Loading Now

​ਕੈਨੇਡਾ ਵਿਚ ਬਜ਼ੁਰਗ ਪੰਜਾਬੀ ਨੂੰ ਲੱਗਿਆ 30 ਹਜ਼ਾਰ ਡਾਲਰ ਜੁਰਮਾਨਾ

​ਕੈਨੇਡਾ ਵਿਚ ਬਜ਼ੁਰਗ ਪੰਜਾਬੀ ਨੂੰ ਲੱਗਿਆ 30 ਹਜ਼ਾਰ ਡਾਲਰ ਜੁਰਮਾਨਾ

ਓਨਟਾਰੀਓ, 10 ਸਤੰਬਰ – ਓਨਟਾਰੀਓ ਕੈਨੇਡਾ ਵਿਚ ਇਕ ਪੰਜਾਬੀ ਲੈਂਡਲਾਰਡ ਨੂੰ 2 ਕਿਰਾਏਦਾਰਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਅਦਾਲਤ ਨੇ ਜੇਲ ਭੇਜਣ ਦੀ ਬਜਾਏ 30 ਹਜ਼ਾਰ ਕੈਨੇਡੀਅਨ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿਤੇ ਹਨ। ਓਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਸਾਢੇ ਤਿੰਨ ਸਾਲ ਪਹਿਲਾਂ ਵਾਪਰੇ ਹਾਦਸੇ ਮਗਰੋਂ ਸਿਟੀ ਨੇ ਪ੍ਰਿਥਵੀਪਾਲ ਦਦਿਆਲਾ ਨੂੰ 30 ਦਿਨ ਲਈ ਜੇਲ ਭੇਜਣ ਅਤੇ 15 ਹਜ਼ਾਰ ਕੈਨੇਡੀਅਨ ਡਾਲਰ ਜੁਰਮਾਨਾ ਕਰਨ ਦੀ ਮੰਗ ਕੀਤੀ ਸੀ।

ਅਦਾਲਤ ਵਿਚ ਕੀਤੇ ਦਾਅਵੇ ਮੁਤਾਬਕ ਪ੍ਰਿਥਵੀਪਾਲ ਦਦਿਆਲਾ ਨੇ ਫ਼ਾਇਰ ਕੋਡ ਦੀਆਂ ਸ਼ਰਤਾਂ ਪੂਰੀਆਂ ਨਾ ਕੀਤੀਆਂ, ਜਿਸ ਦੇ ਸਿੱਟੇ ਵਜੋਂ ਮਾਰਚ 2023 ਵਿਚ ਘਰ ਨੂੰ ਅੱਗ ਲੱਗਣ ਕਰ ਕੇ ਦੋ ਜਣਿਆਂ ਦੀ ਜਾਨ ਚਲੀ ਗਈ। ਮੁਢਲੇ ਤੌਰ ’ਤੇ ਪ੍ਰਿਥਵੀਪਾਲ ਦਦਿਆਲਾ ਵਿਰੁਧ 9 ਦੋਸ਼ ਆਇਦ ਕੀਤੇ ਗਏ ਪਰ ਤਿੰਨ ਦੋਸ਼ ਕਬੂਲ ਕਰਨ ਮਗਰੋਂ 6 ਦੋਸ਼ ਹਟਾ ਦਿਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਦੋਂ ਅੱਗ ਲੱਗੀ ਉਦੋਂ ਘਰ ਅੰਦਰ ਅੱਠ ਜਣੇ ਮੌਜੂਦ ਸਨ। 35 ਸਾਲ ਦੀ ਬੌਨੀ ਡੈਮਿਲ ਅਤੇ 34 ਸਾਲਾ ਐਡਮ ਕ੍ਰੋਲੀ ਦੂਜੀ ਮੰਜ਼ਿਲ ’ਤੇ ਸਨ ਅਤੇ ਦੋਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ।

ਬੌਨੀ ਦੀ ਮਾਂ ਨੇ ਅਦਾਲਤ ਨੂੰ ਦਸਿਆ ਕਿ ਅੱਗ ਲੱਗਣ ਤੋਂ ਕੁੱਝ ਘੰਟੇ ਪਹਿਲਾਂ ਹੀ ਉਸ ਨੇ ਅਪਣੀ ਧੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਤਿੰਨ ਸਾਲ ਲੰਘਣ ਮਗਰੋਂ ਉਹ ਅੱਜ ਵੀ ਅਪਣੀ ਬੇਟੀ ਦਾ ਫ਼ੋਨ ਨੰਬਰ ਮਿਲਾਉਣ ਲੱਗਦੀ ਹੈ ਅਤੇ ਫਿਰ ਅਚਾਨਕ ਅਹਿਸਾਸ ਹੁੰਦਾ ਹੈ ਕਿ ਫ਼ੋਨ ਕਾਲ ਦਾ ਕਿਸੇ ਨੇ ਜਵਾਬ ਨਹੀਂ ਦੇਣਾ। ਬੌਨੀ ਦੀ ਭੈਣ ਮੈਲਿਜ਼ਾ ਨੇ ਕਿਹਾ ਕਿ ਉਹ ਪਿਛਲੇ ਸਾਢੇ ਤਿੰਨ ਸਾਲ ਤੋਂ ਅਪਣੀ ਭੈਣ ਦੇ ਵਿਛੋੜੇ ਦਾ ਦੁਖ ਝੱਲ ਰਹੀ ਹੈ ਅਤੇ ਹਮੇਸ਼ਾ ਮਨ ਵਿਚ ਇਹੋ ਖ਼ਿਆਲ ਆਉਂਦਾ ਹੈ ਕਿ ਜੇ ਘਰ ਵਿਚ ਅੱਗ ਤੋਂ ਬਚਾਅ ਦੇ ਪ੍ਰਬੰਧ ਹੁੰਦੇ ਤਾਂ ਬੌਨੀ ਅੱਜ ਜਿਊਂਦੀ ਹੁੰਦੀ। ਉਧਰ ਸਿਟੀ ਦੇ ਵਕੀਲ ਨੇ ਕਿਹਾ ਕਿ ਭਾਵੇਂ ਪ੍ਰਿਥਵੀਪਾਲ ਦਦਿਆਲਾ ਵਿਰੁਧ ਕਿਸੇ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਕੋਈ ਦੋਸ਼ ਨਹੀਂ ਪਰ ਘਰ ਦੀ ਹਾਲਤ ਅਤੇ ਫ਼ਾਇਰ ਕੋਡ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਦਿਆਲਾ ਦੀ ਬਣਦੀ ਸੀ।

Share this content:

Post Comment