ਸਰਬ ਨੌਜਵਾਨ ਸਭਾ ਨੇ ਸਿਵਲ ਹਸਪਤਾਲ ‘ਚ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

*ਐੱਸ.ਡੀ.ਐੱਮ. ਰਣਦੀਪ ਸਿੰਘ ਨੇ ਨਰਸਾਂ ਦੀ ਸੇਵਾ ਭਾਵਨਾ ਨੂੰ ਕੀਤਾ ਸਲਾਮ
* ਨਰਸਿੰਗ ਸਿਰਫ਼ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਵੱਡੀ ਸੇਵਾ ਹੈ – ਡਾ. ਸਿਮਰਦੀਪ ਕੌਰ
ਫਗਵਾੜਾ, 12 ਮਈ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਸਿਵਲ ਹਸਪਤਾਲ ਫਗਵਾੜਾ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਭਾਵੁਕ ਮਾਹੌਲ ਵਿੱਚ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਸਿਹਤ ਸੇਵਾਵਾਂ ਵਿੱਚ ਦਿਨ-ਰਾਤ ਤਨਦੇਹੀ ਨਾਲ ਜੁੱਟੀਆਂ ਨਰਸਾਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐੱਸ.ਡੀ.ਐੱਮ. ਫਗਵਾੜਾ ਸ. ਰਣਦੀਪ ਸਿੰਘ ਸਨ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਐੱਸ.ਐੱਮ.ਓ. ਡਾ. ਸਿਮਰਦੀਪ ਕੌਰ, ਪ੍ਰਿੰਸੀਪਲ ਗੁਰਮੀਤ ਪਲਾਹੀ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਨੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਰਣਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਨਰਸਾਂ ਦੀ ਨਿਰਸੁਆਰਥ ਸੇਵਾ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਨਰਸਾਂ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੀ ਮਮਤਾ, ਸੇਵਾ ਭਾਵਨਾ ਅਤੇ ਮਨੁੱਖਤਾ ਨਾਲ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮਰੀਜ਼ ਦਰਦ ਵਿੱਚ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਕੋਲ ਖੜ੍ਹੀ ਨਰਸ ਹੀ ਉਸਦਾ ਹੌਸਲਾ ਬਣਦੀ ਹੈ।
ਕੋਰੋਨਾ ਮਹਾਮਾਰੀ ਦੌਰਾਨ ਨਰਸਾਂ ਵੱਲੋਂ ਦਿੱਤੀਆਂ ਬੇਮਿਸਾਲ ਸੇਵਾਵਾਂ ਨੂੰ ਉਨ੍ਹਾਂ ਨੇ ਕਦੇ ਨਾ ਭੁੱਲਣ ਵਾਲਾ ਕਰਾਰ ਦਿੱਤਾ। ਵਿਸ਼ੇਸ਼ ਮਹਿਮਾਨ ਡਾ. ਸਿਮਰਦੀਪ ਕੌਰ ਨੇ ਕਿਹਾ ਕਿ ਨਰਸਿੰਗ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਧਰਮ ਹੈ। ਇੱਕ ਨਰਸ ਮਰੀਜ਼ ਲਈ ਮਾਂ ਵਾਂਗ ਮਮਤਾ, ਭੈਣ ਵਾਂਗ ਸਹਾਰਾ ਅਤੇ ਦੋਸਤ ਵਾਂਗ ਹੌਸਲਾ ਬਣਦੀ ਹੈ। ਉਨ੍ਹਾਂ ਸਰਬ ਨੌਜਵਾਨ ਸਭਾ ਵੱਲੋਂ ਨਰਸਾਂ ਦੇ ਸਨਮਾਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਗੁਰਮੀਤ ਪਲਾਹੀ ਨੇ ਲੇਡੀ ਵਿਦ ਦਿ ਲੈਂਪ ਫਲੋਰੈਂਸ ਨਾਈਟਿੰਗੇਲ ਦੀ ਮਨੁੱਖਤਾ ਲਈ ਕੀਤੀ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਸੇਵਾ ਭਾਵਨਾ ਸਮਾਜ ਨੂੰ ਅੱਗੇ ਵਧਾਉਣ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਨਰਸਾਂ ਇਸ ਦੀ ਜੀਵੰਤ ਮਿਸਾਲ ਹਨ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨਰਸਾਂ ਮਰੀਜ਼ਾਂ ਨੂੰ ਸਿਰਫ਼ ਦਵਾਈ ਹੀ ਨਹੀਂ ਦਿੰਦੀਆਂ, ਸਗੋਂ ਉਨ੍ਹਾਂ ਵਿੱਚ ਹੌਸਲਾ ਅਤੇ ਜੀਉਣ ਦੀ ਉਮੀਦ ਵੀ ਭਰਦੀਆਂ ਹਨ। ਮੰਚ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਸਨਮਾਨਤ ਨਰਸਾਂ ਵਿੱਚ ਸਟਾਫ ਨਰਸ ਰੀਟਾ (ਨਰਸਿੰਗ ਹੈਡ), ਗੁਰਪ੍ਰੀਤ ਕੌਰ (ਆਪ੍ਰੇਸ਼ਨ ਥੀਏਟਰ), ਗੁਰਵਿੰਦਰ ਕੌਰ (ਐਮਰਜੈਂਸੀ), ਸੁਮਨ ਬਾਲਾ (ਲੇਬਰ ਰੂਮ), ਰਿਤੂ (ਲੇਬਰ ਰੂਮ), ਜਸਪ੍ਰੀਤ ਕੌਰ (ਬਲੱਡ ਬੈਂਕ) ਅਤੇ ਰਜਨੀ (ਐਮ.ਸੀ.ਐੱਚ.) ਸ਼ਾਮਲ ਸਨ।
ਸਨਮਾਨ ਪ੍ਰਾਪਤ ਕਰਦਿਆਂ ਕਈ ਨਰਸਾਂ ਭਾਵੁਕ ਨਜ਼ਰ ਆਈਆਂ ਅਤੇ ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਮਿਲਿਆ ਇਹ ਸਤਿਕਾਰ ਉਨ੍ਹਾਂ ਨੂੰ ਹੋਰ ਵੀ ਤਨਦੇਹੀ ਦੇ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਸਭਾ ਵਲੋਂ ਨਰਸਾਂ ਤੋਂ ਇਲਾਵਾ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਵੀ ਸਨਮਾਨਤ ਕੀਤਾ ਗਿਆ। ਅਖੀਰ ‘ਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਲੋਕ ਸਮਾਜ ਦੇ ਅਸਲ ਹੀਰੋ ਹੁੰਦੇ ਹਨ ਅਤੇ ਨਰਸਾਂ ਤੋਂ ਵਗੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਸਹਿਯੋਗ ਲਈ ਸਮੂਹ ਹਾਜਰੀਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਮਦਨ ਲਾਲ ਕੋਰੋਟਾਨੀਆ, ਰਣਜੀਤ ਬੇਦੀ, ਰਮਨ ਨੇਹਰਾ, ਸੁਸ਼ੀਲ ਸ਼ਰਮਾ, ਗੁਲਸ਼ਨ ਕਪੂਰ, ਪਰਮਜੀਤ ਰਾਏ, ਮੈਨੇਜਰ ਜਗਜੀਤ ਸੇਠ, ਅਨੂਪ ਦੁੱਗਲ, ਮੈਡਮ ਗੁਰਜੀਤ ਕੌਰ, ਮੈਡਮ ਖੁਸ਼ੀ ਰਾਣਾ, ਅਨਾਮਿਕਾ, ਆਸ਼ਾ, ਅਰਾਧਨਾ, ਪ੍ਰਿਆ, ਮਨਪ੍ਰੀਤ, ਗੁਰਲੀਨ, ਲਵਦੀਪ, ਜਸਦੀਪ, ਮੁਸਕਾਨ, ਭਾਰਤੀ, ਰਿਤਿਕਾ, ਕਮਲ, ਲਾਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Share this content:



Post Comment