ਲਿੰਗ ਸਮਾਨਤਾ ਸੂਚਕ ਅੰਕ ਵਿਚ 131ਵੇਂ ਸਥਾਨ ’ਤੇ ਭਾਰਤ
ਨਵੀਂ ਦਿੱਲੀ, 17 ਸਤੰਬਰ – ਵਿਸ਼ਵ ਆਰਥਕ ਫੋਰਮ (ਡਬਲਿਊ.ਈ.ਐਫ਼.) ਦੁਆਰਾ ਬੁਧਵਾਰ ਨੂੰ ਜਾਰੀ ਕੀਤੇ ਗਏ ‘ਗਲੋਬਲ ਜੈਂਡਰ ਗੈਪ ਇੰਡੈਕਸ 2026’ ਵਿਚ ਭਾਰਤ 131ਵੇਂ ਸਥਾਨ ’ਤੇ ਰਿਹਾ, ਜਦੋਂ ਕਿ ਆਈਸਲੈਂਡ, ਫ਼ਿਨਲੈਂਡ ਅਤੇ ਨਾਰਵੇ ਕ੍ਰਮਵਾਰ ਸਿਖਰਲੇ ਤਿੰਨ ਸਥਾਨਾਂ ’ਤੇ ਹਨ। 145 ਦੇਸ਼ਾਂ ਦੀ ਸੂਚੀ ਵਿਚ ਭਾਰਤ ਤੋਂ ਹੇਠਾਂ ਸਿਰਫ਼ 14 ਦੇਸ਼ ਹਨ। ਇਨ੍ਹਾਂ ਵਿਚ ਪਾਪੁਆ ਨਿਊ ਗਿਨੀ, ਕੁਵੈਤ, ਓਮਾਨ, ਕਤਰ, ਤਜ਼ਾਕਿਸਤਾਨ, ਸਾਊਦੀ ਅਰਬ, ਮਿਸਰ, ਮੋਰੋਕੋ, ਮਾਲੀ, ਅਲਜੀਰੀਆ ਅਤੇ ਕਾਂਗੋ ਸ਼ਾਮਲ ਹਨ। ਚਾੜ ਇੰਡੈਕਸ ਵਿਚ ਸਭ ਤੋਂ ਹੇਠਾਂ ਹੈ, ਇਰਾਨ ਅਤੇ ਪਾਕਿਸਤਾਨ ਵੀ ਹੇਠਲੇ ਤਿੰਨਾਂ ਵਿਚ ਸ਼ਾਮਲ ਹਨ। ਜਿਨੇਵਾ-ਅਧਾਰਤ ਡਬਲਿਊ.ਈ.ਐਫ਼. ਨੇ ਕਿਹਾ ਕਿ ਸੂਚਕ ਅੰਕ ਵਿਚ ਸ਼ਾਮਲ ਲਗਭਗ ਹਰ ਅਰਥਵਿਵਸਥਾ ਨੇ 2006 ਤੋਂ ਲਿੰਗ ਸਮਾਨਤਾ ਵੱਲ ਤਰੱਕੀ ਕੀਤੀ ਹੈ, ਪਰ ਇਹ ਵੀ ਕਿਹਾ ਕਿ ਪੂਰੀ ਸਮਾਨਤਾ ਪ੍ਰਾਪਤ ਕਰਨ ਵਿਚ ਅਜੇ ਵੀ 120 ਸਾਲ ਲੱਗਣਗੇ। ਡਬਲਿਊ.ਈ.ਐਫ਼. ਅਨੁਸਾਰ, ਵਿਸ਼ਵਵਿਆਪੀ ਲਿੰਗ ਪਾੜਾ (ਪ੍ਰਤੀ 1,000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ) ਹੁਣ 69.2 ਫ਼ੀ ਸਦੀ ਤਕ ਘੱਟ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 0.4 ਫ਼ੀ ਸਦੀ ਅੰਕਾਂ ਦਾ ਵਾਧਾ ਹੈ। 100 ਫ਼ੀ ਸਦੀ ਪੂਰਨ ਸਮਾਨਤਾ ਹੁੰਦੀ ਹੈ।
ਦੁਨੀਆਂ ਦੀ ਸੱਭ ਤੋਂ ਵੱਧ ਅਬਾਦੀ ਵਾਲੇ ਦੇਸ਼ ਭਾਰਤ, ਜਿਥੇ ਲਗਭਗ 1.5 ਅਰਬ ਲੋਕ ਰਹਿੰਦੇ ਹਨ, ਦੀ ਲਿੰਗ ਸਮਾਨਤਾ ਵਲ ਤਰੱਕੀ 64.5 ਫ਼ੀ ਸਦੀ ਰਹੀ, ਜੋ ਵਿਸ਼ਵ ਔਸਤ ਤੋਂ ਘੱਟ ਹੈ। ਭਾਵੇਂ ਭਾਰਤ ਦੇ ਸਕੋਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਸੁਧਾਰ ਹੋਇਆ ਹੈ, ਪਰ ਇਸ ਦੀ ਵਿਸ਼ਵਵਿਆਪੀ ਦਰਜਾਬੰਦੀ 131 ’ਤੇ ਰਹੀ। ਕੁੱਲ ਮਿਲਾ ਕੇ, ਭਾਰਤ ਵਿਚ ਲਿੰਗ ਸਮਾਨਤਾ 2006 ਤੋਂ 4.3 ਫ਼ੀ ਸਦੀ ਅੰਕ ਵਧੀ ਹੈ, ਮੁੱਖ ਤੌਰ ’ਤੇ ਸਿਖਿਆ ਦੇ ਪੱਧਰ ਵਿਚ ਸੁਧਾਰ ਦੇ ਕਾਰਨ। ਸਿਖਿਆ ਪੱਧਰ ਉਪ-ਸੂਚਕ ਅੰਕ ਵਿਚ ਭਾਰਤ ਦਾ ਸਮਾਨਤਾ ਸਕੋਰ 96.6 ਫ਼ੀ ਸਦੀ ਸੀ, ਹਾਲਾਂਕਿ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 0.5 ਫ਼ੀ ਸਦੀ ਅੰਕਾਂ ਦੀ ਗਿਰਾਵਟ ਆਈ ਹੈ। ਪੇਸ਼ੇਵਰ ਅਤੇ ਤਕਨੀਕੀ ਕਾਰਜਬਲ ਵਿਚ ਮਹੱਤਵਪੂਰਨ ਤਰੱਕੀ ਕਾਰਨ ਭਾਰਤ ਵਿਚ ਲਿੰਗ ਸਮਾਨਤਾ 2006 ਦੀ 26.6 ਫ਼ੀ ਸਦੀ ਤੋਂ ਦੁਗਣੀ ਹੋ ਕੇ 2026 ਵਿਚ 49.9 ਫ਼ੀ ਸਦੀ ਹੋ ਗਈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਦੀ ਅਗਵਾਈ ਵਾਲੀਆਂ ਅਰਥਵਿਵਸਥਾਵਾਂ ਦਾ ਹਿੱਸਾ 2022 ਵਿਚ ਅਪਣੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ ਪਰ ਹੁਣ ਇਹ ਘੱਟ ਕੇ 2016 ਦੇ ਪੱਧਰ ’ਤੇ ਆ ਗਿਆ ਹੈ। ਔਰਤਾਂ ਕੈਬਨਿਟ ਵਿਚ ਪਹੁੰਚੀਆਂ ਹਨ, ਪਰ ਸਭ ਤੋਂ ਵੱਡੇ ਆਰਥਕ ਅਤੇ ਰਾਜਨੀਤਕ ਪ੍ਰਭਾਵ ਵਾਲੀਆਂ ਭੂਮਿਕਾਵਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਘੱਟ ਹੈ। ਸਿਹਤ ਅਤੇ ਬਚਾਅ ਵਿਚ, ਭਾਰਤ ਨੇ ਪਿਛਲੇ ਸਾਲ ਦੇ ਮੁਕਾਬਲੇ ਅਪਣੇ ਸਕੋਰ ਵਿਚ ਸੁਧਾਰ ਕੀਤਾ, ਜੋ 95.6 ਫ਼ੀ ਸਦੀ ਸਮਾਨਤਾ ਤਕ ਪਹੁੰਚ ਗਿਆ। 2026 ਵਿਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਾਜਨੀਤਕ ਸਸ਼ਕਤੀਕਰਨ ਉਪ-ਸੂਚਕ ਅੰਕ ਵਿਚ ਸੀ, ਜਿਸ ਨੇ ਪਾੜੇ ਨੂੰ 24.5 ਘਟਾ ਦਿਤਾ ਤੇ ਦੇਸ਼ ਨੂੰ ਵਿਸ਼ਵ ਪੱਧਰ ’ਤੇ 67ਵੇਂ ਸਥਾਨ ’ਤੇ ਰਖਿਆ। ਚੋਟੀ ਦੇ 10 ਦੇਸ਼ਾਂ ਵਿਚੋਂ, ਨਾਮੀਬੀਆ ਚਾਰ ਸਥਾਨ ਉਪਰ ਚੜ੍ਹ ਕੇ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ, ਉਪ-ਸਹਾਰਾ ਅਫ਼ਰੀਕਾ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਦੇਸ਼ ਬਣ ਗਿਆ ਹੈ। ਇਸ ਤੋਂ ਬਾਅਦ ਬ੍ਰਿਟੇਨ, ਨਿਊਜ਼ੀਲੈਂਡ, ਸਵੀਡਨ, ਆਸਟਰੇਲੀਆ, ਜਰਮਨੀ ਅਤੇ ਆਇਰਲੈਂਡ ਆਉਂਦੇ ਹਨ। ਆਸਟਰੇਲੀਆ ਪਹਿਲੀ ਵਾਰ ਚੋਟੀ ਦੇ 10 ਵਿਚ ਦਾਖ਼ਲ ਹੋਇਆ ਹੈ। 2006 ਤੋਂ ਹੁਣ ਤਕ ਹਰ ਵਾਰ ਚਾਰ ਅਰਥਚਾਰੇ ਚੋਟੀ ਦੇ 10 ਵਿਚ ਰਹੇ ਹਨ: ਆਈਸਲੈਂਡ, ਫ਼ਿਨਲੈਂਡ, ਨਾਰਵੇ ਅਤੇ ਸਵੀਡਨ।
Share this content:



Post Comment