ਬੇਅਸੂਲੀ ਸਿਆਸਤ ਦਾ ਮਾੜਾ ਨਤੀਜਾ
ਪੱਛਮੀ ਬੰਗਾਲ ਅਸੈਂਬਲੀ ਚੋਣਾਂ ‘ਚ ਤ੍ਰਿਣਮੂਲ ਕਾਂਗਰਸ ਦੀ ਹਾਰ ਤੋਂ ਬਾਅਦ, ਜਿਸ ਤਰ੍ਹਾਂ ਪਾਰਟੀ ਦੇ ਵਿਧਾਇਕ ਤੇ ਸੰਸਦ ਮੈਂਬਰ ਮਮਤਾ ਬੈਨਰਜੀ ਨਾਲੋਂ ਸੰਬੰਧ ਤੋੜ ਰਹੇ ਹਨ, ਉਸ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਹੈ, ਪਰ ਪਿਛਲੇ 28-29 ਸਾਲ ਮਮਤਾ ਬੈਨਰਜੀ ਜਿਸ ਬੇਅਸੂਲੀ ਸਿਆਸਤ ਵਿੱਚ ਰੁੱਝੀ ਰਹੀ, ਉਸ ਨੂੰ ਦੇਖਦੇ ਹੋਏ, ਇਨ੍ਹਾਂ ਲੋਕ ਨੁਮਾਇੰਦਿਆਂ ਦੀਆਂ ਹਰਕਤਾਂ ‘ਚ ਕੁਝ ਵੀ ਅਸਾਧਾਰਨ ਨਹੀਂ ਜਾਪਦਾ। ਉਹ ਸਿਰਫ ਉਹੀ ਕਰ ਰਹੇ ਹਨ, ਜੋ ਮਮਤਾ ਦੀਦੀ ਨੇ ਉਨ੍ਹਾਂ ਨੂੰ ਸਿਖਾਇਆ। ਇੱਕ ਚੰਗਾ ਚੇਲਾ ਉਹ ਹੁੰਦਾ ਹੈ, ਜੋ ਆਪਣੇ ਗੁਰੂ ਦੇ ਨਕਸ਼ੇ-ਕਦਮਾਂ ‘ਤੇ ਚੱਲਦਾ ਹੈ। ਇਹ ਸੰਸਦ ਮੈਂਬਰ ਅਤੇ ਵਿਧਾਇਕ ਉਹੀ ਕੰਮ ਕਰ ਰਹੇ ਹਨ, ਜੋ ਮਮਤਾ ਬੈਨਰਜੀ ਕਰਦੀ ਆਈ ਹੈ : ਬੇਅਸੂਲੀ ਅਤੇ ਆਦਰਸ਼ਹੀਣ ਸਿਆਸਤ। ਕਿਸੇ ਨੂੰ ਪੌੜੀ ਵਜੋਂ ਵਰਤਣਾ ਅਤੇ ਫਿਰ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਉਸ ਨੂੰ ਛੱਡ ਦੇਣਾ, ਵਾਰ-ਵਾਰ ਉਸ ਤੋਂ ਮੂੰਹ ਮੋੜਨਾ ਅਤੇ ਵਿਰੋਧੀ ਪਾਰਟੀਆਂ ਦੇ ਵਿਧਾਇਕ ਭੰਨਣੇ। ਬਾਗੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿਰੁੱਧ ਮੁੱਖ ਦੋਸ਼ ਇਹ ਹੈ ਕਿ ਤ੍ਰਿਣਮੂਲ ਕਾਂਗਰਸ ਦੀਆਂ ਟਿਕਟਾਂ ‘ਤੇ ਜਿੱਤਣ ਤੋਂ ਬਾਅਦ, ਉਹ ਹੁਣ ਵਿਰੋਧੀ ਭਾਜਪਾ ਨਾਲ ਜੁੜ ਰਹੇ ਹਨ-ਉਹੀ ਭਾਜਪਾ, ਜਿਸ ਨੂੰ ਉਨ੍ਹਾਂ ਨੇ ਫਿਰਕੂ ਪਾਰਟੀ ਗਰਦਾਨ ਕੇ ਚੋਣ ਜਿੱਤੀ ਸੀ, ਪਰ ਮਮਤਾ ਬੈਨਰਜੀ ਨੇ ਵੀ 1998 ਵਿੱਚ ਇਹੀ ਕੰਮ ਕੀਤਾ ਸੀ, ਜਦੋਂ ਉਸ ਨੇ 1 ਜਨਵਰੀ 1998 ਨੂੰ ਕਾਂਗਰਸ ਤੋਂ ਵੱਖ ਹੋ ਕੇ ਤ੍ਰਿਣਮੂਲ ਕਾਂਗਰਸ ਬਣਾਈ ਸੀ। ਉਦੋਂ ਮਮਤਾ ਨੂੰ ਕਾਂਗਰਸ ਤੋਂ ਇਹ ਸ਼ਿਕਾਇਤ ਸੀ ਕਿ ਕਾਂਗਰਸ ਖੱਬੇ ਮੋਰਚੇ ਨੂੰ ਹਰਾਉਣ ਲਈ ਸੂਬੇ ਵਿੱਚ ਭਾਜਪਾ ਨਾਲ ਕਿਉਂ ਨਹੀਂ ਜੁੜ ਰਹੀ? ਉਸ ਸਮੇਂ ਮਮਤਾ ਭਾਜਪਾ ਨੂੰ ਫਿਰਕੂ ਨਹੀਂ ਮੰਨਦੀ ਸੀ। ਉਸ ਨੇ ਕਿਹਾ ਵੀ ਸੀ ਕਿ ਭਾਜਪਾ ਫਿਰਕੂ ਪਾਰਟੀ ਨਹੀਂ ਹੈ। ਇਸ ਲਈ, ਜੇ ਹੁਣ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਧਾਇਕ ਕਹਿ ਰਹੇ ਹਨ ਕਿ ਭਾਜਪਾ ਫਿਰਕੂ ਪਾਰਟੀ ਨਹੀਂ ਹੈ, ਤਾਂ ਕੀ ਗਲਤ ਹੈ? ਉਹ ਸਿਰਫ ਆਪਣੇ ਪਿਆਰੇ ਨੇਤਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੇ ਹਨ।
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚਾਰ ਵਾਰ (2013, 2017, 2022 ਅਤੇ 2024 ਵਿੱਚ) ਆਪਣਾ ਸਟੈਂਡ ਬਦਲਿਆ, ਪਰ ਮਮਤਾ ਬੈਨਰਜੀ ਹੁਣ ਤੱਕ ਪੰਜ ਵਾਰ ਸਟੈਂਡ ਬਦਲ ਚੁੱਕੀ ਹੈ। ਸੰਯੁਕਤ ਮੋਰਚੇ ਦੀ ਸਰਕਾਰ ਨਵੰਬਰ 1997 ਵਿੱਚ ਡਿੱਗ ਗਈ ਸੀ ਅਤੇ 1998 ਵਿੱਚ ਨਵੀਆਂ ਲੋਕ ਸਭਾ ਚੋਣਾਂ ਹੋਈਆਂ ਸਨ। ਉਦੋਂ ਤੱਕ ਮਮਤਾ ਨੇ ਕਾਂਗਰਸ ਛੱਡ ਦਿੱਤੀ ਸੀ ਅਤੇ ਨਵੀਂ ਪਾਰਟੀ ਬਣਾ ਲਈ ਸੀ। ਚੋਣਾਂ ਵਿੱਚ ਮਮਤਾ ਦੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨਾਲ ਸੀਟ ਐਡਜਸਟਮੈਂਟ ਕੀਤੀ ਅਤੇ ਸੱਤ ਸੀਟਾਂ ਜਿੱਤੀਆਂ। ਹਾਲਾਂਕਿ, ਉਹ ਸਰਕਾਰ ਵਿੱਚ ਸ਼ਾਮਲ ਨਹੀਂ ਹੋਈ, ਕਿਉਂਕਿ ਉਸ ਨੇ ਰਾਜ ਵਿੱਚ ਆਪਣੀ ਨਵੀਂ ਬਣੀ ਪਾਰਟੀ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਤ ਕੀਤਾ ਸੀ। ਕੇਂਦਰ ਸਰਕਾਰ 13 ਮਹੀਨਿਆਂ ਬਾਅਦ ਡਿੱਗ ਗਈ। 1999 ਦੀਆਂ ਚੋਣਾਂ ਤੋਂ ਬਾਅਦ, ਇੱਕ ਨਵੀਂ ਸਰਕਾਰ ਬਣੀ, ਜਿਸ ਵਿੱਚ ਮਮਤਾ ਬੈਨਰਜੀ ਰੇਲ ਮੰਤਰੀ ਬਣੀ। 2001 ਵਿੱਚ, ਜਦੋਂ ਬੰਗਾਲ ਅਸੈਂਬਲੀ ਚੋਣਾਂ ਨੇੜੇ ਆ ਰਹੀਆਂ ਸਨ, ਤਾਂ ਮਮਤਾ ਨੂੰ ਲੱਗਾ ਕਿ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਨਾ ਫਾਇਦੇਮੰਦ ਹੋਵੇਗਾ। ਇਸ ਲਈ ਮਾਰਚ 2001 ਵਿੱਚ, ਉਸ ਨੇ ਰੱਖਿਆ ਭ੍ਰਿਸ਼ਟਾਚਾਰ ਘੁਟਾਲੇ (ਤਹਿਲਕਾ ਸਟਿੰਗ ਅਪ੍ਰੇਸ਼ਨ) ਦੇ ਬਹਾਨੇ ਕੇਂਦਰ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਨਾਲ ਗੱਠਜੋੜ ਕਰ ਲਿਆ। ਹਾਲਾਂਕਿ ਇਹ ਵੀ ਬੰਗਾਲ ਵਿੱਚ ਖੱਬੇ ਮੋਰਚੇ ਨੂੰ ਹਰਾਉਣ ਵਿੱਚ ਅਸਫਲ ਰਿਹਾ। ਖੱਬੇ ਮੋਰਚੇ ਨੇ 199 ਸੀਟਾਂ ਜਿੱਤੀਆਂ, ਜਦੋਂ ਕਿ ਤ੍ਰਿਣਮੂਲ ਕਾਂਗਰਸ ਨੇ 31 ਫੀਸਦੀ ਵੋਟਾਂ ਨਾਲ ਸਿਰਫ 60 ਸੀਟਾਂ ਜਿੱਤੀਆਂ। ਅਗਲੀਆਂ ਅਸੈਂਬਲੀ ਚੋਣਾਂ ਪੰਜ ਸਾਲ ਦੂਰ ਸਨ ਅਤੇ ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਸੀ। ਇਸ ਲਈ, 2003 ਵਿੱਚ ਮਮਤਾ ਬੈਨਰਜੀ ਵਾਜਪਾਈ ਸਰਕਾਰ ਵਿੱਚ ਦੁਬਾਰਾ ਸ਼ਾਮਲ ਹੋ ਗਈ।
ਉਹ ਸਤੰਬਰ 2003 ਵਿੱਚ ਵਾਜਪਾਈ ਸਰਕਾਰ ਵਿੱਚ ਮੰਤਰੀ ਬਣੀ, ਭਾਵੇਂ ਗੁਜਰਾਤ ਦੰਗੇ ਡੇਢ ਸਾਲ ਪਹਿਲਾਂ ਫਰਵਰੀ 2002 ਵਿੱਚ ਹੋਏ ਸਨ। ਉਸ ਨੇ ਦੰਗਿਆਂ ਲਈ ਗੁਜਰਾਤ ਦੀ ਮੋਦੀ ਸਰਕਾਰ ਦੇ ਅਸਤੀਫੇ ਦੀ ਮੰਗ ਕੀਤੀ ਸੀ, ਪਰ ਜਦੋਂ ਅਪ੍ਰੈਲ 2002 ਵਿੱਚ ਲੋਕ ਸਭਾ ਵਿੱਚ ਵਾਜਪਾਈ ਸਰਕਾਰ ਵਿਰੁੱਧ ਨਿੰਦਾ ਮਤਾ ਪੇਸ਼ ਕੀਤਾ ਗਿਆ ਸੀ, ਤਾਂ ਮਮਤਾ ਦੀ ਪਾਰਟੀ ਨੇ ਵਾਜਪਾਈ ਦਾ ਸਮਰਥਨ ਕੀਤਾ। ਇਸ ਸਮਰਥਨ ਦੇ ਬਦਲੇ ਉਸ ਨੂੰ ਕੁਝ ਮਹੀਨਿਆਂ ਬਾਅਦ ਹੀ ਦੁਬਾਰਾ ਮੰਤਰੀ ਨਿਯੁਕਤ ਕੀਤਾ ਗਿਆ। ਮਮਤਾ ਬੈਨਰਜੀ ਨੇ 2004 ਦੀਆਂ ਲੋਕ ਸਭਾ ਅਤੇ 2006 ਦੀਆਂ ਅਸੈਂਬਲੀ ਸਭਾ ਚੋਣਾਂ ਭਾਜਪਾ ਨਾਲ ਗੱਠਜੋੜ ਕਰਕੇ ਲੜੀਆਂ ਸਨ। ਹਾਲਾਂਕਿ ਜਦੋਂ ਉਨ੍ਹਾਂ ਦੀ ਪਾਰਟੀ ਨੂੰ ਦੋਵਾਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ-ਤ੍ਰਿਣਮੂਲ ਨੇ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ ਇੱਕ ਸੀਟ ਜਿੱਤੀ ਅਤੇ 2006 ਦੀਆਂ ਅਸੈਂਬਲੀ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਨਾ ਸਿਰਫ (26 ਫੀਸਦੀ) ਘਟਿਆ, ਸਗੋਂ ਇਸ ਦੀਆਂ ਸੀਟਾਂ ਵੀ ਅੱਧੀਆਂ ਰਹਿ ਗਈਆਂ-ਮਮਤਾ ਨੂੰ ਲੱਗਾ ਕਿ ਭਾਜਪਾ ਨਾਲ ਗੱਠਜੋੜ ਕਰਨ ਦਾ ਕੋਈ ਫਾਇਦਾ ਨਹੀਂ। ਕੇਂਦਰ ਵਿੱਚ ਭਾਜਪਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਮਮਤਾ ਬੈਨਰਜੀ ਦੁਬਾਰਾ ਕਾਂਗਰਸ ਪਾਰਟੀ ਵੱਲ ਮੁੜ ਗਈ। ਉਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ।
ਤ੍ਰਿਣਮੂਲ ਕਾਂਗਰਸ ਨੇ 19 ਸੀਟਾਂ ਜਿੱਤੀਆਂ। ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ 2011 ਦੀਆਂ ਅਸੈਂਬਲੀ ਚੋਣਾਂ ਵੀ ਲੜੀਆਂ ਤੇ ਸਰਕਾਰ ਬਣਾਈ। ਆਪਣੀ ਸਰਕਾਰ ਬਣਾਉਣ ਤੋਂ ਸਿਰਫ ਇੱਕ ਸਾਲ ਬਾਅਦ, ਮਮਤਾ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ, ਕਿਉਂਕਿ ਉਸ ਨੂੰ ਕਾਂਗਰਸ ਦੀ ਪੌੜੀ ਦੀ ਲੋੜ ਨਹੀਂ ਰਹੀ ਸੀ, ਪਰ ਉਹ ਇੱਥੇ ਹੀ ਨਹੀਂ ਰੁਕੀ। ਉਹ ਇਸ ਪੌੜੀ ਨੂੰ ਅੱਗ ਲਗਾਉਣ ਲਈ ਦ੍ਰਿੜ੍ਹ ਸੀ। ਇਸ ਲਈ ਉਸ ਨੇ ਇੱਕ-ਇੱਕ ਕਰਕੇ ਵਿਰੋਧੀ ਵਿਧਾਇਕਾਂ ਨੂੰ ਫੁੰਡਣਾ ਸ਼ੁਰੂ ਕਰ ਦਿੱਤਾ ਅਤੇ ਅਗਲੇ ਪੰਜ ਸਾਲਾਂ ਵਿੱਚ ਉਸ ਨੇ ਕਾਂਗਰਸ ਪਾਰਟੀ ਦੇ 42 ਵਿਧਾਇਕਾਂ ਨੂੰ ਤੋੜ ਲਿਆ। ਉਸ ਨੇ ਖੱਬੇ ਮੋਰਚੇ ਦੇ ਚਾਰ ਵਿਧਾਇਕਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ, ਭਾਵੇਂ ਉਸ ਨੂੰ ਉਨ੍ਹਾਂ ਦੀ ਲੋੜ ਨਹੀਂ ਸੀ। ਇਨ੍ਹਾਂ ਵਿਧਾਇਕਾਂ ਤੋਂ ਬਿਨਾਂ ਵੀ ਪਾਰਟੀ ਕੋਲ 184 ਵਿਧਾਇਕਾਂ ਦੇ ਨਾਲ ਕਾਫੀ ਬਹੁਮਤ ਸੀ। ਮਮਤਾ ਬੈਨਰਜੀ ਨੇ 2016 ਦੀਆਂ ਚੋਣਾਂ ਤੋਂ ਬਾਅਦ ਵੀ ਵਿਰੋਧੀ ਵਿਧਾਇਕਾਂ ਨੂੰ ਤੋੜਨਾ ਜਾਰੀ ਰੱਖਿਆ, ਭਾਵੇਂ ਤ੍ਰਿਣਮੂਲ ਕਾਂਗਰਸ ਨੇ ਪਹਿਲੀ ਵਾਰ ਆਪਣੇ ਦਮ ‘ਤੇ ਚੋਣਾਂ ਲੜੀਆਂ ਅਤੇ 211 ਸੀਟਾਂ ਜਿੱਤੀਆਂ। ਉਸ ਨੂੰ ਵਿਰੋਧੀ ਵਿਧਾਇਕਾਂ ਨੂੰ ਸ਼ਿਕਾਰ ਕਰਨ ਦੀ ਕੋਈ ਲੋੜ ਨਹੀਂ ਸੀ। ਹਾਲਾਂਕਿ ਅਗਲੇ ਪੰਜ ਸਾਲਾਂ ਵਿੱਚ ਉਸ ਨੇ 18 ਕਾਂਗਰਸ ਅਤੇ 4 ਖੱਬੇ ਮੋਰਚੇ ਦੇ ਵਿਧਾਇਕਾਂ ਨੂੰ ਸ਼ਿਕਾਰ ਬਣਾਇਆ। ਇਹ ਰੁਝਾਨ 2021 ਦੀਆਂ ਚੋਣਾਂ ਤੋਂ ਬਾਅਦ ਵੀ ਜਾਰੀ ਰਿਹਾ, ਜਦੋਂ ਭਾਜਪਾ ਦੀਆਂ ਟਿਕਟਾਂ ‘ਤੇ ਚੁਣੇ ਗਏ 7 ਵਿਧਾਇਕ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚੋਂ ਸਿਰਫ ਤਿੰਨ ਜਾਂ ਚਾਰ ਵਿਧਾਇਕਾਂ ਨੇ ਆਪਣੀਆਂ ਸੀਟਾਂ ਤੋਂ ਅਸਤੀਫਾ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਦੀਆਂ ਟਿਕਟਾਂ ‘ਤੇ ਉਪ-ਚੋਣਾਂ ਲੜੀਆਂ। ਬਾਕੀ ਆਪਣੀਆਂ ਸੀਟਾਂ ਛੱਡੇ ਬਿਨਾਂ ਤ੍ਰਿਣਮੂਲ ਕਾਂਗਰਸ ਦੇ ਨਾਲ ਹੀ ਰਹੇ। ਸਪੀਕਰ ਉਨ੍ਹਾਂ ਦੀਆਂ ਅਯੋਗਤਾ ਪਟੀਸ਼ਨਾਂ ‘ਤੇ ਬੈਠ ਗਿਆ, ਜਦੋਂ ਕਿ ਉਹ ਆਪਣੇ ਵਿਧਾਨਕ ਕਾਰਜਕਾਲ ਦੀ ਸੇਵਾ ਕਰਦੇ ਰਹੇ। ਕੁਝ ਤਾਂ ਮੰਤਰੀ ਵੀ ਬਣ ਗਏ, ਜਦੋਂ ਕਿ ਕੁਝ ਸੱਤਾ ਦੇ ਲਾਭਾਂ ਦਾ ਆਨੰਦ ਮਾਣਦੇ ਰਹੇ।
Share this content:


Post Comment