Loading Now

ਲੋਕ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤਕ ਸਮਾਗਮ

ਲੋਕ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤਕ ਸਮਾਗਮ

WhatsApp-Image-2025-12-03-at-3.32.24-PM-300x142 ਲੋਕ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤਕ ਸਮਾਗਮ

*ਮਨਜੀਤ ਕੌਰ ਗਿੱਲ ਦੀ ‘ਰੱਬ ਕੋਲੋਂ ਲੰਘਦਿਆਂ’ ਪੁਦਤਕ ਕੀਤੀ ਲੋਕ ਅਰਪਣ
*ਡਾ.ਸਰਜੀਤ ਬਰਾੜ ਘੋਲੀਆ ਅਤੇ ਸ਼ਾਇਰ ਚਰਨਜੀਤ ਸਮਾਲਸਰ ਨੇ ਕੀਤੀ ਕਿਤਾਬ ਬਾਰੇ ਵਿਚਾਰ ਚਰਚਾ

ਮੋਗਾ, 3 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) ਸੁਤੰਤਰਤਾ ਸੈਨਾਨੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਵੱਲੋਂ ਮਨਜੀਤ ਕੌਰ ਗਿੱਲ ਦੀ ਪਲੇਠੀ ਪੁਸਤਕ ‘ਰੱਬ ਕੋਲੋਂ ਲੰਘਦਿਆਂ’ ਲੇਖ-ਸੰਗ੍ਰਹਿ ਲੋਕ ਅਰਪਣ ਕਰਨ ਲਈ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਹਰਭਜਨ ਸਿੰਘ ਨਾਗਰਾ ਦੇ ਗੀਤ ਅਤੇ ਸ਼ਾਇਰ ਨਰਿੰਦਰ ਰੋਹੀ ਦੀ ਕਵਿਤਾ ‘ਸੱਚ’ ਨਾਲ ਹੋਈ।ਇਹ ਸਮਾਗਮ ਡਾ.ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਬਲਦੇਵ ਸਿੰਘ ਸੜਕਨਾਮਾ, ਡਾ.ਸੁਰਜੀਤ ਬਰਾੜ ਘੋਲੀਆ ਅਤੇ ਗੁਰਚਰਨ ਸਿੰਘ ਸੰਘਾ ਸ਼ਾਮਿਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਮਨਜੀਤ ਕੌਰ ਗਿੱਲ ਦੇ ਲੇਖ-ਸੰਗ੍ਰਹਿ ਬਾਰੇ ਬੋਲਦਿਆ ਕਿਹਾ ਕਿ ਇਹ ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਨਿਕਲੀਆਂ ਸੱਚੀਆਂ ਅਤੇ ਤਜਰਬੇਕਾਰ ਗੱਲਾਂ ਹਨ ਜੋ ਕਿਤਾਬੀ ਰੂਪ ਵਿੱਚ ਸਾਡੇ ਸਾਹਮਣੇ ਹੈ। ਉਹਨਾਂ ਕਿਹਾ ਤਾਂ ਅਜੋਕੇ ਪੂੰਜੀਵਾਦੀ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਦਾ ਛਪਣਾ ਬਹੁਤ ਵੱਡੀ ਗੱਲ ਹੈ।

ਚਰਨਜੀਤ ਸਮਾਲਸਰ ਨੇ ਚਰਚਾ ਨੂੰ ਅੱਗੇ ਵਧਾਉਂਦਿਆਂ ਕਿਹਾ 19 ਲੇਖਾਂ ਨਾਲ਼ ਭਰਪੂਰ ਇਹ ਲੇਖ-ਸੰਗ੍ਰਹਿ ਬੇਹੱਦ ਸਰਲ ਭਾਸ਼ਾ ਵਿਚ ਲਿਖਿਆ ਹੋਇਆ ਲੋਕ ਸਿਆਣਪਾ, ਅਖੌਤਾਂ, ਮੁਹਾਵਰਿਆਂ ਅਤੇ ਉਪਦੇਸ਼ਾਂ ਵਾਂਗ ਸਮਾਜ ਦਾ ਮਾਰਗ ਦਰਸ਼ਨ ਕਰ ਸਕਦਾ ਹੈ। ਡਾ.ਅਜੀਤਪਾਲ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਸੀਂ ਏ.ਆਈ. ਦੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਜਿਹੇ ਸਮੇਂ ਵਿੱਚ ਲੇਖਕਾਂ ਦਾ ਛਪਣਾ ਵੱਡੀ ਗੱਲ ਹੈ। ਉਨ੍ਹਾਂ ਮਨਜੀਤ ਕੌਰ ਗਿੱਲ ਨੂੰ ਪਲੇਠੀ ਕਿਤਾਬ ਪਾਠਕਾਂ ਦੀ ਝੋਲੀ ਪਾਉਣ ‘ਤੇ ਮੁਬਾਰਕਬਾਦ ਦਿੱਤੀ। ਬਹੁਪੱਖੀ ਸ਼ਖ਼ਸੀਅਤ ਮਨਜੀਤ ਕੌਰ ਗਿੱਲ ਨੇ ਆਪਣੀ ਪਲੇਠੀ ਪੁਸਤਕ ‘ਰੱਬ ਕੋਲੋਂ ਲੰਘਦਿਆਂ’ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੇ ਪਤੀ ਨੇ ਹਰ ਮੋੜ ‘ਤੇ ਪ੍ਰੇਰਨਾ ਅਤੇ ਸਾਥ ਦਿੱਤਾ ਤਾਂ ਹੀ ਜੀਵਨ ਦੇ ਤਜਰਬੇ ‘ਤੇ ਅਧਾਰਿਤ ਸਿਰਜਣਾ ਕਰਨ ਦੇ ਯੋਗ ਹੋ ਸਕੀ ਹਾਂ। ਉਹਨਾਂ ਆਪਣੀਆਂ ਕੁਝ ਯਾਦਗਾਰੀ ਕਿਰਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਸਾਹਿਤਕ ਗੁਰੂ ਬਲਦੇਵ ਸਿੰਘ ਸੜਕਨਾਮਾ ਦੀ ਰਹਿਨੁਮਾਈ ਬਿਨਾਂ ਇਹ ਕਿਤਾਬ ਛਪਣੀ ਅਸੰਭਵ ਸੀ । ਉਨ੍ਹਾਂ ਪਲੇਠਾ ਲੇਖ-ਸੰਗ੍ਰਹਿ ਲੋਕ ਅਰਪਣ ਕਰਨ ਲਈ ਲੋਕ ਸਾਹਿਤ ਅਕਾਦਮੀ ਮੋਗਾ ਦਾ ਧੰਨਵਾਦ ਕੀਤਾ। ਨਾਵਲਕਾਰ ਤੇ ਵਿਅੰਗਕਾਰ ਕੇ.ਐਲ.ਗਰਗ ਨੇ ਗਿੱਲ ਦੀ ਕਿਤਾਬ ਦੇ ਹਵਾਲੇ ਨਾਲ ਕੁਝ ਨਵੇਂ ਲੇਖਕਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਲੇਖਕਾ ਨੂੰ ਲਗਾਤਰ ਲਿਖਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨਵੀਂ ਕਿਤਾਬ ਨੂੰ ਖੁਸ਼ ਆਮਦੀਦ ਵੀ ਕਿਹਾ। ਉੱਘੇ ਨਾਵਲਕਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸਾਨੂੰ ਨਵੇਂ ਲੇਖਕਾਂ ਦਾ ਉਤਸ਼ਾਹ ਹੀ ਨਹੀਂ ਵਧਾਉਣਾ ਚਾਹੀਦਾ ਸਗੋਂ ਉਨ੍ਹਾਂ ਦੇ ਰਾਹ-ਦਸੇਰੇ ਵੀ ਬਣਨਾ ਚਾਹੀਦਾ ਹੈ।

ਗੁਰਮੇਲ ਬੌਡੇ, ਗੁਰਚਰਨ ਸਿੰਘ ਸੰਘਾ,ਜਸਵੀਰ ਕਲਸੀ ਧਰਮਕੋਟ ਤੇ ਗੁਰਸੇਵਕ ਸਿੰਘ ਸੰਨਿਆਸੀ ਨੇ ਸੰਬੋਧਨ ਕਰਦਿਆਂ ਮਨਜੀਤ ਕੌਰ ਗਿੱਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ ਤੇ ਕਿਤਾਬ ਲਿਖਣ ਲਈ ਵਧਾਈ ਦਿੱਤੀ। ਇਸ ਸਮੇਂ ਕਵੀ ਦਰਬਾਰ ਵਿਚ ਡਾਕਟਰ ਸਰਬਜੀਤ ਕੌਰ ਬਰਾੜ, ਗੁਰਦੇਵ ਸਿੰਘ ਦਰਦੀ, ਅਵਤਾਰ ਸਮਾਲਸਰ, ਰਾਜਬੀਰ ਮੱਤਾ, ਕੁਲਵਿੰਦਰ ਸਿੰਘ ਦਿਲਗੀਰ,ਸੋਨੀ ਮੋਗਾ, ਹਰਵਿੰਦਰ ਧਾਲੀਵਾਲ, ਕੈਪਟਨ ਜਸਵੰਤ ਸਿੰਘ, ਗੁਰਬਚਨ ਸਿੰਘ ਕਮਲ,ਸੁਖਮੰਦਰ ਕੌਰ ਮੋਗਾ, ਦਰਸ਼ਨ ਸਿੰਘ ਦੁਸਾਂਝ ਅਤੇ ਗੁਰਮੇਲ ਬੌਡੇ ਆਦਿ ਸ਼ਾਇਰਾਂ ਨੇ ਆਪਣੀਆਂ ਵਿਅੰਗ ਭਰਪੂਰ ਕਵਿਤਾਵਾਂ ,ਗੀਤਾਂ ਅਤੇ ਗ਼ਜ਼ਲਾਂ ਰਾਹੀਂ ਸਮਾਂ ਬੰਨ੍ਹੀ ਰੱਖਿਆ। ਇਸ ਸਮਾਗਮ ਵਿਚ ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਭਿੰਡਰ, ਆਦਿ ਸ਼ਾਮਿਲ ਹੋਏ।

Share this content:

Post Comment