ਸਪੈਮ ਕਾਲਾਂ ’ਤੇ ਸਰਕਾਰ ਦੀ ਸਖ਼ਤੀ ਨਾਲ ਲੋਕਾਂ ਦੇ ਬਚੇ 6,500 ਕਰੋੜ ਰੁਪਏ
ਨਵੀਂ ਦਿੱਲੀ, 7 ਨਵੰਬਰ – ਭਾਰਤ ਸਰਕਾਰ ਦੇ ਡਿਜੀਟਲ ਸੁਰੱਖਿਆ ਉਪਰਾਲਿਆਂ ਸਦਕਾ ਨਾਗਰਿਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾ ਕੇ ਲਗਪਗ 6,500 ਕਰੋੜ ਰੁਪਏ ਦਾ ਨੁਕਸਾਨ ਹੋਣ ਤੋਂ ਰੋਕਿਆ ਗਿਆ ਹੈ। ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਕਾਰਨ ਦੇਸ਼ ’ਚ ਹਰ ਰੋਜ਼ ਆਉਣ ਵਾਲੀਆਂ ਸਪੈਮ ਕਾਲਾਂ ’ਚ 99 ਫ਼ੀਸਦੀ ਤੱਕ ਕਮੀ ਆਈ ਹੈ। ਪਹਿਲਾਂ ਰੋਜ਼ਾਨਾ ਲਗਪਗ 3.5 ਕਰੋੜ ਸਪੈਮ ਕਾਲਾਂ ਆਉਂਦੀਆਂ ਸਨ, ਪਰ ਸਰਕਾਰ ਦੇ ਧੋਖਾਧੜੀ-ਰੋਕੂ ਤੰਤਰ ਤੇ ਦੂਰਸੰਚਾਰ ਸੁਰੱਖਿਆ ਉਪਰਾਲਿਆਂ ਨਾਲ ਇਨ੍ਹਾਂ ਦੀ ਗਿਣਤੀ ’ਚ ਕਾਫ਼ੀ ਕਮੀ ਆਈ ਹੈ। ਦੂਰਸੰਚਾਰ ਵਿਭਾਗ ਦੀ ‘ਸੰਚਾਰ ਸਾਥੀ’ ਪਹਿਲਕਦਮੀ ਤਹਿਤ ਸਰਕਾਰ ਹੁਣ ਤੱਕ ਲਗਪਗ 55 ਤੋਂ 56 ਲੱਖ ਮੋਬਾਈਲ ਨੰਬਰ ਬੰਦ ਕਰ ਚੁੱਕੀ ਹੈ। ਇਸ ਪਹਿਲ ਦਾ ਮਕਸਦ ਜਾਅਲੀ ਕਾਲਾਂ, ਸਾਈਬਰ ਧੋਖਾਧੜੀ ਤੇ ਦੂਰਸੰਚਾਰ ਸੇਵਾਵਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ। ਸਰਕਾਰੀ ਸੂਤਰਾਂ ਮੁਤਾਬਕ ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ ਸਹੂਲਤ ਵੀ ਲਾਗੂ ਕੀਤੀ ਗਈ ਹੈ। ਇਸ ਤਹਿਤ 4ਜੀ ਜਾਂ ਇਸ ਤੋਂ ਅਗਲੇ ਨੈੱਟਵਰਕ ਵਰਤਣ ਵਾਲੇ ਗਾਹਕਾਂ ਨੂੰ ਆਉਣ ਵਾਲੀ ਕਾਲ ਦੌਰਾਨ ਕਾਲ ਕਰਨ ਵਾਲੇ ਦਾ ਨਾਂ ਦਿਖਾਈ ਦੇਵੇਗਾ। ਇਸ ਨਾਲ ਮੋਬਾਈਲ ਵਰਤੋਂਕਾਰਾਂ ਨੂੰ ਅਣਜਾਣ ਅਤੇ ਸ਼ੱਕੀ ਕਾਲਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ। ਡਿਜੀਟਲ ਧੋਖਾਧੜੀ ’ਤੇ ਲਗਾਮ ਲਾਉਣ ਲਈ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ (ਡੀਆਈਪੀ) ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਹੁਣ ਇਸ ਪਲੇਟਫਾਰਮ ਨਾਲ ਲਗਪਗ 1,600 ਤੋਂ 1,800 ਹਿੱਤਧਾਰਕ ਜੁੜ ਚੁੱਕੇ ਹਨ। ਇਨ੍ਹਾਂ ਵਿਚ ਬੈਂਕ, ਵਿੱਤੀ ਸੰਸਥਾਵਾਂ, ਦੂਰਸੰਚਾਰ ਕੰਪਨੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸ਼ਾਮਲ ਹਨ। ਵੱਖ-ਵੱਖ ਸੰਸਥਾਵਾਂ ਵਿਚਕਾਰ ਜਾਣਕਾਰੀ ਦਾ ਆਦਾਨ-ਪ੍ਰਦਾਨ ਵਧਾ ਕੇ ਸਾਈਬਰ ਅਪਰਾਧਾਂ ਖ਼ਿਲਾਫ਼ ਅਸਰਦਾਰ ਕਾਰਵਾਈ ਕਰਨਾ ਇਸ ਦਾ ਮਕਸਦ ਹੈ।
ਵਿੱਤੀ ਧੋਖਾਧੜੀ ਰੋਕਣ ’ਚ ਐੱਫਆਰਆਈ ਦੀ ਅਹਿਮ ਭੂਮਿਕਾ
ਵਿੱਤੀ ਧੋਖਾਧੜੀ ਨੂੰ ਰੋਕਣ ’ਚ ਫਾਈਨੈਂਸ਼ਲ ਫਰਾਡ ਰਿਸਕ ਇੰਡੀਕੇਟਰ (ਐੱਫਆਰਆਈ) ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਰਬੀਆਈ ਨੇ ਸਾਰੇ ਵਿੱਤੀ ਅਦਾਰਿਆਂ ਲਈ ਇਸ ਪ੍ਰਣਾਲੀ ਦੀ ਵਰਤੋਂ ਲਾਜ਼ਮੀ ਕੀਤੀ ਹੈ। ਇਸ ਰਾਹੀਂ ਕਰੋੜਾਂ ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਸ਼ੱਕੀ ਲੈਣ-ਦੇਣ ਨੂੰ ਸਮੇਂ ਸਿਰ ਰੋਕਣ ਵਿਚ ਮਦਦ ਮਿਲੀ ਹੈ। ਇਸ ਦੌਰਾਨ, ‘ਸੰਚਾਰ ਸਾਥੀ’ ਪੋਰਟਲ ਨੂੰ ਲਗਪਗ 35 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਦੀ ਮੋਬਾਈਲ ਐਪ ਕਰੀਬ 3.5 ਤੋਂ 4 ਕਰੋੜ ਵਾਰ ਡਾਊਨਲੋਡ ਕੀਤੀ ਗਈ ਹੈ।
Share this content:



Post Comment