ਬੁੱਧ ਬਾਣ/ਰਾਤ ਦੇ ਵਪਾਰੀ ਲੱਦ ਗਏ/ਬੁੱਧ ਸਿੰਘ ਨੀਲੋਂ
ਸਿਆਸੀ ਪਾਰਟੀਆਂ ਦੇ ਸ਼ੇਖ ਚਿੱਲੀਆਂ ਵਲੋਂ ਹਰ ਰੋਜ਼ ਸ਼ੇਖੀਆਂ ਮਾਰ ਮਾਰ ਕੇ ਪੰਜਾਬ ਦੇ ਭੁੱਖੇ ਮੁਰਦਿਆਂ ਨੂੰ ਭੋਜਨ ਛਕਾਇਆ ਜਾਂਦਾ ਹੈ। ਪਿੱਤਰੀ ਪੂਜਾ ਭਾਰਤੀ ਪ੍ਰੰਪਰਾ ਹੈ, ਇਸ ਦਾ ਅਸਰ ਪੰਜਾਬ ਦੇ ਸਿੱਖਾਂ ਉਪਰ ਵਧੇਰੇ ਹੋਇਆ ਹੈ। ਕੰਜਕਾਂ ਦੀ ਪੂਜਾ, ਪਿੱਤਰੀ ਪੂਜਾ, ਸਿਆਸੀ ਆਗੂਆਂ ਦੀ ਪੂਜਾ, ਮੂਰਤੀ ਪੂਜਾ ਤੇ ਹੋਰ ਪਤਾ ਨਹੀਂ ਕੀ ਕੀ ਕਰਦੇ ਹਨ। ਸਿਆਸੀ ਪਾਰਟੀਆਂ ਨੇ ਆਪਣੇ ਆਲੇ ਦੁਆਲੇ ਇੱਕ ਨਵੀਂ ਨਸਲ ਪੈਦਾ ਕਰ ਕੀਤੀ ਹੈ। ਇਸ ਦਾ ਬੀਜ ਨਾਗਪੁਰ ਯੂਨੀਵਰਸਿਟੀ ਤੋਂ ਮੰਗਵਾਇਆ ਹੈ। ਇਸ ਨਸਲ ਦਾ ਇੱਕੋ ਇੱਕ ਕੰਮ ਹੁੰਦਾ ਹੈ। ਪੱਗਾਂ ਵਿੱਚ ਸਿਰ ਫਸਾ ਕੇ ਹਰ ਐਰੇ ਗੈਰੇ ਦੇ ਮਗਰ ਮਗਰ ਨਾਅਰੇਬਾਜ਼ੀ ਕਰਨੀਂ। ਉਸਦੇ ਗਲ ਵਿੱਚ ਹਾਰ ਪਾ ਕੇ ਸ਼ਹਿਰ ਵਿੱਚ ਜਲੂਸ ਕੱਢਣਾ ਹੁੰਦਾ ਹੈ। ਪਹਿਲਾਂ ਇਹ ਕੰਮ ਗਧਿਆਂ ਨੂੰ ਕਰਨਾ ਪੈਂਦਾ ਸੀ। ਹੁਣ ਲਡੀਆਂ ਜੀਪਾਂ, ਜਿਪਸੀਆਂ ਕਾਰਾਂ ਤੇ ਥਾਰਾਂ ਤੋਂ ਲਿਆ ਜਾਂਦਾ ਹੈ। ਸਿਆਸੀ ਆਗੂ ਭਾਵੇਂ ਬਲਾਤਕਾਰ ਦੇ ਕੇਸ ਵਿਚੋਂ ਜ਼ਮਾਨਤ ਉਤੇ ਜੇਲ੍ਹ ਵਿਚੋਂ ਬਾਹਰ ਆਵੇ ਤੇ ਭਾਵੇਂ ਨਸ਼ਿਆਂ ਦੀ ਤਸ਼ਕਰੀ ਦੇ ਕੇਸ ਵਿਚੋਂ ਜਾਂ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚੋਂ ਬਾਹਰ ਆਵੇ। ਜਾਂ ਫਿਰ ਕਿਸੇ ਲੁੱਟਮਾਰ ਕਰਕੇ ਟੈਂਡਰ ਲੈਣ ਵਾਲਾ ਹੋਵੇ। ਜੇਲ੍ਹ ਵਿਚੋਂ ਬਾਹਰ ਨਿਕਲਦੇ ਹੀ ਉਸਦੇ ਗਲ਼ ਵਿੱਚ ਫੁੱਲਾਂ ਦੇ ਹਾਰ ਪਾ ਉਸਦਾ ਸਵਾਗਤ ਕੀਤਾ ਜਾਂਦਾ ਹੈ।
ਉਸਦੇ ਜ਼ਮਾਨਤ ਹੋਣ ਦੀ ਖੁਸ਼ੀ ਮਨਾਈ ਜਾਂਦੀ ਹੈ।! ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਉਹਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ। ਭਾਵੇਂ ਕੋਈ ਬਲਾਤਕਾਰੀ ਹੋਵੇ ਤੇ ਭਾਵੇਂ ਨਸ਼ਿਆਂ ਦਾ ਵਪਾਰੀ ਸਭ ਦਾ ਇਸ ਨਵੀਂ ਨਸਲ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਕੱਲ੍ਹ ਅੰਮ੍ਰਿਤਸਰ ਵਿੱਚ ਗਗਨਦੀਪ ਸਿੰਘ ਰੰਧਾਵਾ ਦਾ ਸਿਵਾ ਬਲ ਰਿਹਾ ਸੀ ਤੇ ਕਚਹਿਰੀ ਵਿੱਚ ‘ਲਾਲ ਜੀਤ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਏ ਜਾਂਦੇ ਸਨ।’ ਪੰਜਾਬ ਦੇ ਗੂੰਗੇ ਤੇ ਬੋਲੇ ਲੋਕ ਇਹ ਤਮਾਸ਼ਾ ਤੱਕਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਕਥਾ ਤੁਸੀਂ ਸੁਣੀਂ ਹੋਵੇਗੀ। ਉਦੋਂ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਪਰਜਾ ਵਿੱਚ ਨਜ਼ਰਸਾਨੀ ਕਰਨ ਲਈ ਜਾਂਦੇ ਸਨ। ਪਾਰਸ ਵਾਲੀ ਕਹਾਣੀ ਤਾਂ ਸਕੂਲਾਂ ਵਿੱਚ ਪੜ੍ਹਦੇ ਵੀ ਰਹੇ ਹਾਂ। ਪਰ ਇਹ ਕਥਾ ਸਕੂਲਾਂ ਵਿੱਚ ਨਹੀਂ ਸਗੋਂ ਸੱਥਾਂ ਵਿੱਚ ਸੁਣਾਈਂ ਜਾਂਦੀ ਹੈ। ਕਹਿੰਦੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਪਣੇ ਹਾਥੀ ਉਪਰ ਸਵਾਰ ਹੋ ਕੇ ਲਾਹੌਰ ਵਿੱਚ ਘੁੰਮ ਰਹੇ ਸਨ। ਰਸਤੇ ਵਿੱਚ ਉਸਨੂੰ ਇੱਕ ਨਸ਼ੇ !ੱਵਿੱਚ ਚੂਰ ਹੋਇਆ ਆਦਮੀ ਟੱਕਰ ਗਿਆ।
ਉਹਨੇ ਸਿੱਧਾ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ, ਓ ਕਾਣਿਆ ਇਸ ਗਧੀ ਦਾ ਕੀ ਲੈਣਾ ਹੈ? ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਇਹ ਨਸ਼ੇ ਵਿੱਚ ਚੂਰ ਹੋਇਆ ਹੈ, ਹੁਣ ਇਸ ਨੂੰ ਪਤਾ ਨਹੀਂ ਕਿ ਉਹ ਕੀ ਬੋਲਦਾ ਹੈ। ਨਸ਼ਾ ਕੁਰਸੀ ਦਾ ਹੋਵੇ, ਤਾਕ਼ਤ ਆ ਜਾਂਦੀ ਹੈ। ਸਿਆਣੇ ਕਹਿੰਦੇ ਹਨ ਕਿ, ਤਾਕ਼ਤ, ਸ਼ੋਹਰਤ ਤੇ ਰੁਤਬਾ ਹਾਸਲ ਕਰਨਾ ਸੌਖਾ ਹੈ ਪਰ ਉਸ ਨੂੰ ਸੰਭਾਲ ਕੇ ਰੱਖਣਾ ਉਸ ਤੋਂ ਵੀ ਵੱਧ ਔਖਾ ਹੁੰਦਾ ਹੈ। ਬੰਦਾ ਤਾਂ ਸੁਹਾਗੇ ਤੇ ਖੜਾ ਨਹੀਂ ਘੱਟ ਹੁੰਦਾ ਤੇ ਜਿਹੜਾ ਕੈਬਨਿਟ ਮੰਤਰੀ ਹੋਵੇ, ਸਿਵਲ ਸਪਲਾਈ ਵਿਭਾਗ ਤੇ ਜੇਲ੍ਹ ਮੰਤਰੀ ਹੋਵੇ, ਉਸ ਦੇ ਤਾਂ ਕੁੱਤੇ ਵੀ ਗਲੀਆਂ ਮੁਹੱਲਿਆਂ ਵਿੱਚ ਬੁੱਕਦੇ ਰਹਿੰਦੇ ਹਨ। ਉਹ ਕੀ ਨਹੀਂ ਕਰ ਸਕਦਾ ਹੈ? ਦੂਜੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅਹਿਲਕਾਰਾਂ ਨੂੰ ਕਿਹਾ ਕਿ ਉਹ ਰਾਤ ਵਾਲੇ ਬੰਦੇ ਨੂੰ ਪੇਸ਼ ਕਰੋ। ਜਿਵੇਂ ਮੰਤਰੀ ਭੁੱਖੜ ਨੇ ਟੈਂਡਰ ਨਾ ਪਾਸ ਹੋਣ ਤੋਂ ਬਾਅਦ ਗਗਨਦੀਪ ਸਿੰਘ ਰੰਧਾਵਾ ਨੂੰ ਕੋਠੀ ਸੱਦਿਆ ਸੀ। ਉਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਜਦੋਂ ਉਸ ਆਦਮੀ ਨੂੰ ਪੇਸ਼ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਪੁੱਛਿਆ ਕਿ ਵਪਾਰੀ ਸਾਹਿਬ ਜੀ, ਹਾਥੀ ਖਰੀਦਣਾ ਹੈ, ਕਿੰਨੇ ਪੈਸਿਆਂ ਖਰੀਦੇਗਾ।
ਆਦਮੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜਾ ਸਾਹਿਬ ਜੀ ਰਾਤ ਵਾਲੇ ਵਪਾਰੀ ਲੱਦ ਗਏ ਹਨ। ਮਹਾਰਾਜਾ ਰਣਜੀਤ ਸਿੰਘ ਉਸਦੀ ਗੱਲ ਸੁਣ ਕੇ ਉਸਨੂੰ ਬਾਇੱਜ਼ਤ ਘਰ ਤੋਰ ਦਿੱਤਾ। ਸਾਡੇ ਮੌਜੂਦਾ ਭੁੱਖੜ ਸ਼ਾਹ ਨੇ ਪੜ੍ਹਿਆ ਲਿਖਿਆ ਪੀਐਚਡੀ ਅਫ਼ਸਰ ਨੂੰ ਆਪਣੇ ਦਫ਼ਤਰ ਵਿੱਚ ਜ਼ਲੀਲ ਕਰਕੇ ਤੋਰਿਆ। ਉਹ ਐਮ ਡੀ ਨਾਮੋਸ਼ੀ ਦਾ ਮਾਰਾ ਖੁਦਕੁਸ਼ੀ ਕਰ ਗਿਆ। ਭੁੱਖੜ ਸ਼ਾਹ ਨੇ ਆਪਣੇ ਆਪ ਨੂੰ ਬਚਾਉਣ ਲਈ ਅਮਲੋਹ ਦੇ ਵਿੱਚ ਸ਼ਰਨ ਲਈ। ਉਧਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੇ ਭੁੱਖੜ ਸ਼ਾਹ ਤੋਂ ਅਸਤੀਫ਼ਾ ਲੈ ਲਿਆ ਤੇ ਕੇਸ ਦਰਜ ਕਰ ਦਿੱਤਾ। ਉਧਰ ਵਿਰੋਧੀ ਪਾਰਟੀਆਂ ਦੇ ਆਗੂ ਅੰਮ੍ਰਿਤਸਰ ਥਾਣੇ ਵਿੱਚ ਅੱਧੀ ਰਾਤ ਤੱਕ ਐਫ ਆਈ ਆਰ ਦਰਜ ਕਰਵਾਉਣ ਲਈ ਬੈਠੇ ਰਹੇ। ਸਿਤਮਜ਼ਰੀਫੀ ਦੇਖਣ ਵਾਲੀ ਹੈ, ਬਿਜਲੀ ਵਿਭਾਗ ਨੇ ਥਾਣੇ ਦੀ ਬਿਜਲੀ ਬੰਦ ਕਰ ਦਿੱਤੀ।
ਥਾਣੇ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਥਾਣਾ ਖਾਲੀ ਕਰ ਦਿੱਤਾ। ਭੁੱਖੜ ਸ਼ਾਹ ਨੂੰ ਬਚਾਉਣ ਲਈ ਅੰਮ੍ਰਿਤਸਰ ਪੁਲਸ ਪ੍ਰਸ਼ਾਸਨ ਨੇ ਭੱਜਣ ਲਈ ਰਸਤਾ ਦਿੱਤਾ। ਉਹ ਦੌੜ ਕੇ ਅਮਲੋਹ ਪੁਜ ਗਿਆ। ਖ਼ਬਰਾਂ ਤਾਂ ਇਹ ਵੀ ਹਨ, ਉਸਨੂੰ ਵਿਦੇਸ਼ ਭਜਾਉਣ ਦੀ ਤਿਆਰੀ ਕਰ ਲਈ ਸੀ। ਉਹ ਤਾਂ ਸੰਸਦ ਭਵਨ ਵਿੱਚ ਸੰਸਦ ਮੈਂਬਰ ਔਜਲਾ ਵਲੋਂ ਐਮ ਡੀ ਰੰਧਾਵਾ ਦਾ ਮੁੱਦਾ ਚੁੱਕਣ ਨਾਲ ਬਾਜ਼ੀ ਪੁੱਠੀ ਪੈ ਗਈ। ਅਮਿਤ ਸ਼ਾਹ ਨੇ ਇਸ ਮੌਕੇ ਬਾਲ ਪੰਜਾਬ ਦੇ ਸੰਸਦ ਮੈਂਬਰਾਂ ਦੇ ਪਾੜੇ ਸੁੱਟ ਦਿੱਤੀ। ਭੁੱਖੜ ਸ਼ਾਹ ਨੂੰ ਲੱਗਿਆ ਕਿ ਬਾਜ਼ੀ ਪੁੱਠੀ ਪੈ ਗਈ ਹੈ, ਜੇਕਰ ਸੀਬੀਆਈ ਜਾਂਚ ਪੜਤਾਲ ਕਰਨ ਲਈ ਪੰਜਾਬ ਆ ਗਈ ਤਾਂ ਬਹੁਤ ਕੁੱਝ ਸਾਹਮਣੇ ਆ ਜਾਵੇਗਾ। ਹੁਣ ਭੁੱਖੜ ਸ਼ਾਹ ਕਹਿੰਦਾ ਹੈ ਕਿ ਮੈਂ ਆਤਮ ਸਮਰਪਣ ਕੀਤਾ, ਚੁਟਕਲਿਆਂ ਵਾਲਾ ਮੁੱਖ ਮੰਤਰੀ ਕਹਿੰਦਾ, ਅਸੀਂ ਗ੍ਰਿਫਤਾਰ ਕੀਤਾ ਹੈ। ਉਧਰ ਭੁੱਖੜ ਸ਼ਾਹ ਦੀ ਪਤਨੀ ਕਹਿੰਦੀ ਹੈ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀਡੀਓ ਬਣਾ ਕੇ ਭੇਜ ਦਿੱਤੀ ਹੈ, ਉਹ ਖੁਦਕੁਸ਼ੀ ਕਰਨਗੇ। ਮੈਨੂੰ ਮਹਾਰਾਜਾ ਰਣਜੀਤ ਸਿੰਘ ਵਾਲੀ ਕਥਾ ਚੇਤੇ ਆ ਗਈ।
ਮੇਰੀ ਇੱਕ ਪੋਸਟ ਤੇ ਕਿਸੇ ਨੇ ਟਿੱਪਣੀ ਕੀਤੀ ਹੈ ਕਿ, ਰਾਤ ਦੇ ਵਪਾਰੀ ਲੱਦ ਚੁੱਕੇ ਹਨ। ਭੁੱਖੜ ਸ਼ਾਹ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਨਾਅਰੇਬਾਜ਼ੀ ਕਰਨ ਵਾਲੀ ਮੁੰਡੀਰ ਦੀ ਕਿਹੜੀ ਨਵੀਂ ਨਸਲ ਹੈ? ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ ਕਿਉਂਕਿ ਹੁਣ ਫੁੱਫੜ ਜੀ ਵੀ ਬਲਾਤਕਾਰੀ ਦੇ ਕੇਸ ਭੋਲਾ ਫੜੇ ਗਏ ਹਨ। ਉਹਨਾਂ ਦੀ ਜ਼ਮਾਨਤ ਮੌਕੇ ਇਸ ਨਵੀਂ ਨਸਲ ਦੀ ਪਟਿਆਲਾ ਵਿੱਚ ਲੋੜ ਪਵੇਗੀ। ਭੁੱਖੜ ਸ਼ਾਹ ਦੀ ਪਤਨੀ ਨੂੰ ਅਪੀਲ ਹੈ ਕਿ ਉਹ ਆਪਣੇ ਆਪ ਨੂੰ ਜਗਾਉਣ ਲਈ ਨਕੋਦਰ ਵਾਲੀ ਫੱਫੇਕੁਟਣੀ ਕੋਲ ਜਾਂ ਫਿਰ ਜਗਰਾਓਂ ਵਾਲੀ ਮਾਸਟਰਨੀ ਕੋਲ ਟਿਊਸ਼ਨ ਰੱਖਣ। ਕਿਉਂਕਿ ਅਗਲੇ ਦਿਨਾਂ ਵਿੱਚ ਬਹੁਤ ਕੁੱਝ ਸਾਹਮਣੇ ਆਉਣਾ ਹੈ। ਸਿਆਣੇ ਕਹਿੰਦੇ ਹਨ ਕਿ, ਕੁੱਤੇ ਨੂੰ ਘਿਉ ਨਹੀਂ ਪੱਚਦਾ ਹੁੰਦਾ। ਪਰ ਕੁੱਤਾ ਮੂੰਹ ਵਿੱਚ ਆਈ ਹੱਡੀ ਨਹੀਂ ਛੱਡਦਾ। ਹੁਣ ਰਾਤ ਦੇ ਵਪਾਰੀ ਲੱਦ ਗਏ ਹਨ ਤੇ ਭੁੱਖੜ ਸ਼ਾਹ ਦਾ ਪੰਜ ਦਿਨ ਰਿਮਾਂਡ ਲੈ ਪੁਲਿਸ ਉਹਨਾਂ ਦੀ ਸੇਵਾ ਕਰੇਗੀ। ਹੋ ਸਕਦਾ ਉਸ ਤੋਂ ਹਥਿਆਰ ਬਰਾਮਦ ਕਰਵਾਉਣ ਲਈ ਰਾਤ ਨੂੰ ਕਿਸੇ ਥਾਂ ਲੈ ਜਾਵੇ। ਉਸਦੀ ਲੱਤ ਵਿੱਚ ਗੋਲੀ ਵੱਜੇ। ਉਸਨੂੰ ਲੰਗ ਮਾਰਦੇ ਨੂੰ ਅਦਾਲਤ ਵਿੱਚ ਪੇਸ਼ ਕਰਨ। ਕਿਉਂਕਿ ਪੁਲਿਸ ਦਾ ਇਹ ਨਵਾਂ ਬਦਲਾਅ ਹੈ। ਭਵਿੱਖ ਵਿੱਚ ਕੁੱਝ ਵੀ ਹੋ ਸਕਦਾ ਹੈ ਕਿ ਕਿਉਂਕਿ ਹੁਣ ਕੇਸ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਜ਼ਰਾਂ ਹੇਠ ਹੈ। ਏਨੀ ਕੁ ਜਾਣਕਾਰੀ ਤੋਂ ਬਾਅਦ ਅਗਲੀ ਅੱਪਡੇਟ ਦੀ ਉਡੀਕ ਵਿੱਚ ਤੁਸੀਂ ਆਪਣੇ ਬੱਚੇ ਸੰਭਾਲ ਕੇ ਰੱਖੋ।

ਬੁੱਧ ਸਿੰਘ ਨੀਲੋਂ,
9464370823
Share this content:



Post Comment