ਸਾਵਧਾਨ! ਕੈਨੇਡਾ ਦੇ ਹਵਾਈ ਅੱਡੇ ਤੇ ਨਸ਼ਾ ਤਸਕਰ ਬੇਗੁਨਾਹ ਮੁਸਾਫ਼ਰਾਂ ਦੇ ਬਦਲ ਰਹੇ ਬੈਗ
ਵਿਨੀਪੈਗ, 21 ਮਈ – ਕੈਨੇਡਾ ਦੇ ਵੱਡੇ ਹਵਾਈ ਅੱਡਿਆਂ, ਖ਼ਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ, ਇੱਕ ਬੇਹੱਦ ਖ਼ਤਰਨਾਕ ਅਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਹੋਇਆ ਹੈ। ਮੀਡੀਆ ਦੀ ਜਾਂਚ ਇਕਾਈ W-5 ਦੀ ਰਿਪੋਰਟ ਮੁਤਾਬਕ, ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ, ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੇ ਸੂਟਕੇਸਾਂ ’ਤੇ ਲਗਾ ਦਿੰਦੇ ਸਨ। ਇਹ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਿਲਾਂ ਵੱਲ ਭੇਜੇ ਜਾਂਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਟੋਰਾਂਟੋ ਏਅਰਪੋਰਟ ’ਤੇ ਕਰੀਬ 3,000 ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇਹ ਗੋਰਖਧੰਦਾ ਬੇਖ਼ੌਫ਼ ਚੱਲ ਰਿਹਾ ਸੀ, ਜਿਸ ਨੇ ਕੈਨੇਡੀਅਨ ਹਵਾਈ ਅੱਡਿਆਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਬੇਗੁਨਾਹ ਯਾਤਰੀਆਂ ਨੂੰ ਫਸਾਉਣ ਦਾ ਖਾਸ ਤਰੀਕਾ
ਇਸ ਗਿਰੋਹ ਦੇ ਕੰਮ ਕਰਨ ਦਾ ਤਰੀਕਾ (Modus Operandi) ਬਹੁਤ ਹੀ ਸ਼ਾਤਿਰਾਨਾ ਸੀ। ਹਵਾਈ ਅੱਡੇ ’ਤੇ ਤਾਇਨਾਤ ਇੱਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਂਪ ਵਰਕਰ ਕਿਸੇ ਸਧਾਰਨ ਯਾਤਰੀ ਦੇ ਚੈੱਕ-ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਵਾਲਾ ਟੈਗ ਉਤਾਰ ਲੈਂਦਾ ਸੀ ਅਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ’ਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ, ਤਾਂ ਉੱਥੇ ਮੌਜੂਦ ਗਿਰੋਹ ਦੇ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ, ਤਾਂ ਟੈਗ ’ਤੇ ਦਰਜ ਨਾਮ ਕਾਰਨ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲੀਸ (RCMP) ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਛੇ ਬੈਗੇਜ ਅਤੇ ਰੈਂਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀਆਂ ਦਾ ਖ਼ਦਸ਼ਾ ਹੈ ਕਿ ਇਹ ਰੈਕਟ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ।
ਇਸ ਘਿਨਾਉਣੇ ਰੈਕਟ ਕਾਰਨ ਬੀਤੇ ਇੱਕ ਸਾਲ ਵਿੱਚ ਘੱਟੋ-ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਵਿੱਚ ਫਸ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਟੋਰਾਂਟੋ ਦੀ 35 ਸਾਲਾ ਪੈਰਾਮੈਡੀਕਲ ਮਹਿਲਾ ਨਿਕੋਲ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਦੇ ਨਾਮ ਵਾਲੇ ਦੋ ਸੂਟਕੇਸਾਂ ਵਿੱਚੋਂ 20 ਕਿੱਲੋਗਰਾਮ ਮੈਥਾਮਫੇਟਾਮੀਨ ਬਰਾਮਦ ਹੋਈ ਸੀ। ਖ਼ੁਸ਼ਕਿਸਮਤੀ ਨਾਲ, 7 ਘੰਟੇ ਦੀ ਹਿਰਾਸਤ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਅਤੇ ਉਸ ਦੇ ਅਸਲੀ ਬੈਗ ਬਾਅਦ ਵਿੱਚ ‘ਰਸ਼ ਟੈਗ’ (ਦੇਰੀ ਨਾਲ ਪਹੁੰਚਣ ਵਾਲੇ ਟੈਗ) ਨਾਲ ਉੱਥੇ ਪਹੁੰਚੇ। ਇੱਕ ਹੋਰ ਮਾਮਲੇ ਵਿੱਚ, ਓਨਟਾਰੀਓ ਦੇ ਇੱਕ ਜੋੜੇ ਸਹਿਤ ਤਿੰਨ ਯਾਤਰੀਆਂ ਨੂੰ ਡੋਮੀਨਿਕਨ ਰਿਪਬਲਿਕ ਵਿੱਚ ਕਈ ਮਹੀਨੇ ਹਿਰਾਸਤ ਵਿੱਚ ਕੱਟਣੇ ਪਏ, ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜੁਆਨਾ ਵਾਲੇ ਸੂਟਕੇਸਾਂ ‘ਤੇ ਲੱਗੇ ਹੋਏ ਸਨ।
ਅੰਤਰਰਾਸ਼ਟਰੀ ਖ਼ਤਰਾ: ਬੇਗੁਨਾਹ ਨੂੰ ਹੋ ਸਕਦੀ ਮੌਤ ਦੀ ਸਜ਼ਾ
ਇਸ ਸਕੈਮ ਦੀ ਮਾਰ ਹੇਠ ਆਏ ਯਾਤਰੀਆਂ ਦੇ ਤਾਰ ਫਰਾਂਸ, ਜਰਮਨੀ, ਮੋਰੋਕੋ, ਬਰਮੂਡਾ, ਫਿਲੀਪਾਈਨਜ਼ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨਾਲ ਜੁੜੇ ਹੋਏ ਹਨ। ਇਹ ਮਾਮਲਾ ਇਸ ਲਈ ਹੋਰ ਵੀ ਗੰਭੀਰ ਅਤੇ ਡਰਾਉਣਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਕਈ ਅਜਿਹੇ ਦੇਸ਼ ਹਨ ਜਿੱਥੇ ਨਸ਼ਾ ਤਸਕਰੀ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਹਨ ਅਤੇ ਦੋਸ਼ੀ ਪਾਏ ਜਾਣ ‘ਤੇ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਹਾਲਾਂਕਿ ਹਵਾਈ ਅੱਡਾ ਅਥਾਰਿਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਅਤੇ ਪਹੁੰਚ ਨਿਯੰਤਰਨ ਦੀ ਲਗਾਤਾਰ ਸਮੀਖਿਆ ਕਰ ਰਹੇ ਹਨ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫ਼ਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Share this content:



Post Comment