Loading Now

ਸਰਕਾਰੀ ਗ਼ੈਰ-ਵਿੱਦਿਅਕ ਡਿਊਟੀਆਂ ਅਤੇ ਐਪਾਂ ਦਾ ਸਿੱਖਿਆ ‘ਤੇ ਅਸਰ- ਕਾਰਨ ਅਤੇ ਹੱਲ/ਗੁਰਪ੍ਰੀਤ ਸਿੰਘ ਜਖਵਾਲੀ

ਸਰਕਾਰੀ ਗ਼ੈਰ-ਵਿੱਦਿਅਕ ਡਿਊਟੀਆਂ ਅਤੇ ਐਪਾਂ ਦਾ ਸਿੱਖਿਆ ‘ਤੇ ਅਸਰ- ਕਾਰਨ ਅਤੇ ਹੱਲ/ਗੁਰਪ੍ਰੀਤ ਸਿੰਘ ਜਖਵਾਲੀ

ਅੱਜ ਦੇ ਸਮੇਂ ਵਿੱਚ ਸਿੱਖਿਆ ਪ੍ਰਣਾਲੀ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਗ਼ੈਰ-ਵਿੱਦਿਅਕ ਕੰਮਾਂ ਵਿੱਚ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਐਪਾਂ ਦੀ ਵਰਤੋਂ ਨੇ ਵੀ ਅਧਿਆਪਕਾਂ ਦਾ ਬਹੁਤ ਸਮਾਂ ਖ਼ਰਾਬ ਕਰ ਦਿੱਤਾ ਹੈ। ਇਸ ਕਾਰਨ ਅਸਲ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ‘ਤੇ ਵੀ ਅਸਰ ਪੈ ਰਿਹਾ ਹੈ ਅਤੇ ਵਿਦਿਆਰਥੀਆਂ ਪੜ੍ਹਾਈ ਵੀ ਖਰਾਬ ਹੋ ਰਹੀ ਹੈ, ਇਸ ਦਾ ਮੁੱਖ ਕਾਰਨ ਹੈਂ ਅਧਿਆਪਕ ਕੋਲ਼ ਸਮੇਂ ਦੀ ਕਮੀਂ, ਉਹ ਆਪਣੀਆਂ ਕਲਾਸਾਂ ਸ਼ੁਰੂ ਕਰਨ ਜਾਂ ਸਰਕਾਰੀ ਹਦਾਇਤਾਂ ਜੋਂ ਉਹਨਾਂ ਦਾ ਜ਼ਿਆਦਾਤਰ ਸਮਾਂ ਖ਼ਰਾਬ ਕਰ ਰਹੀਆ ਹਨ।

ਸਭ ਤੋਂ ਪਹਿਲਾਂ, ਸਰਕਾਰ ਵੱਲੋਂ ਅਧਿਆਪਕਾਂ ਨੂੰ ਚੋਣ ਡਿਊਟੀ, ਸਰਵੇ, ਜਨਗਣਨਾ, ਟੀਕਾਕਰਨ ਮੁਹਿੰਮ ਆਦਿ ਕੰਮਾਂ ਵਿੱਚ ਲਗਾਇਆ ਜਾਂਦਾ ਹੈ। ਇਹ ਕੰਮ ਜਰੂਰੀ ਤਾਂ ਹੁੰਦੇ ਹਨ, ਪਰ ਇਹ ਸਿੱਖਿਆ ਨਾਲ ਸਿੱਧਾ ਸੰਬੰਧ ਨਹੀਂ ਰੱਖਦੇ। ਮੰਨਦੇ ਹਾਂ ਅਧਿਆਪਕ ਜ਼ਿਆਦਾ ਮਾਪਿਆਂ ਅਤੇ ਬੱਚਿਆਂ ਵਿਚ ਵਿਚਰਦੇ ਰਹਿੰਦੇ ਹਨ, ਪਿੰਡ ਦੇ ਲੋਕ ਹਰੇਕ ਪਿਆਰ ਆਦਰ ਸਤਿਕਾਰ ਭੇਟ ਕਰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰੇਕ ਪਾਸੇ ਨੂੰ ਅਧਿਆਪਕ ਵਰਗ ਨੂੰ ਹੀ ਖਿੱਚਿਆ ਜਾਵੇਂ, ਸਰਕਾਰ ਤੇ ਉੱਚ ਅਧਿਕਾਰੀ ਹੁਕਮ ਲਾਕੇ ਵਿਹਲੇ ਹੋ ਜਾਂਦੇ ਹਨ ਤੇ ਨੁਕਸਾਨ ਪਿਆਰੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਤੇ ਮਾਪਿਆਂ ਦੇ ਵਿਸ਼ਵਾਸ ਦਾ ਹੁੰਦਾ ਹੈ।

ਜਿਵੇਂ ਹੀ ਡਿਜ਼ੀਟਲ ਯੁੱਗ ਵਿੱਚ ਕਈ ਐਪਾਂ ਜਿਵੇਂ ਹਾਜ਼ਰੀ, ਡਾਟਾ ਅੱਪਲੋਡ, ਰਿਪੋਰਟਿੰਗ ਆਦਿ ਲਈ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਅਧਿਆਪਕਾਂ ਨੂੰ ਹਰ ਰੋਜ਼ ਕਈ ਐਪਾਂ ‘ਤੇ ਡਾਟਾ ਭਰਨਾ ਪੈਂਦਾ ਹੈ, ਜਿਸ ਨਾਲ ਉਹਨਾਂ ਦਾ ਵੱਡਾ ਸਮਾਂ ਇਸ ਵਿੱਚ ਹੀ ਲੰਘ ਜਾਂਦਾ ਹੈ। ਕਦੇ ਨੈਟ ਨਹੀਂ ਕੰਮ ਕਰ ਰਿਹਾ, ਕਦੇ ਨੈਟ ਦੀ ਰਫ਼ਤਾਰ ਘੱਟ ਹੈ, ਇਹਨਾਂ ਪ੍ਰੇਸ਼ਾਨੀਆਂ ਵਿੱਚ ਹੀ ਅੱਧੇ ਤੋਂ ਜ਼ਿਆਦਾ ਸਮਾਂ ਅਧਿਆਪਕ ਵਰਗ ਦਾ ਖ਼ਰਾਬ ਹੋ ਜਾਂਦਾ ਹੈ । ਬਾਕੀ ਸਮਾਂ ਮੁੱਖ ਅਧਿਆਪਕ ਦਾ ਮਿਡੇ ਮੀਲ ਸਕੀਮ ਖ਼ਾਹ ਜਾਂਦੀ ਹੈ, ਰਾਸ਼ਨ ਪਾਣੀ ਪੂਰਾ ਕਰਦਿਆਂ ਦਾ, ਇਹ ਜੋ ਕੰਮ ਹਨ ਸਾਰੇ ਅਧਿਆਪਕ ਤੇ ਬੇਲੋੜਾ ਅਤੇ ਸਮੇਂ ਦੀ ਬਰਬਾਦੀ ਲਈ ਸਰਕਾਰ ਵੱਲੋਂ ਜਾਂ ਉੱਚ ਅਧਿਕਾਰੀਆਂ ਵੱਲੋਂ ਪਾਏ ਗਏ ਹਨ, ਇਸ ਨਾਲ ਕੋਈ ਬਹੁਤਾ ਵੱਡਾ ਫਾਇਦਾ ਨਾ ਤਾਂ ਸਰਕਾਰ ਨੂੰ ਹੋਣਾ ਹੈ, ਨਾ ਉਚ ਅਧਿਕਾਰੀਆਂ ਨੂੰ, ਪਰ ਬਹੁਤ ਵੱਡਾ ਨੁਕਸਾਨ ਮਾਪਿਆਂ ਅਤੇ ਮਾਪਿਆਂ ਦੇ ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਨੂੰ ਲੈ ਕੇ ਜਰੂਰ ਹੋਣਾ ਹੈ ਇਸ ਤੇ ਸਰਕਾਰ ਅਤੇ ਉਚ ਅਧਿਕਾਰੀਆਂ ਨੂੰ ਸੋਚਣ ਦੀ ਲੋੜ ਹੈ ਨਾ ਕਿ ਅਧਿਆਪਕਾਂ ਦੇ ਇਹ ਚੀਜ਼ਾਂ ਥੋਪਣ ਦੀ ਲੋੜ ਹੈ।

ਇਹਨਾਂ ਕਾਰਨਾਂ ਵਿੱਚੋਂ ਕਾਰਨ ਹੋਰ ਵੀ ਵਧ ਜਾਂਦੇ ਹਨ ਜਿਵੇਂ ਕੀ ਪ੍ਰਬੰਧਕੀ ਦਬਾਅ ਅਤੇ ਅਧਿਕਾਰੀਆਂ ਵੱਲੋਂ ਵਧੇਰੇ ਰਿਪੋਰਟਾਂ ਦੀ ਮੰਗ ਵੀ ਅਧਿਆਪਕਾਂ ਨੂੰ ਕਾਗਜ਼ੀ ਕੰਮਾਂ ਵਿੱਚ ਫਸਾ ਦਿੰਦੀ ਹੈ। ਇਸ ਦੇ ਸਮੇਂ ਸਮੇਂ ਤੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ ਜਿਵੇ, ਇਸ ਸਥਿਤੀ ਦਾ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਨੂੰ ਹੁੰਦਾ ਹੈ। ਜਦੋਂ ਅਧਿਆਪਕ ਪੂਰਾ ਸਮਾਂ ਕਲਾਸ ਵਿੱਚ ਨਹੀਂ ਦੇ ਸਕਦੇ, ਤਾਂ ਪੜ੍ਹਾਈ ਦੀ ਗੁਣਵੱਤਾ ਘਟ ਜਾਂਦੀ ਹੈ। ਦੂਜਾ, ਅਧਿਆਪਕਾਂ ‘ਤੇ ਮਾਨਸਿਕ ਦਬਾਅ ਵੱਧ ਜਾਂਦਾ ਹੈ, ਜਿਸ ਨਾਲ ਉਹਨਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਤੀਜਾ, ਸਿੱਖਿਆ ਪ੍ਰਣਾਲੀ ਦੀ ਮੂਲ ਭੂਮਿਕਾ — ਗਿਆਨ ਦੇਣਾ ਅਤੇ ਚਰਿਤਰ ਨਿਰਮਾਣ — ਪਿੱਛੇ ਰਹਿ ਜਾਂਦੀ ਹੈ।

ਇਸ ਦੇ ਹੱਲ ਨਿਕਲ਼ ਸਕਦੇ ਹਨ ਜੇਕਰ ਅਸੀਂ ਸਾਰੇ ਅਪਣੀ ਅਪਣੀ ਬਣਦੀ ਅਹਿਮੀਅਤ ਤੇ ਜੁੰਮੇਵਾਰੀ ਸਮਝਦੀਏ ਜਿਵੇਂ ਕਿ ਇਸ ਸਮੱਸਿਆ ਦਾ ਹੱਲ ਲੱਭਣਾ ਬਹੁਤ ਜਰੂਰੀ ਹੈ। ਸਭ ਤੋਂ ਪਹਿਲਾਂ, ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ। ਇਹ ਕੰਮ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੌਂਪੇ ਜਾਣ। ਦੂਜਾ, ਸਰਕਾਰੀ ਐਪਾਂ ਦੀ ਗਿਣਤੀ ਘਟਾ ਕੇ ਇੱਕ ਇਕਜੁੱਟ (single) ਪ੍ਰਣਾਲੀ ਬਣਾਈ ਜਾਵੇ, ਤਾਂ ਜੋ ਅਧਿਆਪਕਾਂ ਨੂੰ ਵਾਰ-ਵਾਰ ਡਾਟਾ ਨਾ ਭਰਨਾ ਪਵੇ। ਤੀਜਾ, ਸਕੂਲਾਂ ਵਿੱਚ ਕਲਰਕ ਜਾਂ ਡਾਟਾ ਐਂਟਰੀ ਆਪਰੇਟਰ ਨਿਯੁਕਤ ਕੀਤੇ ਜਾਣ, ਜੋ ਇਹ ਸਾਰਾ ਕਾਗਜ਼ੀ ਅਤੇ ਡਿਜ਼ੀਟਲ ਕੰਮ ਸੰਭਾਲ ਸਕਣ। ਚੌਥਾ, ਸਿੱਖਿਆ ਨੀਤੀਆਂ ਬਣਾਉਂਦੇ ਸਮੇਂ ਅਧਿਆਪਕਾਂ ਦੀ ਸਲਾਹ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਉਹ ਮੈਦਾਨੀ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਅਸੀ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖਿਆ ਹੀ ਹਰੇਕ ਦੇਸ਼ ਦੀ ਤਰੱਕੀ ਦਾ ਆਧਾਰ ਹੁੰਦੀ ਹੈ। ਜੇ ਅਧਿਆਪਕਾਂ ਨੂੰ ਪੜ੍ਹਾਉਣ ਦੀ ਥਾਂ ਹੋਰ ਕੰਮਾਂ ਵਿੱਚ ਲਗਾਇਆ ਜਾਵੇਗਾ, ਤਾਂ ਸਿੱਖਿਆ ਦੀ ਗੁਣਵੱਤਾ ਘਟਣਾ ਸੁਭਾਵਿਕ ਹੈ। ਇਸ ਲਈ ਲੋੜ ਹੈ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਅਜਿਹੀਆਂ ਨੀਤੀਆਂ ਬਣਾਵੇ ਜੋ ਅਧਿਆਪਕਾਂ ਨੂੰ ਆਪਣੇ ਮੁੱਖ ਕੰਮ — ਸਿੱਖਿਆ ਦੇਣ — ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਮੌਕਾ ਦੇਣ।

-ਗੁਰਪ੍ਰੀਤ ਸਿੰਘ ਜਖਵਾਲੀ

Share this content:

Post Comment