Loading Now

ਮਿੰਨੀ ਕਹਾਣੀ/ਮੈਂ ‘ਡਲਿਵਰੀ ਬੁਆਏ’ ਹਾਂ/ਯਸ਼ ਪਾਲ

ਮਿੰਨੀ ਕਹਾਣੀ/ਮੈਂ ‘ਡਲਿਵਰੀ ਬੁਆਏ’ ਹਾਂ/ਯਸ਼ ਪਾਲ

ਮੈਂ ਡਿਲੀਵਰੀ ਬੁਆਏ ਹਾਂ। ਜ਼ਿਆਦਾਤਰ ਸ਼ਾਮ ਦੀ ਸ਼ਿਫਟ ਕਰਦਾ ਹਾਂ  ਉਸ ਦਿਨ ਰਾਤ ਕਰੀਬ 9 ਵਜੇ ਆਖ਼ਰੀ ਆਰਡਰ ਉਠਾਇਆ। ਰੈਸਟੋਰੈਂਟ ਤੋਂ ਪੈਕਟ ਲਿਆ ਤਾਂ ਦੇਖਿਆ- ਆਰਡਰ ਛੋਟਾ ਸੀ,ਬੱਸ ਇੱਕ ਸਾਦਾ ਖਿਚੜੀ, ਦਹੀਂ ਤੇ ਦੋ ਕੇਲੇ। ਪਤਾ,ਸ਼ਹਿਰ ਦੇ ਪੁਰਾਣੇ ਪਾਸੇ ਦਾ ਸੀ। ਇੱਕ ਜਰਜ਼ਰ-ਜਿਹੀ ਬਿਲਡਿੰਗ।ਉੱਪਰ ਤੀਜੀ ਮੰਜ਼ਿਲ।ਡੋਰਬੈਲ ਦੱਬੀ। ਦਰਵਾਜ਼ਾ ਇੱਕ ਬੁੱਢੀ ਅੰਮਾਂ ਨੇ ਖੋਲ੍ਹਿਆ। ਸਫੈਦ ਵਾਲ,ਕੰਬਦੇ ਹੱਥ, ਅੱਖਾਂ ‘ਤੇ ਮੋਟਾ ਚਸ਼ਮਾ। ਚਿਹਰੇ ‘ਤੇ ਥਕਾਨ ਸੀ,ਪਰ ਆਵਾਜ਼ ‘ਚ ਮਿਠਾਸ–

” ਬੇਟਾ,ਜ਼ਰਾ ਅੰਦਰ ਰੱਖ ਦਿਉ…ਹੱਥ ਕੰਬਦੇ ਨੇ।”

ਮੈਂ ਖਾਣਾ ਟੇਬਲ ‘ਤੇ ਰੱਖਕੇ ਮੁੜਿਆ ਹੀ ਸੀ ਕਿ ਉਸ ਨੇ ਪੁੱਛਿਆ–

“ਦੋ ਮਿੰਟ ਬੈਠੋਗੇ?
ਇਕੱਲੇ ਖਾਣਾ ਚੰਗਾ ਨ੍ਹੀਂ ਲਗਦਾ।”

ਮੈਂ ਘੜੀ ਦੇਖੀ। ਸ਼ਿਫਟ ਖ਼ਤਮ ਹੋ ਚੁੱਕੀ ਸੀ। ਥੋੜ੍ਹਾ ਥੱਕਿਆ ਹੋਇਆ ਸੀ। ਪਰ ਪਤਾ ਨਹੀਂ ਕਿਉਂ, ਮੈਂ ਬੈਠ ਗਿਆ। ਕਮਰੇ ‘ਚ ਸੰਨਾਟਾ ਸੀ। ਕੰਧ ‘ਤੇ ਪੁਰਾਣੀ ਘੜੀ ਟਿੱਕ-ਟਿੱਕ ਕਰ ਰਹੀ ਸੀ। ਇੱਕ ਕੋਨੇ ‘ਚ ਭਗਵਾਨ ਦੀ ਨਿੱਕੀ-ਜਿਹੀ ਤਸਵੀਰ। ਤੇ ਸਾਹਮਣੇ ਕੰਧ ‘ਤੇ ਦਰਜਨਾਂ ਫ਼ੋਟੋਆਂ। ਉਸ ਨੇ ਥਾਲੀ ਖੋਲ੍ਹੀ। ਹੌਲੀ-ਹੌਲੀ ਖਿਚੜੀ ਖਾਣ ਲੱਗੀ। ਹਰ ਦੋ ਬੁਰਕੀਆਂ ਤੋਂ ਬਾਅਦ ਮੇਰੇ ਵੱਲ ਦੇਖ ਕੇ ਮੁਸਕਰਾ ਦਿੰਦੀ।

ਫਿਰ ਬੋਲੀ-

“ਜਾਣਦੇ ਹੋ ਬੇਟਾ, ਮੈਂ ਰੋਜ ਬਾਹਰ ਦਾ ਖਾਣਾ ਨਹੀਂ ਮੰਗਾਉਂਦੀ। ਅੱਜ ਬੱਸ ਮਨ ਕੀਤਾ… ਕਿਸੇ ਇਨਸਾਨ ਦੀ ਆਵਾਜ਼ ਸੁਣਨ ਦਾ। ਮੈਂ ਚੁੱਪ ਰਿਹਾ। ਉਸਨੇ ਸਾਹਮਣੇ ਲੱਗੀ ਤਸਵੀਰ ਵੱਲ ਇਸ਼ਾਰਾ ਕੀਤਾ। “ਇਹ ਮੇਰੇ ਪਤੀ ਨੇ। ਰੇਲਵੇ ‘ਚ ਸਨ।ਪੰਜ ਸਾਲ ਪਹਿਲਾਂ ਚਲੇ ਗਏ। ਫਿਰ ਦੂਜੀ ਤਸਵੀਰ– “ਇਹ ਬੇਟਾ ਹੈ। ਕੈਨੇਡਾ ‘ਚ ਰਹਿੰਦੈ। ਬਹੁਤ ਚੰਗਾ ਹੈ…ਹਰ ਮਹੀਨੇ ਪੈਸੇ ਭੇਜਦੈ।”

ਫਿਰ ਥੋੜੀ ਦੇਰ ਚੁੱਪ ਰਹੀ। ਮੁਸਕਰਾਈ,ਪਰ ਇਸ ਵਾਰ ਅੱਖਾਂ ਭਿੱਜ ਗਈਆਂ–

“ਬੱਸ…ਸਮਾਂ ਨ੍ਹੀਂ ਭੇਜ ਪਾਉਂਦਾ।”

ਕਮਰੇ ‘ਚ ਅਚਾਨਕ ਘੜ੍ਹੀ ਦੀ ਟਿੱਕ-ਟਿੱਕ ਬਹੁਤ ਤੇਜ ਸੁਣਾਈ ਦੇਣ ਲੱਗੀ। ਉਸਨੇ ਇੱਕ ਬੁਰਕੀ ਹੋਰ ਖਾਧੀ। “ਇਹ ਬੇਟੀ ਹੈ।ਬੰਗਲੌਰ ‘ਚ। ਆਪਣੀ ਦੁਨੀਆਂ ‘ਚ ਖੁਸ਼ ਹੈ। ਹੋਣਾ ਵੀ ਚਾਹੀਦੈ। ਬੱਚੇ ਜੇ ਉੱਡਣ ਹੀ ਨਾ,ਤਾਂ ਮਾਂ-ਪਿਉ ਨੇ ਪਾਲਿਆ ਹੀ ਕਾਹਦਾ?”

ਬੋਲਦੇ-ਬੋਲਦੇ ਉਸਦੀ ਆਵਾਜ਼ ਭਰਰਾ ਗਈ। ਪਰ ਚਿਹਰੇ ‘ਤੇ ਸ਼ਿਕਾਇਤ ਨਹੀਂ ਸੀ। ਬੱਸ ਖਾਲੀਪਨ ਸੀ।

ਉਸਨੇ ਮੈਨੂੰ ਪੁੱਛਿਆ–

“ਤੇਰੀ ਮਾਂ ਹੈ?”

ਮੈਂ ਕਿਹਾ–
“ਹਾਂ।”

“ਫ਼ੋਨ ਕਰਦੈਂ ਰੋਜ?”

ਮੈਂ ਚੁੱਪ ਹੋ ਗਿਆ। ਸੱਚ ਇਹ ਸੀ ਕਿ ਮੈਂ ਕਈ-ਕਈ ਦਿਨ ਘਰ ਫ਼ੋਨ ਨਹੀਂ ਸੀ ਕਰਦਾ। ਥਕਾਨ, ਕੰਮ, ਭੱਜ-ਦੌੜ… ਹਰ ਵਾਰ ਇਹੋ ਸੋਚਕੇ ਟਾਲ ਦਿੰਦਾ ਸੀ ਕਿ ਕੱਲ੍ਹ ਕਰਾਂਗਾ

ਉਸਨੇ ਮੇਰੀ ਚੁੱਪੀ ਪੜ੍ਹ ਲੀ। ਹਲਕੇ ਜਿਹੇ ਬੋਲੀ–

“ਮਾਂ-ਪਿਉ ਪੈਸੇ ਨਹੀਂ ਗਿਣਦੇ, ਬੇਟਾ..

ਆਵਾਜ਼ ਗਿਣਦੇ ਨੇ।

ਮੇਰੇ ਅੰਦਰ ਕੁਸ਼ ਚੁੱਪ-ਚਾਪ ਟੁੱਟ ਗਿਆ। ਖਾਣਾ ਖਤਮ ਹੋਇਆ। ਉਸਨੇ ਪਾਣੀ ਪੀਤਾ। ਫਿਰ ਪਰਸ ‘ਚੋਂ 500 ਰੁਪਏ ਕੱਢ ਕੇ ਮੇਰੇ ਵੱਲ ਕੀਤੇ। ਇਹ ਟਿੱਪ ਨਹੀਂ ਹੈ। ਇਹ ਉਸ ਅੱਧੇ ਘੰਟੇ ਦੀ ਕੀਮਤ ਹੈ,ਜਿਸ ‘ਚ ਤੂੰ ਮੈਨੂੰ ਇਕੱਲਿਆਂ ਨਹੀਂ ਖਾਣ ਦਿੱਤਾ।

ਮੈਂ ਤੁਰੰਤ ਮਨ੍ਹਾ ਕੀਤਾ-

“ਨਹੀਂ ਅੰਮਾਂ, ਇਹ ਨਹੀਂ ਲੈ ਸਕਦਾ।”

ਉਹ ਮੁਸਕਰਾਈ–

“ਲੈ ਲਾ
ਤੂੰ ਖਾਣਾ ਨ੍ਹੀਂ ਦਿੱਤਾ..
ਅੱਜ ਤੂੰ ਸਾਥ ਦਿੱਤਾ ਹੈ।”

ਮੈਂ ਪੈਸੇ ਲੈ ਲਏ।
ਪਰ ਜੇਬ ‘ਚ ਨਹੀਂ ਰੱਖੇ।
ਹੱਥ ‘ਚ ਹੀ ਫੜੀ ਰੱਖੇ।

ਜਾਂਦੇ-ਜਾਂਦੇ ਉਸ ਨੇ ਕਿਹਾ–

“ਤੇ ਹਾਂ
ਅੱਜ ਘਰ ਜਾਕੇ ਮਾਂ ਨੂੰ ਫ਼ੋਨ ਜ਼ਰੂਰ ਕਰਨਾ।”

ਉਸ ਰਾਤ ਮੈਂ ਬਿਲਡਿੰਗ ਦੇ ਹੇਠਾਂ ਬਾਈਕ ਸਟਾਰਟ ਨਹੀਂ ਕੀਤੀ।
ਪਹਿਲਾਂ ਮਾਂ ਨੂੰ ਫ਼ੋਨ ਲਾਇਆ।

ਉੱਧਰੋਂ ਆਵਾਜ਼ ਆਈ

“ਅੱਜ ਅਚਾਨਕ?
ਸਭ ਠੀਕ ਹੈ ਨਾ?”

ਬੱਸ ਇੰਨਾ ਸੁਣਦੇ ਹੀ ਗਲਾ ਭਰ ਆਇਆ।

ਮੈਂ ਕਿਹਾ-

“ਹਾਂ ਮਾਂ…
ਬੱਸ ਤੇਰੀ ਆਵਾਜ਼ ਸੁਣਨੀ ਸੀ।”

ਉੱਧਰ ਕੁੱਝ ਸਕਿੰਟ ਖ਼ਾਮੋਸ਼ੀ ਰਹੀ।
ਫਿਰ ਮਾਂ ਬੋਲੀ-

“ਖਾਣਾ ਖਾਇਆ?”

ਤੇ ਮੈਂ ਸੜਕ ਕਿਨਾਰੇ ਖੜ੍ਹਾ ਰੋ ਪਿਆ। ਉਸ ਰਾਤ ਤੋਂ ਬਾਅਦ ਮੈਂ ਰੋਜ ਮਾਂ ਨੂੰ ਫ਼ੋਨ ਕਰਨ ਲੱਗ ਪਿਆ। ਤੇ ਸਿਰਫ਼ ਮਾਂ ਨੂੰ ਨਹੀਂ ਹਰ ਡਿਲਿਵਰੀ ਹੁਣ ਮੇਰੇ ਲਈ ਸਿਰਫ਼ ਆਰਡਰ ਨਹੀਂ ਰਹੀ। ਕਿਸੇ ਘਰ ‘ਚ ਦਵਾ ਜਾਂਦੀ ਹੈ। ਕਿਸੇ ਘਰ ‘ਚ ਅਕੇਲਾਪਨ। ਕਿਸੇ ਘਰ ‘ਚ ਇੰਤਜ਼ਾਰ।
ਕਿਸੇ ਘਰ ‘ਚ ਬੱਸ
ਇੱਕ ਆਵਾਜ਼ ਦੀ ਲੋੜ ਹੁੰਦੀ ਹੈ।

ਮੈਂ ਹੁਣ ਦਰਵਾਜ਼ਾ ਖੁਲ੍ਹਣ ‘ਤੇ ਜਲਦੀ ਨਹੀਂ ਕਰਦਾ ਚਿਹਰਾ ਦੇਖਦਾ ਹਾਂ। ਆਵਾਜ਼ ਸੁਣਦਾ ਹਾਂ। ਕਦੇ ਪੁੱਛ ਲੈਂਦਾ ਹਾਂ “ਹੋਰ ਸਭ ਠੀਕ?”

ਜਿਆਦਾਤਰ ਲੋਕ ਬੱਸ “ਹਾਂ” ਕਹਿੰਦੇ ਨੇ। ਕੁਸ਼ ਲੋਕ ਮੁਸਕਰਾ ਦਿੰਦੇ ਨੇ। ਤੇ ਕੁੱਝ ਦੇ ਚਿਹਰੇ ਦੱਸ ਦਿੰਦੇ ਨੇ ਕਿ ਉਨ੍ਹਾਂ ਨੇ ਪੂਰੇ ਦਿਨ ਕਿਸੇ ਨਾਲ ਗੱਲ ਨਹੀਂ ਕੀਤੀ। ਦੋ ਮਹੀਨੇ ਬਾਅਦ ਉਸੇ ਪਤੇ ‘ਤੇ ਫਿਰ ਆਰਡਰ ਆਇਆ। ਮੈਂ ਭੱਜ ਕੇ ਗਿਆ। ਦਰਵਾਜ਼ਾ ਕਿਸੇ ਹੋਰ ਨੇ ਖੋਲ੍ਹਿਆ। ਪੜੋਸ ਵਾਲੀ ਆਂਟੀ ਸੀ। ਹੌਲੀ ਦੇਣੀ ਬੋਲੀ-“ਅੰਮਾਂ ਪਿਛਲੇ ਹਫ਼ਤੇ ਚਲੀ ਗਈ।”

ਕੁੱਝ ਸਕਿੰਟ ਤੱਕ ਮੈਂ ਦਰਵਾਜ਼ੇ ‘ਤੇ ਖੜ੍ਹਾ ਰਿਹਾ।
ਹੱਥ ਖਾਲੀ ਸਨ,ਪਰ ਅੰਦਰ ਕੁੱਝ ਭਾਰੀ ਡਿੱਗ ਚੁੱਕਿਆ ਸੀ।

ਉਸਨੇ ਅੰਦਰੋਂ ਇੱਕ ਛੋਟਾ ਜਿਹਾ ਲਿਫ਼ਾਫ਼ਾ ਲਿਆ ਕੇ ਦਿੱਤਾ।

“ਤੇਰੇ ਲਈ ਛੱਡ ਗਈ ਸੀ।”

ਕੰਬਦੇ ਹੱਥਾਂ ਨਾਲ ਖੋਲ੍ਹਿਆ।

ਅੰਦਰ 500 ਰੁਪਏ ਸਨ।
ਤੇ ਇੱਕ ਛੋਟੀ ਜਿਹੀ ਪਰਚੀ।

ਉਸ ‘ਤੇ ਲਿਖਿਆ ਸੀ

“ਬੇਟਾ, ਜੇ ਤੂੰ ਪੜ੍ਹ ਰਿਹਾ ਹੈਂ,ਤਾਂ ਮੈਂ ਜਾ ਚੁੱਕੀ ਹਾਂ।

ਧੰਨਵਾਦ,ਉਸ ਰਾਤ ਮੇਰੇ ਨਾਲ ਖਾਣਾ ਖਾਣ ਲਈ।

ਤੂੰ ਮੈਨੂੰ ਖਾਣਾ ਨਹੀਂ, ਸਨਮਾਨ ਦਿੱਤਾ।

ਤੇ ਹਾਂ-ਮਾਂ ਨੂੰ ਫ਼ੋਨ ਕਰਦੇ ਰਹਿਣਾ।”
– ਅੰਮਾਂ

ਅੱਜ ਵੀ,ਉਹ 500 ਰੁਪਏ ਮੇਰੇ ਬੈਗ ਦੀ ਅੰਦਰਲੀ ਜੇਬ ‘ਚ ਰੱਖੇ ਹੋਏ ਨੇ।
ਖਰਚ ਨਹੀਂ ਕੀਤੇ।

ਕਿਉਂਕਿ ਉਸ ਰਾਤ ਪਹਿਲੀ ਵਾਰ ਸਮਝ ਆਇਆ–

ਹਰ ਦਰਵਾਜ਼ੇ ਪਿੱਛੇ ਸਿਰਫ਼ ਇੱਕ ਗਾਹਕ ਨਹੀਂ ਹੁੰਦਾ। ਕਦੇ ਇੱਕ ਮਾਂ ਹੁੰਦੀ ਹੈ। ਕਦੇ ਕੋਈ ਇੰਤਜ਼ਾਰ। ਕਦੇ ਇੱਕ ਆਖਰੀ ਗੱਲਬਾਤ।

ਅਸੀਂ ਸਾਰੇ ਆਪਣੀ ਆਪਣੀ ਭੁੱਖ ਲੈਕੇ ਜਿਉਂ ਰਹੇ ਹਾਂ–
ਕਿਸੇ ਨੂੰ ਰੋਟੀ ਦੀ ਲੋੜ ਹੈ
ਕਿਸੇ ਨੂੰ ਦਵਾ ਦੀ
ਤੇ ਕਿਸੇ ਨੂੰ ਬੱਸ ਦੋ ਮਿੰਟ ਦਾ ਸਾਥ।

ਇਨਸਾਨ ਨੂੰ ਹਮੇਸ਼ਾ ਪੈਸੇ ਦੀ ਨਹੀਂ, ਕਦੇ ਕਦੇ ਬੱਸ ਮੌਜੂਦਗੀ ਦੀ
ਡਿਲਿਵਰੀ ਚਾਹੀਦੀ ਹੈ।

ਮੂਲ #ਅਗਿਆਤ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment