾਂ, ਗੁਰਜੀਤ ਸਿੰਘ ਮਾਛੀਕੇ, ਕਰਮਜੀਤ ਜਲਾਲ ਨੇ ਵੀ ਸੰਬੋਧਨ ਕੀਤਾ।

Share this content:

Post Comment