ਮ੍ਰਿਤਕ ਗੁਲਜ਼ਾਰ ਸਿੰਘ ਦੀ ਮੌਤ ਦਾ ਪਰਿਵਾਰ ਨੇ ਪ੍ਰਸ਼ਾਸਨ ’ਤੇ ਲਾਇਆ ਇਲਜ਼ਾਮ
ਸੰਗਰੂਰ, 10 ਸਤੰਬਰ – ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਅੱਜ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੇ ਸਰਕਾਰੀ ਦਾਅਵੇ ਰੱਦ ਕਰ ਦਿੱਤੇ। ਅੱਜ ਜਾਰੀ ਵੀਡੀਓ ’ਚ ਮ੍ਰਿਤਕ ਗੁਲਜ਼ਾਰ ਸਿੰਘ ਦੇ ਤਿੰਨ ਲੜਕੇ ਤੇ ਮ੍ਰਿਤਕ ਦੀ ਪਤਨੀ ਨਜ਼ਰ ਆ ਰਹੀ ਹੈ ਅਤੇ ਹੁਣ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ’ਤੇ ਦਬਾਅ ਪਾ ਕੇ ਸਸਕਾਰ ਕਰਨ ਦੇ ਇਲਜ਼ਾਮ ਲਗਾਏ ਹਨ। ਚੇਤੇ ਰਹੇ ਕਿ ਮਜ਼ਦੂਰ ਗੁਲਜ਼ਾਰ ਸਿੰਘ ਦਾ ਸਖ਼ਤ ਪੁਲੀਸ ਪਹਿਰੇ ਹੇਠ ਸਸਕਾਰ ਹੋਇਆ ਸੀ ਅਤੇ ਸਸਕਾਰ ਮੌਕੇ ਵਿਵਾਦ ਵੀ ਖੜ੍ਹਾ ਹੋ ਗਿਆ ਸੀ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਵੀਡੀਓ ’ਚ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਉਨ੍ਹਾਂ ’ਤੇ ਭਾਰੀ ਦਬਾਅ ਬਣਾਇਆ ਜਿਸ ਦੇ ਵਜੋਂ ਉਨ੍ਹਾਂ ਨੂੰ ਸਸਕਾਰ ਕਰਨਾ ਪਿਆ। ਅੱਜ ਪਰਿਵਾਰ ਨੇ ਐਲਾਨ ਕੀਤਾ ਕਿ ਜਿਨ੍ਹਾਂ ਸਮਾਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਸਮਾਂ ਮ੍ਰਿਤਕ ਮੈਂਬਰ ਦੇ ਨਾ ਫੁੱਲ ਚੁਗੇ ਜਾਣਗੇ ਅਤੇ ਨਾ ਹੀ ਭੋਗ ਸਮਾਗਮ ਕੀਤੇ ਜਾਣਗੇ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਪਰਿਵਾਰ ਨੂੰ ਗੁੰਮਰਾਹ ਕਰਕੇ ਧੱਕੇ ਨਾਲ ਸਸਕਾਰ ਕਰਾਇਆ ਹੈ।
ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਪੰਜਾਬ ਦੇ ਲੋਕਾਂ ਤੋਂ ਸਾਥ ਮੰਗਿਆ ਹੈ। ਦੱਸਣਯੋਗ ਹੈ ਕਿ ਸਸਕਾਰ ਵਾਲੇ ਦਿਨ ਮ੍ਰਿਤਕ ਦੇ ਲੜਕੇ ਨੇ ਪੁਲੀਸ ਜਾਂਚ ’ਤੇ ਤਸੱਲੀ ਜ਼ਾਹਿਰ ਕੀਤੀ ਸੀ ਅਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਗੱਲ ਕਹੀ ਸੀ। ਉਸ ਸਮੇਂ ਲੜਕੇ ਨੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ’ਤੇ ਸਹਿਮਤੀ ਬਣਨ ਦਾ ਦਾਅਵਾ ਵੀ ਕੀਤਾ ਸੀ। ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ਦੌਰਾਨ ਮਜ਼ਦੂਰ ਗੁਲਜ਼ਾਰ ਸਿੰਘ ਨੇ ਪਿੰਡ ’ਚ ਚਿੱਟਾ ਵਿਕਣ ਦੀ ਗੱਲ ਆਖੀ ਸੀ ਜਿਸ ਮਗਰੋਂ ਪੰਚਾਇਤ ਨੇ ਮਜ਼ਦੂਰ ਨੂੰ ਜਨਤਿਕ ਤੌਰ ’ਤੇ ਮਾਫ਼ੀ ਮੰਗਣ ਲਈ ਦਬਾਅ ਪਾਇਆ। ਇਸੇ ਦੌਰਾਨ ਗੁਲਜ਼ਾਰ ਸਿੰਘ ਜ਼ਹਿਰੀਲੀ ਚੀਜ਼ ਖਾ ਲਈ ਅਤੇ ਅਖੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਸੰਗਰੂਰ ਪੁਲੀਸ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਪਿੰਡ ਦੀ ਸਰਪੰਚ ਅਤੇ ਹੋਰਨਾਂ ’ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਅੱਜ ਹੀ ਪਿੰਡ ਤੂਰਬੰਜਾਰਾ ’ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਪਹੁੰਚ ਰਹੇ ਹਨ।
Share this content:



Post Comment