Loading Now

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਸਮਾਗਮਾਂ ਦੀ ਸ਼ੁਰੂਆਤ

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਸਮਾਗਮਾਂ ਦੀ ਸ਼ੁਰੂਆਤ

ਪਟਿਆਲਾ – 2 ਨਵੰਬਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਮਨਾਏ ਜਾਣ ਵਾਲੇ ‘ਪੰਜਾਬੀ ਮਾਹ-2026’ ਦੇ ਸਮਾਗਮਾਂ ਦਾ ਆਗਾਜ਼ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਹੋਏ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ ਨੇ ਕੁੰਜੀਵਤ ਭਾਸ਼ਣ ਦਿੱਤਾ। ਇਸ ਮੌਕੇ ਨੌਜਵਾਨ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਗਾਇਕੀ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ 10 ਲਿਖਾਰੀਆਂ ਨੂੰ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਪੰਜਾਬੀ ਇੱਕ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਇੱਕ ਤਾਕਤ ਹੈ ਜਿਸ ਰਾਹੀਂ ਸਮੇਂ-ਸਮੇਂ ’ਤੇ ਬਹੁਤ ਵੱਡੇ ਬਦਲਾਅ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਲਈ ਵਚਨਬੱਧ ਹੈ। ਆਪਣੇ ਸਵਾਗਤੀ ਭਾਸ਼ਣ ’ਚ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਦਿਵਸ ਮਨਾਉਣ ਦਾ ਮਕਸਦ ਹੈ ਕਿ ਆਪਣੀ ਬਰਬਾਦੀ ਨੂੰ ਯਾਦ ਰੱਖੀਏ ਅਤੇ ਭਵਿੱਖ ਵਿੱਚ ਮੁੜ ਬਰਬਾਦ ਨਾ ਹੋਈਏ। ਪ੍ਰਧਾਨਗੀ ਭਾਸ਼ਣ ’ਚ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੋਸਟ ਗ੍ਰੈਜੂਏਸ਼ਨ ’ਚ ਸਾਇੰਸ ਦੇ ਕੋਰਸਾਂ ’ਚ ਪੰਜਾਬੀ ਵਿਸ਼ਾ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਕੁੰਜੀਵਤ ਭਾਸ਼ਣ ’ਚ ਡਾ. ਆਤਮ ਰੰਧਾਵਾ ਨੇ ਕਿਹਾ ਕਿ ਏ ਆਈ ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਨੂੰ ਜ਼ਮਾਨੇ ਦੇ ਮੇਚ ਦੀ ਬਣਾਉਣ ਲਈ ਯਤਨ ਕਰਨ ਦੀ ਲੋੜ ਹੈ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।

ਪੰਜਾਬ ਦਿਵਸ ਮੌਕੇ ਪੰਜਾਬੀ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਵੱਖ-ਵੱਖ ਵੰਨਗੀਆਂ ਦੇ 10 ਪੁਰਸਕਾਰ ਅਤੇ ਇਕ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਸਵੈ-ਜੀਵਨੀ) ਵਰਿਆਮ ਮਸਤ ਦੀ ਪੁਸਤਕ ‘ਰੰਗਮੰਚ ਦੇ ਦਿਨ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਜਸਪਾਲ ਮਾਨਖੇੜਾ ਦੀ ਪੁਸਤਕ ‘ਹਵੇਲੀਆਲਾ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ) ਭੁਪਿੰਦਰ ਸਿੰਘ ਮਾਨ ਦੀ ਪੁਸਤਕ ‘ਲਾਲ ਰੱਤਾ’, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ) ਅਜੈ ਤਨਵੀਰ ਦੀ ਪੁਸਤਕ ‘ਜਾਦੂਨਗਰੀ ਦੇ ਜਾਦੂਗਰ’, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਡਾ. ਨਵਦੀਪ ਕੌਰ ਦੀ ਪੁਸਤਕ ‘ਅਹਿ‌‌ਲਿਆ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ) ਕੁਲਬੀਰ ਮਲਿਕ ਦੀ ਪੁਸਤਕ ‘ਡਾਕ ਨਿੱਤ ਆਵੇਗੀ…’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਜੰਗ ਬਹਾਦੁਰ ਗੋਇਲ ਦੀ ਪੁਸਤਕ ‘ਜੰਗਲ ਤੋਂ ਪਾਰ (ਸੀਤਾ ਰਤਨਾਮਲ)’ ਨੂੰ, ਐੱਮ ਐੱਸ ਰੰਧਾਵਾ ਪੁਰਸਕਾਰ (ਸੰਪਾਦਨ) ਪ੍ਰਿੰ. ਲਵਲੀ ਸ. ਪੰਨੂ ਦੀ ਪੁਸਤਕ ‘ਪੁਆਧੀ ਲੋਕ-ਕਾਵਿ (ਟੱਪੇ ਅਤੇ ਜੱਕੜੀਆਂ)’ ਅਤੇ ਡਾ. ਅਤਰ ਸਿੰਘ ਪੁਰਸਕਾਰ (ਖੋਜ) ਡਾ. ਧਰਮ ਸਿੰਘ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਨੂੰ ਦਿੱਤੇ ਗਏ। ਡਾ. ਸੁਰਜੀਤ ਪਾਤਰ ਯੁਵਾ ਪੁਰਸਕਾਰ ਉਭਰਦੇ ਕਵੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਸਨਮਾਨਾਂ ਤਹਿਤ ਡਾ. ਰਣਜੀਤ ਸਿੰਘ, ਭੁਪਿੰਦਰ ਦੁਲੇਅ ਟੋਰਾਂਟੋ, ਹਰਕੀਰਤ ਕੌਰ ਚਹਿਲ ਕੈਨੇਡਾ, ਪ੍ਰੋ. ਅਰਵਿੰਦਰ ਸਿੰਘ ਘਨੌਰ, ਸਰਵੋਤਮ ਕਰਮਚਾਰੀ ਵਜੋਂ ਮਨਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Share this content:

Post Comment