ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ, ਮਹਿੰਗਾਈ ਭੱਤੇ ਵਿਚ ਹੋਇਆ ਵਾਧਾ
ਨਵੀਂ ਦਿੱਲੀ, 12 ਮਈ – ਭਾਰਤੀ ਰੇਲਵੇ ਦੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਰੇਲ ਮੰਤਰਾਲੇ ਨੇ 7ਵੇਂ ਵੇਤਨ ਕਮਿਸ਼ਨ ਤਹਿਤ ਮਹਿੰਗਾਈ ਭੱਤਾ (DA) ਅਤੇ ਮਹਿੰਗਾਈ ਰਾਹਤ (DR) ਵਿਚ ਵਾਧੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੁਣ ਰੇਲਵੇ ਬੋਰਡ ਨੇ ਇਸ ਵਾਧੇ ਨੂੰ ਅਧਿਕਾਰਿਕ ਤੌਰ ‘ਤੇ ਲਾਗੂ ਕਰ ਦਿੱਤਾ ਹੈ।
DA ਅਤੇ DR ਵਿੱਚ 2 ਫੀਸਦੀ ਵਾਧਾ
ਰੇਲਵੇ ਬੋਰਡ ਦੇ ਨਵੇਂ ਹੁਕਮਾਂ ਅਨੁਸਾਰ, ਡਿਊਟੀ ਕਰ ਰਹੇ ਰੇਲਵੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ (DA) ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (DR) ਵਿਚ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ ਦਰ 58 ਫੀਸਦੀ ਸੀ, ਜੋ ਹੁਣ ਵੱਧ ਕੇ 60 ਫੀਸਦੀ ਹੋ ਗਈ ਹੈ। ਇਹ ਲਾਭ 7ਵੇਂ ਵੇਤਨ ਕਮਿਸ਼ਨ ਦੇ ਦਾਇਰੇ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਮਿਲੇਗਾ।
1 ਜਨਵਰੀ 2026 ਤੋਂ ਲਾਗੂ, ਮਿਲੇਗਾ ਐਰੀਅਰ
ਇਹ ਵਾਧਾ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾਵੇਗਾ। ਕਿਉਂਕਿ ਇਹ ਫੈਸਲਾ ਪਿਛਲੀ ਤਾਰੀਖ ਤੋਂ ਲਾਗੂ ਕੀਤਾ ਗਿਆ ਹੈ, ਇਸ ਲਈ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਪਿਛਲੇ ਮਹੀਨਿਆਂ ਦਾ ਬਕਾਇਆ, ਯਾਨੀ ਐਰੀਅਰ ਵੀ ਮਿਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਵਿਚ ਵਧੀ ਹੋਈ ਰਕਮ ਦੇ ਨਾਲ ਐਰੀਅਰ ਵੀ ਸ਼ਾਮਲ ਹੋਵੇਗਾ, ਜਿਸ ਨਾਲ ਕਰਮਚਾਰੀਆਂ ਦੇ ਹੱਥ ਵਿਚ ਆਉਣ ਵਾਲੀ ਰਕਮ ਵੱਧੇਗੀ।
ਸਾਲ ਵਿਚ ਦੋ ਵਾਰ ਹੁੰਦਾ ਹੈ DA ਵਿਚ ਸੋਧ
ਸਰਕਾਰੀ ਨਿਯਮਾਂ ਅਨੁਸਾਰ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿਚ ਸਾਲ ਵਿਚ ਦੋ ਵਾਰ ਸੋਧ ਕੀਤੀ ਜਾਂਦੀ ਹੈ। ਪਹਿਲੀ 1 ਜਨਵਰੀ ਤੋਂ ਅਤੇ ਦੂਜੀ 1 ਜੁਲਾਈ ਤੋਂ ਲਾਗੂ ਹੁੰਦੀ ਹੈ। ਇਹ ਵਾਧਾ ‘ਆਲ ਇੰਡੀਆ ਕੰਜਿਊਮਰ ਪ੍ਰਾਈਸ ਇੰਡੈਕਸ’ (AICPI) ਦੇ ਅੰਕੜਿਆਂ ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ, ਤਾਂ ਜੋ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਪਿਛਲੇ ਮਹੀਨੇ ਕੇਂਦਰੀ ਕੈਬਿਨੇਟ ਨੇ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਲਈ 2 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸਨੂੰ ਹੁਣ ਰੇਲਵੇ ਬੋਰਡ ਨੇ ਆਪਣੇ ਵਿਭਾਗ ਵਿਚ ਲਾਗੂ ਕਰ ਦਿੱਤਾ ਹੈ।
ਰੇਲਵੇ ਕਰਮਚਾਰੀਆਂ ਨੂੰ ਮਿਲੇਗੀ ਵੱਡੀ ਰਾਹਤ
ਭਾਰਤੀ ਰੇਲਵੇ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਿਆਂ ਵਿੱਚੋਂ ਇੱਕ ਹੈ। ਇਸ ਫੈਸਲੇ ਨਾਲ ਲੱਖਾਂ ਰੇਲਵੇ ਕਰਮਚਾਰੀਆਂ ਦੀ ਬੇਸਿਕ ਤਨਖਾਹ ਦੇ ਆਧਾਰ ‘ਤੇ ਮਹੀਨਾਵਾਰ ਆਮਦਨ ਵਿਚ ਵਾਧਾ ਹੋਵੇਗਾ। ਇਸਦੇ ਨਾਲ ਹੀ ਲੱਖਾਂ ਪੈਨਸ਼ਨਰਾਂ ਦੀ ਮਹੀਨਾਵਾਰ ਪੈਨਸ਼ਨ ਵਿਚ ਵੀ ਇਜ਼ਾਫਾ ਹੋਵੇਗਾ।
Share this content:



Post Comment