ਸਟ੍ਰੇਟ ਆਫ ਹੋਰਮੁਜ਼ ਤੋਂ ਬਾਅਦ ਸਾਊਦੀ ਨੇ ਵੀ ਰੋਕੀ ਤੇਲ ਸਪਲਾਈ
ਨਵੀਂ ਦਿੱਲੀ, 12 ਸਤੰਬਰ -ਪੱਛਮੀ ਏਸ਼ੀਆ ‘ਚ ਵਧਦੇ ਯੁੱਧ ਕਾਰਨ ਜਿੱਥੇ ਇਕ ਪਾਸੇ ਤੇਲ ਦੀ ਸਪਲਾਈ ‘ਤੇ ਅਸਰ ਦੇਖਣ ਨੂੰ ਮਿਲਿਆ ਹੈ, ਉੱਥੇ ਦੂਜੇ ਪਾਸੇ ਸਾਊਦੀ ਅਰਬ ਨੇ ਵੀ ਆਪਣੀ ਮਹੱਤਵਪੂਰਨ ਈਸਟ-ਵੈਸਟ ਤੇਲ ਪਾਈਪਲਾਈਨ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਹੈ। ਡਰੋਨ ਹਮਲੇ ਤੋਂ ਬਾਅਦ ਸਾਊਦੀ ਅਰਬ ਵੱਲੋਂ ਚੁੱਕੇ ਗਏ ਇਸ ਕਦਮ ਨੇ ਦੁਨੀਆ ਭਰ ‘ਚ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ ਤੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਮੁੜ 104 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਤੇਲ ਦੀ ਕੀਮਤ 108 ਡਾਲਰ ਤੱਕ ਵੀ ਪਹੁੰਚ ਗਈ ਸੀ, ਪਰ ਬਾਅਦ ‘ਚ ਥੋੜ੍ਹੀ ਗਿਰਾਵਟ ਆਈ। ਫਿਲਹਾਲ ਕੀਮਤਾਂ ਅਜਿਹੇ ਪੱਧਰ ‘ਤੇ ਹਨ, ਜੋ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ।
ਲਗਾਤਾਰ ਵਧ ਰਹੇ ਤਣਾਅ ਅਤੇ ਡਰੋਨ ਹਮਲੇ ਤੋਂ ਬਾਅਦ ਸਾਊਦੀ ਅਰਬ ਨੇ ਸਖ਼ਤੀ ਦਿਖਾਈ ਹੈ। ਕਰੀਬ 1,200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਸਾਊਦੀ ਅਰਬ ਲਈ ਬੇਹੱਦ ਮਹੱਤਵਪੂਰਨ ਹੈ। ਇਸ ਪਾਈਪਲਾਈਨ ਰਾਹੀਂ ਉਹ ਸਟ੍ਰੇਟ ਆਫ ਹੋਰਮੁਜ਼ ‘ਤੇ ਨਿਰਭਰ ਹੋਏ ਬਿਨਾਂ ਆਪਣਾ ਤੇਲ ਦੇਸ਼ ਦੇ ਦੂਜੇ ਹਿੱਸਿਆਂ ਤਕ ਪਹੁੰਚਾ ਸਕਦਾ ਹੈ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਕਾਰਨ ਹੋਰਮੁਜ਼ ਦੇ ਰਸਤੇ ਟੈਂਕਰਾਂ ਦੀ ਆਵਾਜਾਈ ਪਹਿਲਾਂ ਹੀ ਕਾਫ਼ੀ ਘੱਟ ਹੋ ਚੁੱਕੀ ਹੈ ਅਤੇ ਇਹ ਰਸਤਾ ਲਗਭਗ ਬੰਦ ਹੋਣ ਦੀ ਕਗਾਰ ‘ਤੇ ਹੈ। ਇਸ ਕਾਰਨ ਹੁਣ ਇਕ ਹੋਰ ਸਪਲਾਈ ਰੂਟ ‘ਤੇ ਵੀ ਬੁਰਾ ਅਸਰ ਦੇਖਣ ਨੂੰ ਮਿਲਿਆ ਹੈ।
ਰੋਜ਼ਾਨਾ 50 ਲੱਖ ਬੈਰਲ ਸਪਲਾਈ ਵਾਲੀ ਪਾਈਪਲਾਈਨ ਬੰਦ
ਤੇਲ ਸਪਲਾਈ ਦੀ ਇਸ ਅਹਿਮ ਪਾਈਪਲਾਈਨ ਨੂੰ ਬੰਦ ਕਰਨ ਤੋਂ ਬਾਅਦ ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਕਿਹਾ ਹੈ ਕਿ ਪਾਈਪਲਾਈਨ ਨੂੰ ਸਾਵਧਾਨੀ ਵਜੋਂ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਪਾਈਪਲਾਈਨ ਰਾਹੀਂ ਰੋਜ਼ਾਨਾ 40 ਲੱਖ ਤੋਂ 50 ਲੱਖ ਬੈਰਲ ਤੇਲ ਭੇਜਿਆ ਜਾ ਰਿਹਾ ਸੀ। ਇਹ ਮਾਤਰਾ ਗਲੋਬਲ ਤੇਲ ਸਪਲਾਈ ਦਾ ਕਰੀਬ 4 ਤੋਂ 5 ਫ਼ੀਸਦੀ ਹੈ। ਅਜਿਹੇ ‘ਚ ਪਾਈਪਲਾਈਨ ਬੰਦ ਹੋਣ ਨਾਲ ਪਹਿਲਾਂ ਹੀ ਦਬਾਅ ਹੇਠ ਚੱਲ ਰਹੀ ਗਲੋਬਲ ਊਰਜਾ ਸਪਲਾਈ ‘ਤੇ ਹੋਰ ਅਸਰ ਪੈ ਸਕਦਾ ਹੈ।
ਸਾਊਦੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਸਵੇਰੇ ਰਿਆਦ ਅਤੇ ਮਦੀਨਾ ਦੇ ਇਲਾਕਿਆਂ ‘ਚ ਪਾਈਪਲਾਈਨ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਮੁਤਾਬਕ ਹਮਲੇ ‘ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਦਾ ਐਕਸਪੋਰਟ ‘ਤੇ ਕਿੰਨਾ ਅਸਰ ਪਵੇਗਾ, ਇਸ ਦੀ ਅਸਲ ਜਾਣਕਾਰੀ ਹਾਲੇ ਸਪੱਸ਼ਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਟੇਲਾਈਟ ਤਸਵੀਰਾਂ ‘ਚ ਮਦੀਨਾ ਦੇ ਦੱਖਣ ‘ਚ ਪਾਈਪਲਾਈਨ ਦੇ ਨੇੜੇ ਕਾਲਾ ਧੂੰਆਂ ਉੱਠਦਾ ਦਿਖਾਈ ਦਿੱਤਾ।
ਅਰਥਵਿਵਸਥਾ ‘ਤੇ ਵੀ ਪਵੇਗਾ ਅਸਰ
ਸਾਊਦੀ ਅਰਬ ਦੇ ਇਸ ਕਦਮ ਦਾ ਸਭ ਤੋਂ ਵੱਡਾ ਅਸਰ ਗਲੋਬਲ ਐਨਰਜੀ ਮਾਰਕੀਟ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸਟ੍ਰੇਟ ਆਫ ਹੋਰਮੁਜ਼ ‘ਚ ਟੈਂਕਰਾਂ ਦੀ ਆਵਾਜਾਈ ਘੱਟ ਹੋਣ, ਲਾਲ ਸਾਗਰ ਅਤੇ ਬਾਬ ਅਲ-ਮੰਦਬ ‘ਚ ਵਧਦੇ ਖ਼ਤਰੇ ਅਤੇ ਹੁਣ ਸਾਊਦੀ ਅਰਬ ਦੀ ਮੁੱਖ ਸਪਲਾਈ ਪਾਈਪਲਾਈਨ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ।
Share this content:


Post Comment