Loading Now

ਮੋਪਲਾ ਬਗ਼ਾਵਤ ਦਾ ਇਤਿਹਾਸ

ਮੋਪਲਾ ਬਗ਼ਾਵਤ ਦਾ ਇਤਿਹਾਸ

ਮੋਪਲਾ ਬਗ਼ਾਵਤ 20 ਅਗਸਤ 1921 ਨੂੰ ਕੇਰਲ ਵਿਚ ਤਿਰੂਰੰਗਾਦੀ ਸ਼ਹਿਰ ਤੋਂ ਸ਼ੁਰੂ ਹੋਈ ਸੀ। ਇਹ ਸ਼ਹਿਰ ਕਾਲੀਕੱਟ ਦੇ ਦੱਖਣ ਵਿਚ ਇਕ ਛੋਟਾ ਜਿਹਾ ਕਸਬਾ ਹੈ। ਮੋਪਲਾ ਬਗ਼ਾਵਤ ਨੂੰ ਦਬਾਉਣ ਲਈ ਜਾਗੀਰਦਾਰ ਅਤੇ ਵਪਾਰੀ ਅੰਗਰੇਜ਼ ਹਕੂਮਤ ਦੀ ਮਦਦ ਨਾਲ ਮੋਪਲਿਆਂ ’ਤੇ ਟੁੱਟ ਪਏ ਸਨ। ਪੰਜ ਹਜ਼ਾਰ ਦੇ ਕਰੀਬ ਮੋਪਲੇ ਇਕ ਮਸੀਤ ਵਿਚ ਇਕੱਠੇ ਹੋਏ ਸਨ। ਸਰਕਾਰ ਨੇ ਉਨ੍ਹਾਂ ਦੀ ਬਗ਼ਾਵਤ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਦਕਿ ਹਕੀਕਤ ਵਿਚ ਇਹ ਮੋਪਲਿਆਂ ਦਾ ਆਰਥਿਕ ਮਸਲਾ ਸੀ। ਉਨ੍ਹਾਂ ਦਾ ਜੀਵਨ ਇਤਿਹਾਸ ਵੀ ਹੈਰਾਨੀਜਨਕ ਹੈ। ਇਹ ਕੇਰਲ ਸੂਬੇ ਦੇ ਉੱਤਰੀ ਹਿੱਸੇ ਮਾਲਾਬਾਰ ਦੇ ਰਹਿਣ ਵਾਲੇ ਗ਼ਰੀਬ ਲੋਕ ਹਨ ਜਿਨ੍ਹਾਂ ਨੂੰ ਮੋਪਲਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਗ਼ਰੀਬਾਂ ਦਾ ਕੰਮ ਖੇਤਾਂ ਵਿਚ ਖ਼ਾਸ ਕਰਕੇ ਚਾਹ ਦੇ ਬਾਗ਼ਾਂ ਵਿਚ ਖੇਤ ਮਜ਼ਦੂਰੀ ਕਰਨਾ ਹੈ। ਅਰਬ ਦੇਸ਼ਾਂ ਨਾਲ ਕੇਰਲਾ ਦੇ ਵਪਾਰਕ ਸਬੰਧ ਬਹੁਤ ਹੀ ਪੁਰਾਣੇ ਹਨ।

ਮੋਪਲੇ 8ਵੀਂ ਸਦੀ ਤੱਕ ਹਿੰਦੂ ਹੀ ਸਨ ਪਰ ਕਥਿਤ ਉੱਚ ਜਾਤੀਆਂ ਦੇ ਲੋਕ ਇਨ੍ਹਾਂ ਨੂੰ ਅਛੂਤ ਕਹਿ ਕੇ ਨਫ਼ਰਤ ਕਰਦੇ ਸਨ। ਇਨਾਂ ਨੂੰ ਸ਼ਹਿਰਾਂ ਅੰਦਰ ਵੜਨ ਨਹੀਂ ਸੀ ਦਿੱਤਾ ਜਾਂਦਾ। ਇਹ ਆਰਥਿਕ ਲੁੱਟ ਅਤੇ ਸਮਾਜਿਕ ਬੇਇਨਸਾਫ਼ੀ ਦਾ ਸ਼ਿਕਾਰ ਸਨ। ਉਸ ਵੇਲੇ ਇਸਲਾਮ ਅਰਬ ਦੇਸ਼ਾਂ ਦੇ ਲੋਕਾਂ ਲਈ ਹਰ ਪੱਖ ਤੋਂ ਨਿਆਂ ਭਰਪੂਰ ਜਾਣਿਆ ਜਾਂਦਾ ਸੀ। ਇਸ ਲਈ ਮੋਪਲਿਆਂ ਨੇ 8ਵੀਂ ਸਦੀ ਵਿਚ ਇਸਲਾਮ ਧਰਮ ਅਪਣਾ ਲਿਆ ਸੀ।

ਭਾਵੇਂ ਇਹ ਸਦੀਆਂ ਤੋਂ ਕੁਚਲੇ ਜਾਂਦੇ ਰਹੇ ਪਰ ਇਨ੍ਹਾਂ ਨੇ ਆਪਣੀ ਬਗ਼ਾਵਤ ਦੀ ਭਾਵਨਾ ਨਹੀਂ ਦੱਬਣ ਦਿੱਤੀ। ਮੋਪਲਿਆਂ ਨੇ 1920 ਤੋਂ ਪਹਿਲਾਂ ਪਹਿਲਾਂ ਜਾਗੀਰਦਾਰਾਂ ਅਤੇ ਅੰਗਰੇਜ਼ ਸਾਮਰਾਜੀ ਹਕੂਮਤ ਦੀ ਲੁੱਟ ਖ਼ਿਲਾਫ਼ 30 ਬਗ਼ਾਵਤਾਂ ਕੀਤੀਆਂ ਤੇ ਉਹ ਵੀ ਬਹੁਤ ਵੱਡੇ ਪੱਧਰ ਦੀਆਂ। ਸੰਨ 1874 ਵਿਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿਚ ਲਗਪਗ 2000 ਮੋਪਲਿਆਂ ਨੂੰ ਦਰਖਤਾਂ ਨਾਲ ਟੰਗ ਕੇ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀ ਵੱਡੀ ਬਗ਼ਾਵਤ 20 ਅਗਸਤ 1921 ਨੂੰ ਜਥੇਬੰਦ ਹੋਈ। ਉਨ੍ਹਾਂ ਦੀ ਫ਼ੌਜ ਦੇ 5000 ਇਨਕਲਾਬੀਆਂ ਨੇ ਪੁਲਿਸ ਨੂੰ ਘੇਰ ਲਿਆ ਸੀ। ਮੋਪਲਿਆਂ ਨੇ ਸੜਕਾਂ, ਡਾਕਘਰਾਂ ਆਦਿ ’ਤੇ ਕਬਜ਼ਾ ਕਰ ਲਿਆ। ਜਿਹੜੇ ਅੰਗਰੇਜ਼ ਕੇਰਲਾ ਦੇ ਸ਼ਹਿਰ ਤਿਰੂਰੰਗਾਦੀ ਵਿਚ ਰਹਿ ਗਏ ਸਨ, ਉਨ੍ਹਾਂ ਨੂੰ ਮੋਪਲਿਆਂ ਨੇ ਮਾਰ ਦਿੱਤਾ ਅਤੇ ਅੰਗਰੇਜ਼ਾਂ ਦੀ ਹਕੂਮਤ ਤੋੜ ਕੇ ‘ਸਵਰਾਜ’ ਦਾ ਐਲਾਨ ਕਰ ਦਿੱਤਾ। ਅਰਨਦ ਤੇ ਵੈਲੂਵੰਦ ਦੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਲਈਆਂ ਤੇ ਸਰਕਾਰੀ ਤਹਿਸੀਲ ਦਫ਼ਤਰਾਂ ’ਤੇ ਕਬਜ਼ੇ ਕਰ ਲਏ ਗਏ। ਬੁੱਢੇ ਅਲੀ ਮੁਸਲੇਅਰ 70 ਸਾਲਾ ਨੂੰ ਰਾਜਾ ਬਣਾ ਕੇ ‘ਖ਼ਿਲਾਫ਼ਤ ਬਾਦਸ਼ਾਹਤ’ ਦਾ ਐਲਾਨ ਕਰ ਦਿੱਤਾ ਗਿਆ।

ਅੰਗਰੇਜ਼ਾਂ ਨੇ ਮੋਪਲਿਆਂ ਦੀ ਇਸ ਬਗ਼ਾਵਤ ਨੂੰ ਫ਼ਿਰਕੂ ਰੰਗਤ ਦੇ ਕੇ ਹਿੰਦੂ-ਮੁਸਲਿਮ ਦੰਗਿਆਂ ਦੀਆਂ ਅਫ਼ਵਾਹਾਂ ਫੈਲਾ ਦਿੱਤੀਆਂ ਜਦਕਿ ਅਸਲੀਅਤ ਇਹ ਸੀ ਕਿ ਗ਼ਰੀਬ ਹਿੰਦੂ ਮੋਪਲਿਆਂ ਨਾਲ ਰਲ ਕੇ ਅਗਰੇਜ਼ਾਂ ਵਿਰੁੱਧ ਲੜ ਰਹੇ ਸਨ। ਅੰਗਰੇਜ਼ ਹਕੂਮਤ ਨੇ ਮੋਪਲਿਆਂ ਦੀ ਬਗ਼ਾਵਤ ਨੂੰ ਖੁੱਲ੍ਹੀ ਜੰਗ ਦਾ ਰੂਪ ਦੇ ਦਿੱਤਾ। ਅੰਗਰੇਜ਼ ਫ਼ੌਜੀ ਅਫ਼ਸਰਾਂ ਦੀ ਕਮਾਂਡ ਹੇਠ ਬਗ਼ਾਵਤ ਨੂੰ ਦਬਾਉਣ ਵਾਸਤੇ ਡੋਗਰਾ ਤੇ ਗੋਰਖਾ ਫ਼ੌਜਾਂ ਨੇ ਮੋਪਲਿਆਂ ’ਤੇ ਹਮਲਾ ਕਰ ਦਿੱਤਾ। ਮੋਪਲਿਆਂ ਨੇ ਤਿਰੂਰੰਗਾਈ ਸ਼ਹਿਰ ਦੀ ਇਕ ਮਸੀਤ ਨੂੰ ਕਿਲ੍ਹਾ ਬਣਾ ਕੇ ਬਹੁਤ ਬਹਾਦਰੀ ਨਾਲ ਅੰਗਰੇਜ਼ ਫ਼ੌਜ ਦਾ ਮੁਕਾਬਲਾ ਕੀਤਾ। ਜਦੋਂ ਮੋਪਲਿਆਂ ਕੋਲ ਗੋਲ਼ੀ-ਬਾਰੂਦ ਮੁੱਕ ਗਿਆ ਤਾਂ ਉਨ੍ਹਾਂ ਨੇ ਤਾਂਬੇ ਦੇ ਪੈਸਿਆਂ ਨੂੰ ਭੱਠੀ ਵਿਚ ਢਾਲ ਕੇ ਗੋਲ਼ੀਆਂ ਬਣਾਈਆਂ ਅਤੇ ਪੂਰੇ ਹੌਸਲੇ ਨਾਲ ਮੈਦਾਨ ਵਿਚ ਡਟੇ ਰਹੇ। ਆਖ਼ਰਕਾਰ ਮੋਪਲਿਆਂ ਦੀ ਬਹਾਦਰੀ ਅੱਗੇ ਅੰਗਰੇਜ਼ੀ ਫ਼ੌਜ ਦੇ ਹੌਸਲੇ ਪਸਤ ਹੋ ਗਏ ਅਤੇ ਉਸ ਨੂੰ ਪਿੱਛੇ ਹਟਣਾ ਪਿਆ। ਅੰਗਰੇਜ਼ਾਂ ਦੀ ਇਸ ਹਾਰ ਨਾਲ ਮੋਪਲਿਆਂ ਦੇ ਹੌਸਲੇ ਬੁਲੰਦ ਹੋ ਗਏ।

ਮੋਪਲੇ ਨੌਜਵਾਨ ਕੁਨਾਂ ਅਹਿਮਦ ਹਾਜੀ ਦੀ ਕਮਾਂਡ ਵਿਚ ਹੋਰ ਇਕੱਠੇ ਹੁੰਦੇ ਗਏ ਅਤੇ ਅੰਗਰੇਜ਼ਾਂ ਨਾਲ ਜੰਗ ਲੜਨ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਅੰਗਰੇਜ਼ ਫ਼ੌਜ ਨਾਲ ਇਸ ਸੰਘਰਸ਼ ਵਿਚ ਕੁਨਾ ਅਹਿਮਦ ਹਾਜੀ 2 ਮਹੀਨੇ ਇਸ ਇਲਾਕੇ ਦਾ ਬੇਤਾਜ ਬਾਦਸ਼ਾਹ ਰਿਹਾ। ਇਸ ਇਲਾਕੇ ਵਿਚ ਬਾਦਸ਼ਾਹ ਦੀ ਅਗਵਾਈ ਹੇਠ ਮੋਪਲਿਆਂ ਨੇ ਜਾਗੀਰਦਾਰਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰ ਲਿਆ। ਅੰਗਰੇਜ਼ ਹਕੂਮਤ ਨੇ ਆਪਣੀ ਫ਼ੌਜ ਨੂੰ ਮਜ਼ਬੂਤ ਕਰ ਕੇ ਮੋਪਲਿਆਂ ਦੀ ਬਗ਼ਾਵਤ ਨੂੰ ਦਬਾਉਣ ਲਈ ਉਨ੍ਹਾਂ ’ਤੇ ਮੁੜ ਹਮਲੇ ਸ਼ੁਰੂ ਕਰ ਦਿੱਤੇ। ਜੰਗ ਵਿਚ ਪੂਕਟੂਰ ਦੇ ਕੋਲ ਮੋਪਲੇ ਬੜੀ ਬਹਾਦਰੀ ਨਾਲ ਲੜੇ ਅਤੇ 5 ਘੰਟਿਆਂ ਦੇ ਸੰਘਰਸ਼ ਵਿਚ ਲਗਪਗ 900 ਮੋਪਲੇ ਸ਼ਹੀਦ ਹੋ ਗਏ।

ਇਸੇ ਤਰ੍ਹਾਂ ਪੰਡੀਕਾਰ ਦੇ ਨਜ਼ਦੀਕ ਉਨ੍ਹਾਂ ਨੇ ਕੁਰਬਾਨੀਆਂ ਭਰਪੂਰ ਲੜਾਈ ਲੜੀ ਅਤੇ 250 ਮੋਪਲੇ ਮਾਰੇ ਗਏ। ਅੰਗਰੇਜ਼ਾਂ ਨੇ ਕੇਰਲ ਦੇ ਲਾਗਲੇ ਸੂਬਿਆਂ ਵਿੱਚੋਂ ਫ਼ੌਜ ਮੰਗਵਾ ਕੇ ਅਖ਼ੀਰ ਮੋਪਲਿਆਂ ਦੀ ਬਗ਼ਾਵਤ ਦਬਾ ਦਿੱਤੀ ਅਤੇ 38256 ਮੋਪਲਿਆਂ ਨੇ 1921 ਦੇ ਅੰਤ ਵਿਚ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ। ਫਿਰ ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕੀਤੇ ਮੋਪਲਿਆਂ ’ਤੇ ਅਥਾਹ ਤਸ਼ੱਦਦ ਕੀਤਾ। ਮੁਹੰਮਦ ਹਾਜੀ 7 ਜਨਵਰੀ 1922 ਨੂੰ 21 ਸਾਥੀਆਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕੋਰਟ ਮਾਰਸ਼ਲ ਕਰ ਕੇ 20 ਜਨਵਰੀ 1922 ਨੂੰ 6 ਸਾਥੀਆਂ ਸਮੇਤ ਗੋਲ਼ੀ ਨਾਲ ਉਡਾ ਦਿੱਤਾ ਗਿਆ।

Share this content:

Post Comment