Loading Now

ਬ੍ਰਿਟੇਨ ਵਿੱਚ ਸਿੱਖ ਨੌਜਵਾਨ ਦੀ ਕੈਦ ਦੀ ਸਜ਼ਾ ਵਧਾਈ

ਬ੍ਰਿਟੇਨ ਵਿੱਚ ਸਿੱਖ ਨੌਜਵਾਨ ਦੀ ਕੈਦ ਦੀ ਸਜ਼ਾ ਵਧਾਈ

ਲੰਡਨ, 6 ਨਵੰਬਰ – ਬਰਤਾਨੀਆ ਦੀ ਇਕ ਅਦਾਲਤ ਨੇ 18 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਦੀ ਉਮਰ ਕੈਦ ਦੀ ਸਜ਼ਾ ਦੀ ਘੱਟੋ-ਘੱਟ ਮਿਆਦ ਵਧਾ ਦਿੱਤੀ ਹੈ। ਹੁਣ ਮੁਲਜ਼ਮ ਵਿਕਰਮ ਦਿਗਵਾ ਨੂੰ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 25 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਪਹਿਲਾਂ ਇਹ ਮਿਆਦ 21 ਸਾਲ ਤੈਅ ਕੀਤੀ ਗਈ ਸੀ। ਦਿਗਵਾ ਨੇ ਧਾਰਮਿਕ ਕਿਰਪਾਨ ਨਾਲ ਸਵੈ-ਰੱਖਿਆ ਕਰਨ ਦਾ ਦਾਅਵਾ ਕਰਦਿਆਂ ਆਪਣੇ ਬਚਾਅ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਹੈਨਰੀ ਨੋਵਾਕ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਨੋਵਾਕ ਦੋਸਤਾਂ ਨਾਲ ਬਾਹਰ ਸਮਾਂ ਬਿਤਾਉਣ ਤੋਂ ਬਾਅਦ ਪੋਰਟਸਵੁੱਡ ਇਲਾਕੇ ਵਿੱਚ ਆਪਣੇ ਘਰ ਪਰਤ ਰਿਹਾ ਸੀ, ਜਦੋਂ ਦਿਗਵਾ ਨੇ ਉਸ ’ਤੇ ਪੰਜ ਵਾਰ ਹਮਲਾ ਕੀਤਾ ਸੀ। ਇੰਗਲੈਂਡ ਅਤੇ ਵੇਲਜ਼ ਦੀ ਲਾਰਡ ਚੀਫ਼ ਜਸਟਿਸ ਬੈਰੋਨੈੱਸ ਸੂ ਕਾਰ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿਰਪਾਨ ਨੂੰ ਸ਼ੁਰੂ ਵਿੱਚ ਕਾਨੂੰਨੀ ਤੌਰ ’ਤੇ ਆਪਣੇ ਕੋਲ ਰੱਖਣਾ ਇਸ ਦੀ ਬਾਅਦ ਵਿੱਚ ਗ਼ੈਰਕਾਨੂੰਨੀ ਵਰਤੋਂ ਦੀ ਗੰਭੀਰਤਾ ਨੂੰ ਘੱਟ ਨਹੀਂ ਕਰਦਾ। ਅਦਾਲਤ ਨੇ ਪਹਿਲਾਂ ਸੁਣਾਈ ਗਈ ਸਜ਼ਾ ਨੂੰ ਲੋੜ ਤੋਂ ਵੱਧ ਨਰਮ ਕਰਾਰ ਦਿੱਤਾ ਅਤੇ ਦਿਗਵਾ ਨੂੰ ਇਸ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਦਿਗਵਾ ਨੂੰ ਜੂਨ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਅਦਾਲਤ ਨੇ ਇਹ ਮਿਆਦ ਵਧਾ ਕੇ 25 ਸਾਲ ਕਰ ਦਿੱਤੀ ਹੈ। ਹਾਲਾਂਕਿ ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਵਿਰੁੱਧ ਵੀ ਅਪੀਲ ਦਾਇਰ ਕੀਤੀ ਹੋਈ ਹੈ, ਜਿਸ ਬਾਰੇ ਵੱਖਰੇ ਤੌਰ ’ਤੇ ਫ਼ੈਸਲਾ ਕੀਤਾ ਜਾਵੇਗਾ।

Sikh Kirpan Controversy: ਕਿਰਪਾਨ ਨੂੰ ਸਵੈ-ਰੱਖਿਆ ਦਾ ਹਥਿਆਰ ਦੱਸਣ ਕਾਰਨ ਵਿਵਾਦ

ਇਹ ਮਾਮਲਾ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਿਆ ਸੀ ਜਦੋਂ ਮੁਲਜ਼ਮ ਨੇ ਆਪਣੇ ਬਚਾਅ ਵਿੱਚ ਧਾਰਮਿਕ ਸਵੈ-ਰੱਖਿਆ ਦੀ ਦਲੀਲ ਦਿੱਤੀ ਸੀ। ਉਸ ਦਾ ਦਾਅਵਾ ਸੀ ਕਿ ਕਤਲ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਸੀ। ਬਰਤਾਨੀਆ ਵਿੱਚ ਸਿੱਖਾਂ ਨੂੰ ਧਾਰਮਿਕ ਮਾਨਤਾ ਤਹਿਤ ਕਿਰਪਾਨ ਆਪਣੇ ਕੋਲ ਰੱਖਣ ਦੀ ਕਾਨੂੰਨੀ ਛੋਟ ਹੈ। ਇਸ ਮਾਮਲੇ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਵਧਣ ਅਤੇ ਇਸ ਘਟਨਾ ਦੇ ਆਧਾਰ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖ਼ਦਸ਼ਾ ਜਤਾਇਆ ਸੀ। ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਕਿਰਪਾਨ ਦੀ ਗ਼ਲਤ ਪੇਸ਼ਕਾਰੀ ਦੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਇਸ ਮਾਮਲੇ ਵਿੱਚ ਕਿਸੇ ਵੀ ਧਾਰਮਿਕ ਛੋਟ ਜਾਂ ਜਾਇਜ਼ਤਾ ਦਾ ਸਵਾਲ ਪੈਦਾ ਨਹੀਂ ਹੁੰਦਾ।

ਦਿਗਵਾ ਦੀ ਮਾਂ ਨੂੰ ਵੀ ਤਿੰਨ ਸਾਲ ਦੀ ਕੈਦ

ਇਸ ਮਾਮਲੇ ਵਿੱਚ ਦਿਗਵਾ ਦੀ ਭਾਰਤ ਵਿੱਚ ਜਨਮੀ ਮਾਂ ਕਿਰਨ ਕੌਰ ਨੂੰ ਵੀ ਜੁਲਾਈ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। 53 ਸਾਲਾ ਕਿਰਨ ਕੌਰ ਨੂੰ ਅਪਰਾਧੀ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੇ ਵਿਕਰਮ ਵੱਲੋਂ ਕਤਲ ਲਈ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਜਾਂਚ ਵਿੱਚ ਅੜਿੱਕਾ ਪਾਉਣ ਦੇ ਇਰਾਦੇ ਨਾਲ ਇਸ ਨੂੰ ਘਟਨਾ ਵਾਲੀ ਥਾਂ ਤੋਂ ਹਟਾਉਣ ਵਿੱਚ ਮਦਦ ਕੀਤੀ ਸੀ। ਸਜ਼ਾ ਸੁਣਾਉਂਦਿਆਂ ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਸੀ ਕਿ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ ਕਿ ਕਿਰਪਾਨ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਪਹਿਨੀ ਜਾਂਦੀ ਹੈ ਅਤੇ ਇਸ ਨੂੰ ਹਮਲਾ ਕਰਨ ਦੇ ਮਕਸਦ ਨਾਲ ਕਦੇ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਸੀ ਕਿ ਕਿਰਪਾਨ ਦੀ ਵਰਤੋਂ ਨੂੰ ਸਵੈ-ਰੱਖਿਆ ਲਈ ਜਾਇਜ਼ ਠਹਿਰਾਉਣ ਵਾਸਤੇ ਖ਼ਤਰਾ ਬਹੁਤ ਗੰਭੀਰ ਅਤੇ ਤੁਰੰਤ ਹੋਣਾ ਚਾਹੀਦਾ ਹੈ।

Share this content:

Post Comment