ਸਰਕਾਰ ਵੱਲੋਂ ਫ਼ਰਜ਼ੀ ਏਆਈ ਆਡੀਓ ਰਾਹੀਂ ਕੀਤਾ ਜਾ ਰਿਹੈ ਬਦਨਾਮ : ਵਿਰਸਾ ਸਿੰਘ ਵਲਟੋਹਾ
ਅੰਮ੍ਰਿਤਸਰ, 3 ਅਕਤੂਬਰ – ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਏਆਈ ਨਾਲ ਬਣਾਈ ਹੋਈ ਇੱਕ ਆਡੀਓ ਨੂੰ ਵਾਇਰਲ ਕਰਕੇ ਉਨ੍ਹਾਂ ਦੀ ਅਤੇ ਪਾਰਟੀ ਦੀ ਸਾਖ ਨੂੰ ਢਾਹ ਲਾਉਣ ਦਾ ਯਤਨ ਕੀਤਾ ਹੈ। ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਅਕਾਲੀ ਆਗੂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਲੋਕਾਂ ਨਾਲ ਜੁੜੇ ਭਖਦੇ ਮਸਲਿਆਂ ਤੋਂ ਧਿਆਨ ਹਟਾਉਣ ਵਾਸਤੇ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਦੱਸਣ ਯੋਗ ਹੈ ਕਿ ਹਾਲ ਹੀ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਬਹਿਰੀਨ ਵਾਲੀ ਬੀਬੀ ਦੀ ਕਥਿਤ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ। ਜਿਸ ਵਿੱਚ ਦੋਵੇਂ ਗੱਲਬਾਤ ਕਰਦੇ ਹੋਏ ਸੁਣਾਈ ਦਿੰਦੇ ਹਨ। ਇਸੇ ਬੀਬੀ ਵੱਲੋਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਜਬਰ ਜਨਾਹ ਵਰਗੇ ਗੰਭੀਰ ਦੋਸ਼ ਲਾਏ ਗਏ ਹਨ ਅਤੇ ਪੁਲੀਸ ਕੇਸ ਦਰਜ ਹੋਇਆ ਹੈ।
ਅਕਾਲੀ ਆਗੂ ਵਲਟੋਹਾ ਨੇ ਬੀਬੀ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਉਸ ਨੂੰ ਅਕਾਲੀ ਆਗੂਆਂ ਦੇ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਆਨੰਦਪੁਰ ਸਾਹਿਬ ਮਾਮਲੇ ਵਿੱਚ ਦਰਜ ਹੋਈ ਐੱਫਆਈਆਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਮਹੀਨਾ ਪਹਿਲਾਂ ਦਰਜ ਹੋਈ ਸੀ ਪਰ ਉਸ ਨੂੰ ਇੱਕ ਮਹੀਨਾ ਬਾਅਦ ਉਸ ਵੇਲੇ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ, ਜਦੋਂ ਅਮਰਜੀਤ ਸਿੰਘ ਚਾਵਲਾ ਵੱਲੋਂ ਇਸ ਸਬੰਧੀ ਸ਼ੰਕਾ ਪ੍ਰਗਟਾਈ ਗਈ। ਉਨ੍ਹਾਂ ਆਖਿਆ ਕਿ ਐੱਫਆਈਆਰ ਇੱਕ ਕਾਨੂੰਨੀ ਅਤੇ ਅਦਾਲਤੀ ਦਸਤਾਵੇਜ਼ ਹੈ ਪਰ ਇਸ ਨੂੰ ਸਰਕਾਰ ਵੱਲੋਂ ਮੀਡੀਆ ਰਾਹੀ ਜਨਤਕ ਕੀਤਾ ਗਿਆ ਹੈ। ਜਿਸ ਤੋਂ ਸਰਕਾਰ ਦੀ ਮਨਸ਼ਾ ਸਪੱਸ਼ਟ ਹੁੰਦੀ ਹੈ।
Share this content:



Post Comment