ਧਨਤੇਰਸ ਤੋਂ ਦੀਵਾਲੀ ਤੱਕ ਤਿਉਹਾਰਾਂ ਦੀ ਧੂਮ, ਪੰਜ ਦਿਨਾਂ ਤੱਕ ਜਗਮਗਾਉਣਗੇ ਘਰ
ਵਾਰਾਣਸੀ ,6 ਨਵੰਬਰ – ਸਨਾਤਨ ਧਰਮ ਦੇ ਪੈਰੋਕਾਰਾਂ ਦੇ ਤਿਉਹਾਰਾਂ ਵਿਚ ਦੀਵਿਆਂ ਦੇ ਤਿਉਹਾਰ ਦੀਵਾਲੀ ਵੱਖਰੀ ਅਹਿਮੀਅਤ ਰੱਖਦਾ ਹੈ। ਪੰਜ ਦਿਨਾਂ ਦੇ ਇਸ ਦੀਪ-ਜੋਤੀ ਪੁਰਬ ਦੀ ਲੜੀ ਵਿਚ ਨੌਂ ਤਿਉਹਾਰ ਸ਼ਾਮਲ ਹਨ। ਇਸ ਦੀ ਸ਼ੁਰੂਆਤ 6 ਨਵੰਬਰ ਨੂੰ ਧਨਤ੍ਰਯੋਦਸ਼ੀ (ਧਨਤੇਰਸ) ਨਾਲ ਹੋਵੇਗੀ।
ਜੋਤਿਸ਼ਾਚਾਰਿਆ ਪੰ. ਰਿਸ਼ੀ ਦਿਵੇਦੀ ਮੁਤਾਬਕ 7 ਨਵੰਬਰ ਨੂੰ ਸੂਰਜ ਚੜ੍ਹਨ ਵੇਲੇ ਤ੍ਰਯੋਦਸ਼ੀ ਹੋਣ ਕਾਰਨ ਧਨਵੰਤਰੀ ਜੈਅੰਤੀ ਮਨਾਈ ਜਾਵੇਗੀ। ਪ੍ਰਦੋਸ਼ ਕਾਲ ਵਿਚ ਚਤੁਰਦਸ਼ੀ ਹੋਣ ਕਰ ਕੇ ਨਰਕ ਚਤੁਰਦਸ਼ੀ ਅਤੇ ਹਨੂਮਾਨ ਜੈਅੰਤੀ ਵੀ ਇਸੇ ਦਿਨ ਹੋਵੇਗੀ। 8 ਨਵੰਬਰ ਨੂੰ ਦੀਵਾਲੀ ਅਤੇ ਕਾਲੀ ਪੂਜਾ ਮਨਾਈ ਜਾਵੇਗੀ। 9 ਨਵੰਬਰ ਨੂੰ ਸੂਰਜ ਚੜ੍ਹਨ ਵੇਲੇ ਮਸਿਆ ਹੋਣ ਅਤੇ ਕਾਰਤਿਕ ਸ਼ੁਕਲ ਪ੍ਰਤੀਪਦਾ ਦੇ ਮੌਕੇ ਅੰਨਕੂਟ ਮਹਾ ਉਤਸਵ ਮਨਾਇਆ ਜਾਵੇਗਾ, ਕਾਸ਼ੀ ਤੋਂ ਇਲਾਵਾ ਹੋਰ ਥਾਵਾਂ ’ਤੇ ਗੋਵਰਧਨ ਪੂਜਾ ਹੋਵੇਗੀ। 10 ਨਵੰਬਰ ਨੂੰ ਯਮ ਦੂਜ ਤੇ ਚਿਤਰਗੁਪਤ ਜੈਅੰਤੀ ਨਾਲ ਤਿਉਹਾਰਾਂ ਦੀ ਇਹ ਲੜੀ ਸਮਾਪਤ ਹੋਵੇਗੀ।
ਕਾਰਤਿਕ ਕ੍ਰਿਸ਼ਨ ਚਤੁਰਦਸ਼ੀ 6 ਨਵੰਬਰ ਨੂੰ ਸਵੇਰੇ 11:07 ਵਜੇ ਸ਼ੁਰੂ ਹੋ ਕੇ 7 ਨਵੰਬਰ ਨੂੰ ਸਵੇਰੇ 10:44 ਵਜੇ ਤੱਕ ਰਹੇਗੀ। ਧਨ ਤ੍ਰਯੋਦਸ਼ੀ ’ਤੇ ਸੋਨਾ-ਚਾਂਦੀ, ਗਹਿਣੇ ਅਤੇ ਭਾਂਡੇ ਆਦਿ ਖ਼ਰੀਦਣ ਤੋਂ ਬਾਅਦ ਰਾਤ ਨੂੰ ਮਾਂ ਲਕਸ਼ਮੀ ਅਤੇ ਵਿਘਨ-ਵਿਨਾਸ਼ਕ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਸ਼ੁੱਕਰਵਾਰ ਨੂੰ ਹਸਤ ਨਕਸ਼ਤਰ ਵਿਚ ਧਨਤੇਰਸ ਦਾ ਆਉਣਾ, ਇਸ ਨੂੰ ਖ਼ਾਸ ਬਣਾਉਂਦਾ ਹੈ। ਜੋਤਿਸ਼ ਮੁਤਾਬਕ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਆ ਨੂੰ ਐਸ਼ੋ-ਆਰਾਮ, ਧਨ ਅਤੇ ਸੁੱਖ-ਖੁਸ਼ਹਾਲੀ ਦਾ ਕਾਰਕ ਮੰਨਿਆ ਜਾਂਦਾ ਹੈ।
ਲਕਸ਼ਮੀ ਪੂਜਾ ਦਾ ਸ਼ੁਭ ਮੁਹੂਰਤ : ਸਥਿਰ ਲਗਨ ਵ੍ਰਿਸ਼ਭ ਵਿਚ ਪੂਜਾ ਖ਼ਾਸ ਤੌਰ ’ਤੇ ਸ਼ੁਭ ਮੰਨੀ ਜਾਂਦੀ ਹੈ। ਸ਼ਾਮ 6:07 ਤੋਂ ਰਾਤ 8:03 ਵਜੇ ਤੱਕ। ਖ਼ਰੀਦਦਾਰੀ ਦਾ ਸ਼ੁਭ ਮੁਹੂਰਤ : ਦੁਪਹਿਰ 1:31 ਤੋਂ 3:02 ਵਜੇ ਤੱਕ ਬੇਹਦ ਸ਼ੁਭ ਰਹੇਗਾ। ਇਸ ਦਿਨ ਰਾਹੂ ਕਾਲ ਸਵੇਰੇ 10:30 ਤੋਂ ਦੁਪਹਿਰ 12 ਵਜੇ ਤੱਕ ਰਹੇਗਾ। ਇਸ ਸਮੇਂ ਨੂੰ ਛੱਡ ਕੇ ਦਿਨ ਦੇ ਕਿਸੇ ਵੀ ਵੇਲੇ ਖ਼ਰੀਦਦਾਰੀ ਕਰਨੀ ਸ਼ੁੱਭ ਰਹੇਗੀ।
ਨਰਕ ਚਤੁਰਦਸ਼ੀ ਤੇ ਹਨੂਮਾਨ ਜੈਅੰਤੀ
ਕਾਰਤਿਕ ਕ੍ਰਿਸ਼ਨ ਚਤੁਰਦਸ਼ੀ ਦੇ ਮੌਕੇ ਦੂਜੇ ਦਿਨ ਨਰਕ ਚਤੁਰਦਸ਼ੀ ਮਨਾਈ ਜਾਵੇਗੀ। ਇਸ ਵਾਰ ਨਰਕ ਚਤੁਰਦਸ਼ੀ ਅਤੇ ਹਨੂਮਾਨ ਜਯੰਤੀ 7 ਨਵੰਬਰ ਨੂੰ ਪੈ ਰਹੀਆਂ ਹਨ। ਕਾਰਤਿਕ ਕ੍ਰਿਸ਼ਨ ਚਤੁਰਦਸ਼ੀ 7 ਨਵੰਬਰ ਨੂੰ ਸਵੇਰੇ 10:44 ਵਜੇ ਸ਼ੁਰੂ ਹੋ ਕੇ 8 ਨਵੰਬਰ ਨੂੰ ਸਵੇਰੇ 10:51 ਵਜੇ ਤੱਕ ਰਹੇਗੀ। ਇਸ ਵਾਰ ਹਨੂਮਾਨ ਜੀ ਦਾ ਜਨਮ ਲਗਨ ਮੇਖ ਵਿਚ ਸ਼ਾਮ 4:26 ਤੋਂ 6:32 ਵਜੇ ਤੱਕ ਰਹੇਗਾ।
ਦੀਵਾਲੀ
ਕਾਰਤਿਕ ਦੀ ਮੱਸਿਆ ਨੂੰ ਦੀਵਾਲੀ ਮਨਾਈ ਜਾਵੇਗੀ। ਇਸ ਮੌਕੇ ਸਵਾਤੀ ਨਕਸ਼ਤਰ ਦਾ ਸੰਜੋਗ ਲਕਸ਼ਮੀ ਦੀ ਅਰਾਧਨਾ ਲਈ ਖ਼ਾਸ ਮੰਨਿਆ ਜਾਂਦਾ ਹੈ। ਕਾਰਤਿਕ ਮਵੱਸਿਆ 8 ਅਤੇ 9 ਨਵੰਬਰ ਯਾਨੀ ਦੋ ਦਿਨ ਰਹੇਗੀ। ਪ੍ਰਦੋਸ਼ ਕਾਲ ਵਿਚ ਮੱਸਿਆ 8 ਨਵੰਬਰ ਨੂੰ ਹੋਣ ਸਦਕਾ ਦੀਵਾਲੀ ਇਸੇ ਦਿਨ ਮਨਾਈ ਜਾਵੇਗੀ। ਮੱਸਿਆ 8 ਨਵੰਬਰ ਨੂੰ ਸਵੇਰੇ 10:51 ਵਜੇ ਸ਼ੁਰੂ ਹੋ ਕੇ 9 ਨਵੰਬਰ ਨੂੰ ਸਵੇਰੇ 11:32 ਵਜੇ ਤੱਕ ਰਹੇਗੀ। ਇਸ ਖ਼ਾਸ ਤਿਉਹਾਰ ’ਤੇ ਗ੍ਰਹਿਸਥੀ ਲੋਕ ਲਕਸ਼ਮੀ ਪੂਜਾ ਕਰਦੇ ਹਨ, ਤਾਂਤਰਿਕ ਤੰਤਰ-ਮੰਤਰ ਦੀ ਸਿੱਧੀ ਲਈ ਅਤੇ ਵਪਾਰੀ ਕਾਰੋਬਾਰ ਦੀ ਤਰੱਕੀ ਵਾਸਤੇ ਸ਼ੁੱਭ ਤੇ ਸਥਿਰ ਲਗਨ ਵਿਚ ਮਹਾਲਕਸ਼ਮੀ ਦੀ ਪੂਜਾ ਕਰਦੇ ਹਨ। ਬੰਗਾਲੀ ਭਾਈਚਾਰੇ ਦੇ ਲੋਕ ‘ਨਿਸ਼ੀਥ ਕਾਲ’ ਵਿਚ ਮਹਾਕਾਲੀ ਦੀ ਪੂਜਾ ਕਰਦੇ ਹਨ। ਸ਼ਾਮ ਨੂੰ ਮੰਦਰਾਂ ਵਿਚ ਦੀਪਦਾਨ ਅਤੇ ਰਾਤ ਦੇ ਆਖ਼ਰੀ ਪਹਿਰ ਦਰਿਦ੍ਰਤਾ ਨਿਵਾਰਣ ਦੀ ਰਸਮ ਕਰਨੀ ਚਾਹੀਦੀ ਹੈ।
ਪੂਜਾ ਦੇ ਮੁਹੂਰਤ
– ਸਥਿਰ ਲਗਨ ਵ੍ਰਿਸ਼ਭ: ਸ਼ਾਮ 5:59 ਤੋਂ ਰਾਤ 7:55 ਵਜੇ ਤੱਕ।
– ਸਥਿਰ ਲਗਨ ਕੁੰਭ: ਦੁਪਹਿਰ 1:23 ਤੋਂ 2:54 ਵਜੇ ਤੱਕ।
– ਸਥਿਰ ਲਗਨ ਸਿੰਘ: ਰਾਤ 12:27 ਤੋਂ 2:41 ਵਜੇ ਤੱਕ।
– ਮਹਾਕਾਲੀ ਪੂਜਾ ਲਈ ਨਿਸ਼ੀਥ ਕਾਲ ਸਭ ਤੋਂ ਉੱਤਮ ਰਹੇਗਾ।
Share this content:



Post Comment