ਮਨਰੇਗਾ ਵਰਕਰਾਂ ਨੇ ਸਰਕਾਰ ਤੋਂ ਬਕਾਇਆ ਤਨਖ਼ਾਹ ਤੁਰੰਤ ਦੇਣ ਦੀ ਕੀਤੀ ਮੰਗ
ਬਰਨਾਲਾ, 5 ਅਕਤੂਬਰ – ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਦੇ ਵੀ.ਬੀ.ਜੀ. ਰਾਮਜੀ ਕਾਨੂੰਨ ਤਹਿਤ ਜੰਗਲਾਤ ਲਈ ਬੂਟਿਆਂ ਨੂੰ ਪਾਣੀ ਪਾਉਣ ਅਤੇ ਲਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਨੇ ਦੋ ਮਹੀਨਿਆਂ ਤੋਂ ਬਕਾਇਆ ਪਈ ਮਜ਼ਦੂਰੀ ਦੀ ਅਦਾਇਗੀ ਨਾ ਹੋਣ ’ਤੇ ਰੋਸ ਪ੍ਰਗਟ ਕੀਤਾ। ਇਸ ਸਬੰਧੀ ਮੇਵਾ ਸਿੰਘ ਅਤੇ ਨਛੱਤਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਮਜ਼ਦੂਰਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ। ਮੀਟਿੰਗ ਨੂੰ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਪ੍ਰਧਾਨ ਸਾਥੀ ਸ਼ੇਰ ਸਿੰਘ ਛੰਨਾ ਨੇ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ ਤੇ ਬਾਲਮਕੰਦ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦੀ ਡਿਜੀਟਲ ਹਾਜ਼ਰੀ ਕੰਮ ਵਾਲੀ ਥਾਂ ਤੋਂ ਦੂਰ ਲਗਾਈ ਜਾਂਦੀ ਹੈ ਤੇ ਕੰਮ ਵੀ ਦੂਰ-ਦੁਰਾਡੇ ਕਰਵਾਇਆ ਜਾਂਦਾ ਹੈ, ਜਿਸ ਨਾਲ ਸਮੇਂ ਤੇ ਕੰਮ ਦਾ ਨੁਕਸਾਨ ਹੁੰਦਾ ਹੈ। ਸਾਥੀ ਛੰਨਾ ਨੇ ਕਿਹਾ ਕਿ ਡਿਜੀਟਲ ਹਾਜ਼ਰੀ ਕੰਮ ਸ਼ੁਰੂ ਅਤੇ ਸਮਾਪਤ ਹੋਣ ਵਾਲੀ ਥਾਂ ’ਤੇ ਹੀ ਲੱਗਣੀ ਚਾਹੀਦੀ ਹੈ। ਉਨ੍ਹਾਂ ਮਗਨਰੇਗਾ ਬਹਾਲ ਕਰਨ ਅਤੇ ਵੀ.ਬੀ.ਜੀ. ਰਾਮਜੀ ਕਾਨੂੰਨ ਰੱਦ ਕਰਨ ਲਈ ਸੰਘਰਸ਼ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸਬੰਧੀ 10 ਅਕਤੂਬਰ ਨੂੰ ਸਵੇਰੇ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਮਜ਼ਦੂਰਾਂ ਨੇ ਮੀਟਿੰਗ ’ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ।
Share this content:



Post Comment