Loading Now

ਬੁੱਧ ਬਾਣ/ਐ ਮੇਰੇ ਪੰਜਾਬ! ਤੇਰਾ ਕੋਈ ਨਹੀਂ ਬੇਲੀ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਐ ਮੇਰੇ ਪੰਜਾਬ! ਤੇਰਾ ਕੋਈ ਨਹੀਂ ਬੇਲੀ/ਬੁੱਧ ਸਿੰਘ ਨੀਲੋਂ

bhim-singh ਬੁੱਧ ਬਾਣ/ਐ ਮੇਰੇ ਪੰਜਾਬ! ਤੇਰਾ ਕੋਈ ਨਹੀਂ ਬੇਲੀ/ਬੁੱਧ ਸਿੰਘ ਨੀਲੋਂ
ਇਹ ਤਸਵੀਰ ਸਰਦਾਰ ਭੀਮ ਸਿੰਘ ਮਾਨਸਾ ਦੀ ਹੈ, ਇਹ ਅਸਲ ਤਸਵੀਰ ਪੰਜਾਬ ਸਿਉਂ ਦੀ ਹੈ।
ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਦਾ ਹੈ ਤਾਂ ਹਾਲਾਤ ਜੰਗ ਦੇ ਮੈਦਾਨ ਵਰਗੇ ਬਣ ਜਾਂਦੇ ਹਨ। ਨਵੇਂ ਤੇ ਪੁਰਾਣੇ, ਛੋਟੇ ਤੇ ਵੱਡੇ ਆਗੂ ਪਸੇਰੀ ਦੇ ਡੱਡੂਆਂ ਵਾਂਗ ਮੈਦਾਨ ਵਿੱਚ ਕੁੱਦ ਪੈਂਦੇ ਹਨ। ਦਰ-ਦਰ, ਘਰ-ਘਰ ਜਾ ਕੇ ਹੱਥ ਜੋੜਦੇ ਅਤੇ ਵੋਟਾਂ ਦੀ ਭੀਖ ਮੰਗਦੇ ਨਜ਼ਰ ਆਉਂਦੇ ਹਨ। ਦਿੱਲੀ ਦਰਬਾਰ ਵਾਲਿਆਂ ਦੇ ਪੰਜਾਬ ਦੇ ਡੇਰਿਆਂ ਵਿੱਚ ਗੇੜੇ ਵਧ ਜਾਂਦੇ ਹਨ। ਪੰਜਾਬ ਅਤੇ ਪੰਜਾਬੀਆਂ ਦੀ ਕਮਜ਼ੋਰੀ ਬਣੇ ਇਹ ਡੇਰੇ ਕਈ ਵਾਰ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ-ਛਿਪੇ ਵੇਚਣ ਵਾਂਗ ਆਪਣੀ ਸੰਗਤ ਦੀਆਂ ਵੋਟਾਂ ਦਾ ਸੌਦਾ ਸਿਆਸੀ ਵਪਾਰੀਆਂ ਨਾਲ ਕਰਦੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਉੱਥੇ ਨਿੱਜੀ ਜਾਣਕਾਰੀ ਵਿਕਦੀ ਹੈ ਤੇ ਇੱਥੇ ਲੋਕਾਂ ਦੀਆਂ ਵੋਟਾਂ ਅਤੇ ਜ਼ਮੀਰ। ਪੰਜਾਬ ਵਿੱਚ ਸ਼ਾਇਦ ਓਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਰਕਾਰੀ ਸਕੂਲ, ਕਾਲਜ ਅਤੇ ਹਸਪਤਾਲ ਨਹੀਂ ਹੋਣਗੇ, ਜਿੰਨੇ ਪਖੰਡੀ ਸਾਧਾਂ ਦੇ ਡੇਰੇ ਹਨ। ਪੰਜਾਬ ਦੀ ਆਬਾਦੀ ਸਵਾ ਤਿੰਨ ਕਰੋੜ ਦੇ ਕਰੀਬ ਹੈ, ਪਰ ਇਸ ਸੂਬੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਹਰ ਪੰਜਾਬੀ ਅਸਿੱਧੇ ਤੌਰ ’ਤੇ ਢਾਈ ਲੱਖ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਸਿਆਸੀ ਆਗੂਆਂ ਦੀ ਸਾਰੀ ਉਮਰ ਸੱਤਾ ਮਾਨਣ ਦੀ ਲਾਲਸਾ ਨੇ ਇੱਕ ਪਾਸੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਅਤੇ ਦੂਜੇ ਪਾਸੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕ ਦਿੱਤਾ। ਪਰ ਪੰਜਾਬ ਦੇ ਬਹੁਤੇ ਡੇਰੇਦਾਰ, ਸਿਆਸੀ ਆਗੂ ਅਤੇ ਸਮਾਜ ਨੂੰ ਸੇਧ ਦੇਣ ਦਾ ਦਾਅਵਾ ਕਰਨ ਵਾਲੇ ਪੜ੍ਹੇ-ਲਿਖੇ ਦਾਨੇ ਬੰਦੇ ਚੁੱਪਚਾਪ ਇਹ ਸਭ ਕੁਝ ਵੇਖਦੇ ਰਹੇ। ਕਈ ਤਾਂ ਇਸ ਲੁੱਟ ਦੇ ਭਾਈਵਾਲ ਵੀ ਬਣੇ ਰਹੇ।
ਪੰਜਾਬ ਦੀ ਇਸ ਨਿੱਘਰੀ ਹਾਲਤ ਲਈ ਆਮ ਆਦਮੀ ਪਾਰਟੀ, ਕਾਮਰੇਡਾਂ, ਅਕਾਲੀ ਦਲ ਬਾਦਲ, ਭਾਜਪਾ ਅਤੇ ਕਾਂਗਰਸ ਦੇ ਸਿਆਸੀ ਆਗੂਆਂ ਦੇ ਨਾਲ-ਨਾਲ ਧਰਮ ਅਤੇ ਜਾਤ-ਪਾਤ ਦੇ ਆਧਾਰ ’ਤੇ ਬਣੀਆਂ ਜਥੇਬੰਦੀਆਂ ਦੇ ਉਹ ਸਾਰੇ ਆਗੂ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣੀ ਚੌਧਰ ਅਤੇ ਨਿੱਜੀ ਹਿੱਤਾਂ ਦੀ ਰਾਖੀ ਲਈ ਪੰਜਾਬ ਨੂੰ ਹਜ਼ਾਰ ਸਾਲ ਦੀ ਗ਼ੁਲਾਮੀ ਦੇ ਦੌਰ ਵਰਗੀ ਸ਼ਿਕਾਰਗਾਹ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਹੁਣ ਤਾਂ ਬਹੁਤ ਕੁਝ ਲੁਕਿਆ-ਛਿਪਿਆ ਨਹੀਂ ਰਹਿ ਗਿਆ। ਪੰਜਾਬ ਦੇ ਕਾਲੇ ਦੌਰ ਤੋਂ ਬਾਅਦ ਚਸ਼ਮਦੀਦ ਗਵਾਹਾਂ ਅਤੇ ਇਤਿਹਾਸਕਾਰਾਂ ਵੱਲੋਂ ਲਿਖੀਆਂ ਕਈ ਕਿਤਾਬਾਂ ਨੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਵਿੱਚ ਹਿੰਸਕ ਦੌਰ ਕਿਨ੍ਹਾਂ ਹਾਲਾਤ ਵਿੱਚ ਫੈਲਿਆ? ਕੌਣ ਦਿੱਲੀ ਨੂੰ ਚਿੱਠੀਆਂ ਲਿਖਦਾ ਰਿਹਾ? ਕੌਣ ਗੁਪਤ ਬੈਠਕਾਂ ਕਰਦਾ ਰਿਹਾ? ਕੌਣ ਕਿਸ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਆਪਣਾ ਨਿਸ਼ਾਨਾ ਸਾਧਦਾ ਰਿਹਾ? ਇਨ੍ਹਾਂ ਸਵਾਲਾਂ ਦੇ ਜਵਾਬ ਇਤਿਹਾਸ ਦੀਆਂ ਪਰਤਾਂ ਵਿੱਚੋਂ ਲੱਭਣੇ ਪੈਣਗੇ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਧੋਖਾ ਦੇਣ ਵਾਲੇ ਕਈ ਸਿਆਸੀ ਆਗੂਆਂ ਦਾ ਵਾਲ ਵੀ ਵਿੰਗਾ ਨਾ ਹੋਇਆ, ਪਰ ਉਨ੍ਹਾਂ ਦੇ ਭਰਮਾਏ ਹੋਏ ਆਮ ਲੋਕ ਬੇਮੌਤ ਮਰਦੇ ਰਹੇ।
ਹੁਣ ਚਾਰ ਦਹਾਕਿਆਂ ਬਾਅਦ ਨੌਜਵਾਨਾਂ ਨੂੰ ਫਿਰ ਉਸੇ ਤਰ੍ਹਾਂ ਦੇ ਹਨੇਰੇ ਰਾਹਾਂ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਦਿਖਾਈ ਦੇ ਰਹੀਆਂ ਹਨ। ਧਰਮ ਦੀ ਆੜ ਵਿੱਚ ਮਨੁੱਖਤਾ ਦਾ ਘਾਣ ਕਰਨ ਵਾਲੇ ਮਨਸੂਬੇ ਬਣਦੇ ਨਜ਼ਰ ਆ ਰਹੇ ਹਨ। ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਇੰਨਾ ਕੁਝ ਗੁਆਉਣ ਦੇ ਬਾਵਜੂਦ ਅਸੀਂ ਸਬਕ ਸਿੱਖਣ ਲਈ ਤਿਆਰ ਨਹੀਂ। ਅਸੀਂ ਆਪਣੇ ਧੀਆਂ-ਪੁੱਤਾਂ ਦੇ ਕਾਤਲਾਂ ਨੂੰ ਹੀ ਆਗੂ ਬਣਾਉਂਦੇ ਰਹੇ ਅਤੇ ਸੱਥਾਂ ਤੇ ਥਾਣਿਆਂ ਵਿੱਚ ਆਪਣੀਆਂ ਦਾਹੜੀਆਂ ਪੁਟਵਾਉਂਦੇ, ਪੱਗਾਂ ਲਹਾਉਂਦੇ ਰਹੇ। ਅਸੀਂ ਉਦੋਂ ਵੀ ਨਹੀਂ ਸਮਝੇ ਅਤੇ ਅੱਜ ਵੀ ਨਹੀਂ ਸਮਝ ਰਹੇ ਕਿ ਸਾਡਾ ਅਸਲ ਦੁਸ਼ਮਣ ਕੌਣ ਹੈ ਤੇ ਮਿੱਤਰ ਕੌਣ?
ਅਸੀਂ ਆਪਣੇ ਆਪ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਸਮਝਦੇ ਹਾਂ, ਪਰ ਉਨ੍ਹਾਂ ਦੀਆਂ ਸਿੱਖਿਆਵਾਂ ਵੱਲ ਪਿੱਠ ਕਰਕੇ ਖੜ੍ਹੇ ਹਾਂ। ਅਸੀਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰਬਸਾਂਝੀ ਨਿਰਮਲ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਂਦਾ ਅਤੇ ਨਾ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਨਾਵਾਂ ਦੇ ਵਾਰਸ ਤਾਂ ਬਣ ਗਏ, ਪਰ ਵਿਚਾਰਾਂ ਦੇ ਵਾਰਸ ਨਾ ਬਣ ਸਕੇ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਰਮਕਾਂਡਾਂ, ਅੰਧਵਿਸ਼ਵਾਸਾਂ ਅਤੇ ਮੂਰਤੀ ਪੂਜਾ ਤੋਂ ਮੁਕਤ ਹੋ ਕੇ ਸੱਚ ਦੀ ਪਛਾਣ ਕਰਨ ਦਾ ਰਾਹ ਦਿਖਾਇਆ ਸੀ। ਪਰ ਅਸੀਂ ਅੱਜ ਵੀ ਉਹੀ ਕੁਝ ਕਰ ਰਹੇ ਹਾਂ, ਜਿਸ ਤੋਂ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਸੀ। ਅਸੀਂ ਸਿਰੇ ਦੇ ਪਖੰਡੀ ਅਤੇ ਵਹਿਮੀ ਬਣ ਗਏ ਹਾਂ। ਵਿਦਿਆ ਤਾਂ ਹਾਸਲ ਕਰ ਲਈ, ਪਰ ਗਿਆਨ ਤੋਂ ਸੱਖਣੇ ਰਹਿ ਗਏ। ਗੁਰਦੁਆਰੇ ਤਾਂ ਪੱਕੇ ਬਣਾ ਲਏ, ਪਰ ਆਪਣੇ ਫ਼ਰਜ਼ ਨਿਭਾਉਣ ਵਿੱਚ ਕੱਚੇ ਰਹਿ ਗਏ।
ਇੱਕ ਸਮਾਂ ਸੀ ਜਦੋਂ ਵਿਦਿਆ ਦਾ ਬਹੁਤਾ ਪਸਾਰਾ ਨਹੀਂ ਸੀ ਹੋਇਆ। ਪੰਜਾਬੀਆਂ ਦੇ ਘਰ ਵੀ ਕੱਚੇ ਹੁੰਦੇ ਸਨ ਅਤੇ ਧਰਮਸ਼ਾਲਾਵਾਂ ਤੇ ਗੁਰਦੁਆਰੇ ਵੀ। ਪਰ ਲੋਕਾਂ ਵਿੱਚ ਧਰਮ ਦੇ ਨਾਂ ’ਤੇ ਨਹੀਂ, ਸਗੋਂ ਸੱਚ, ਸੇਵਾ, ਸਿਦਕ ਅਤੇ ਸਾਂਝ ਦੇ ਅਸੂਲਾਂ ਉੱਤੇ ਪਹਿਰਾ ਦੇਣ ਵਾਲੇ ਬਹੁਤ ਸਾਰੇ ਮਨੁੱਖ ਸਨ। ਅੱਜ ਇਮਾਰਤਾਂ ਪੱਕੀਆਂ ਹੋ ਗਈਆਂ ਹਨ, ਪਰ ਮਨੁੱਖੀ ਕਦਰਾਂ-ਕੀਮਤਾਂ ਦੀਆਂ ਨੀਹਾਂ ਕਮਜ਼ੋਰ ਹੋ ਗਈਆਂ ਹਨ।
ਅਸੀਂ ਸ਼ਬਦ ਗੁਰੂ ਨਾਲ ਜੁੜਨ ਦੀ ਥਾਂ ਦੇਹਧਾਰੀ ਸਾਧਾਂ ਨਾਲ ਜੁੜ ਗਏ ਹਾਂ। ਗੁਰੂ ਦੇ ਵਿਚਾਰਾਂ ਦੀ ਥਾਂ ਬਾਬਿਆਂ ਦੇ ਬਚਨਾਂ ਨੂੰ ਮਹੱਤਵ ਦੇਣ ਲੱਗ ਪਏ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਦੇ ਵਿਰੋਧੀਆਂ ਅਤੇ ਉਸ ਤੋਂ ਦੂਰ ਲਿਜਾਣ ਵਾਲੀਆਂ ਪ੍ਰਵਿਰਤੀਆਂ ਨੇ ਸਮੇਂ ਦੇ ਨਾਲ ਸਾਡੇ ਅੰਦਰ ਅਜਿਹਾ ਪ੍ਰਭਾਵ ਪੈਦਾ ਕੀਤਾ ਕਿ ਅਸੀਂ ਗਿਆਨ ਦੇ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਣ ਦੀ ਥਾਂ ਦੇਹਾਂ ਦੇ ਪੁਜਾਰੀ ਬਣਦੇ ਗਏ। ਇਸੇ ਕਰਕੇ ਡੇਰਿਆਂ ਦੀ ਬੱਲੇ-ਬੱਲੇ ਹੋ ਰਹੀ ਹੈ।
ਇੱਕ ਗੱਲ ਤਾਂ ਇੱਟ ਵਰਗੀ ਪੱਕੀ ਹੈ ਕਿ ਜਿੱਥੇ ਵਿਵੇਕ ਦੀ ਥਾਂ ਅੰਧਵਿਸ਼ਵਾਸ ਲੈ ਲੈਂਦਾ ਹੈ, ਉੱਥੇ ਮਨੁੱਖ ਆਪਣੀ ਸੋਚਣ-ਸਮਝਣ ਦੀ ਸ਼ਕਤੀ ਗੁਆ ਬੈਠਦਾ ਹੈ। ਡੇਰਿਆਂ ਵਿੱਚ ਜਾਣ ਵਾਲੇ ਹਰ ਵਿਅਕਤੀ ਨੂੰ ਇੱਕੋ ਤੱਕੜੀ ਵਿੱਚ ਤੋਲਣਾ ਠੀਕ ਨਹੀਂ, ਪਰ ਉਨ੍ਹਾਂ ਡੇਰਿਆਂ ਦੀ ਆਲੋਚਨਾ ਜ਼ਰੂਰੀ ਹੈ ਜਿੱਥੇ ਲੋਕਾਂ ਦੀਆਂ ਮਜਬੂਰੀਆਂ, ਦੁੱਖਾਂ ਅਤੇ ਸ਼ਰਧਾ ਦਾ ਵਪਾਰ ਹੁੰਦਾ ਹੈ। ਉੱਥੇ ਸਾਧ ਨੂੰ ਕੁਦਰਤੀ ਨਿਯਮਾਂ ਨੂੰ ਪਲਟ ਦੇਣ ਵਾਲਾ ਮਹਾਂਬਲੀ ਸਮਝਿਆ ਜਾਂਦਾ ਹੈ। ਉਸ ਤੋਂ ਭਾਂਤ-ਭਾਂਤ ਦੇ ਵਰ ਮੰਗੇ ਜਾਂਦੇ ਹਨ, ਉਸ ਦੀ ਪਰਕਰਮਾ ਕੀਤੀ ਜਾਂਦੀ ਹੈ ਅਤੇ ਹਰ ਮੱਸਿਆ, ਪੁੰਨਿਆ, ਸੰਗਰਾਂਦ ਜਾਂ ਦਸਮੀ ਨੂੰ ਚੌਂਕੀਆਂ ਲੱਗਦੀਆਂ ਹਨ। ਜਿਹੜੇ ਲੋਕ ਆਪਣੇ ਮਾਪਿਆਂ ਨਾਲ ਪਿਆਰ ਦੇ ਦੋ ਬੋਲ ਨਹੀਂ ਬੋਲਦੇ, ਉਹ ਡੇਰੇ ਦੇ ਸਾਧ ਨੂੰ ਪਿਤਾ ਜੀ, ਪਿਤਾ ਜੀ ਕਹਿੰਦਿਆਂ ਨਹੀਂ ਥੱਕਦੇ। ਇਹ ਸ਼ਰਧਾ ਹੈ ਜਾਂ ਸ਼ਰਧਾ ਦੇ ਨਾਂ ’ਤੇ ਬਣਿਆ ਕੋਈ ਨਵਾਂ ਸਮਾਜਿਕ ਰਿਸ਼ਤਾ?
“ਢੱਕੀ ਰਿੱਝੇ ਤੇ ਕਿਹੜਾ ਬੁੱਝੇ!”
ਜਬਰ-ਜਨਾਹ ਦੇ ਦੋਸ਼ ਹੇਠ ਲੰਮੀ ਸਜ਼ਾ ਭੁਗਤ ਰਹੇ ਗੁਆਂਢੀ ਰਾਜ ਦੇ ਇੱਕ ਡੇਰੇਦਾਰ ਸਾਧ ਨੂੰ ਮੁੜਮੁੜ ਫਰਲੋ ਉੱਤੇ ਛੱਡ ਦਿੱਤਾ ਜਾਂਦਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਨਾਲ ਸਿਆਸੀ ਸੌਦੇਬਾਜ਼ੀ ਅਤੇ ਵੋਟਾਂ ਦੇ ਸਮੀਕਰਨਾਂ ਬਾਰੇ ਸਵਾਲ ਉੱਠਣੇ ਸੁਭਾਵਿਕ ਹਨ। ਜਦੋਂ ਕਾਨੂੰਨ ਦੀਆਂ ਪ੍ਰਕਿਰਿਆਵਾਂ ਵੀ ਸਿਆਸੀ ਸਮੇਂ ਨਾਲ ਮੇਲ ਖਾਂਦੀਆਂ ਦਿਸਣ ਤਾਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋਣਾ ਕੁਦਰਤੀ ਹੈ। ਸਵਾਲ ਇਹ ਹੈ ਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਜਾਂ ਵੋਟਾਂ ਦੀ ਗਿਣਤੀ ਦੇਖ ਕੇ ਉਸ ਦਾ ਰੰਗ ਬਦਲ ਜਾਂਦਾ ਹੈ?
ਅਸੀਂ ਨਹੀਂ ਸੁਧਰਾਂਗੇ!
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਉਨ੍ਹਾਂ ਤੋਂ ਬਾਅਦ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ ਲਈ ਲਗਭਗ 239 ਸਾਲ ਤੱਕ ਲਗਾਤਾਰ ਸੰਘਰਸ਼ ਕੀਤਾ। ਇਸ ਰਾਹ ਵਿੱਚ ਸ਼ਹੀਦੀਆਂ ਹੋਈਆਂ, ਸਰਬੰਸ ਵਾਰੇ ਗਏ ਅਤੇ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੱਤਾ ਗਿਆ। ਪਰ ਅਸੀਂ, ਉਨ੍ਹਾਂ ਦੇ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ, ਕਿੰਨੇ ਕੁ ਕ੍ਰਿਤਘਣ ਸਾਬਤ ਹੋਏ ਹਾਂ! ਅਸੀਂ ਜਾਤ-ਪਾਤ ਦੇ ਆਧਾਰ ’ਤੇ ਵੱਖਰੇ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਬਣਾ ਕੇ ਉਸੇ ਕੋਹੜ ਨੂੰ ਪੁਸ਼ਤੈਨੀ ਰੋਗ ਬਣਾ ਲਿਆ, ਜਿਸ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬਾਨ ਨੇ ਆਪਣਾ ਜੀਵਨ ਸਮਰਪਿਤ ਕੀਤਾ ਸੀ।
ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਜਿਹੜੇ ਲੋਕ ਗੁਰੂ ਦੇ ਨਾਂ ’ਤੇ ਇਕੱਠੇ ਹੁੰਦੇ ਹਨ, ਉਹੀ ਮਨੁੱਖ ਨੂੰ ਜਾਤ ਦੇ ਨਾਂ ’ਤੇ ਵੰਡਦੇ ਹਨ। ਮੱਥੇ ਟੇਕਣ ਵੇਲੇ ਸਾਰੇ ਬਰਾਬਰ, ਪਰ ਲੰਗਰ ਛਕਣ ਵੇਲੇ ਵੱਖਰੇ! ਮੌਤ ਤੋਂ ਬਾਅਦ ਵੀ ਮਨੁੱਖ ਦੀ ਜਾਤ ਨਹੀਂ ਛੱਡੀ ਜਾਂਦੀ। ਫਿਰ ਅਸੀਂ ਕਿਹੜੀ ਬਰਾਬਰੀ ਦੀ ਗੱਲ ਕਰਦੇ ਹਾਂ?
ਸਿਆਸੀ ਆਗੂਆਂ ਅਤੇ ਅਖੌਤੀ ਧਾਰਮਿਕ ਚੌਧਰੀਆਂ ਨੇ ਸਾਨੂੰ ਹਨੇਰੀ ਸੁਰੰਗ ਵਿੱਚ ਧੱਕ ਦਿੱਤਾ ਹੈ। ਸਿਆਸੀ ਆਗੂਆਂ ਨੇ ਵਿਕਾਸ ਦੇ ਨਾਂ ’ਤੇ ਲਗਾਤਾਰ ਲੁੱਟਮਾਰ ਮਚਾਈ ਹੋਈ ਹੈ। ਅੱਜ ਸਿਆਸਤ ਅਤੇ ਧਰਮ ਦੋਵੇਂ ਸਭ ਤੋਂ ਵੱਧ ਲਾਹੇਵੰਦ ਧੰਦੇ ਬਣ ਗਏ ਹਨ। ਸਮਾਜ ਸੇਵਾ ਅਤੇ ਅਗਲਾ ਜਨਮ ਸੁਧਾਰਨ ਦੇ ਨਾਂ ’ਤੇ ਉਗਰਾਹੀ ਕਰੋ, ਲੋਕਾਂ ਦੇ ਪੈਸੇ ਨਾਲ ਕਾਰੋਬਾਰ ਸ਼ੁਰੂ ਕਰੋ ਅਤੇ ਫਿਰ ਸੱਤ ਪੀੜ੍ਹੀਆਂ ਜੋਗਾ ਮਾਲ ਇਕੱਠਾ ਕਰ ਲਵੋ।
ਦਗ਼ਾ, ਮਕਾਰੀ, ਲੁੱਟਮਾਰ,
ਧੋਖਾ ਹੀ ਧੋਖਾ,
ਹਿੰਗ ਲੱਗੇ ਨਾ ਫਟਕੜੀ,
ਤੇ ਰੰਗ ਵੀ ਚੋਖਾ!
ਸੰਨ 1947 ਤੋਂ ਬਾਅਦ ਪੰਜਾਬ ਵਿੱਚ ਮੁੱਖ ਤੌਰ ’ਤੇ ਕਾਂਗਰਸ ਅਤੇ ਅਕਾਲੀ ਦਲ ਦੀ ਸਿਆਸਤ ਦਾ ਦਬਦਬਾ ਰਿਹਾ ਹੈ। ਇਹ ਪਾਰਟੀਆਂ ਲੋਕਾਂ ਦੀਆਂ ਅਖੌਤੀ ਪੁਸ਼ਤੈਨੀ ਸੇਵਾਦਾਰ ਬਣ ਕੇ ਵਿਚਰਦੀਆਂ ਰਹੀਆਂ ਹਨ। ਇਨ੍ਹਾਂ ਦੇ ਆਗੂਆਂ ਲਈ ਸਿਆਸਤ ਲੋਕ ਸੇਵਾ ਨਾਲੋਂ ਵੱਧ ਪਰਿਵਾਰਕ ਵਿਰਾਸਤ ਬਣਦੀ ਗਈ। ਪਿਉ-ਪੁੱਤ, ਪਤੀ-ਪਤਨੀ, ਨੂੰਹ-ਸੱਸ, ਦਰਾਣੀ-ਜੇਠਾਣੀ, ਚਾਚਾ-ਭਤੀਜਾ ਅਤੇ ਸਾਲ਼ਾ-ਜੀਜਾ ਤੱਕ ਚੋਣ ਮੈਦਾਨ ਵਿੱਚ ਨਜ਼ਰ ਆਉਣ ਲੱਗ ਪਏ। ਕਈ ਵਾਰ ਤਾਂ ਇਉਂ ਲੱਗਦਾ ਹੈ ਜਿਵੇਂ ਸਿਆਸੀ ਪਾਰਟੀਆਂ ਲੋਕਤੰਤਰੀ ਜਥੇਬੰਦੀਆਂ ਨਹੀਂ, ਸਗੋਂ ਪਰਿਵਾਰਕ ਕੰਪਨੀਆਂ ਹੋਣ।
ਹੋਰ ਤਾਂ ਹੋਰ, ਸੌ ਸਾਲ ਦੀ ਉਮਰ ਦੇ ਨੇੜੇ ਪਹੁੰਚ ਚੁੱਕੇ ਪੰਥ ਦੇ ਫ਼ਖ਼ਰੇ ਕੌਮ ਦਾ ਖ਼ਿਤਾਬ ਹਾਸਲ ਕਰਨ ਵਾਲੇ ਵੀ ਚੋਣ ਲੜਨ ਤੋਂ ਪਿੱਛੇ ਨਹੀਂ ਹਟਦੇ।
“ਹਾਏ ਕੁਰਸੀ ਮਰ ਜਾਣੀਏ, ਗਲਵੱਕੜੀ ਘੱਤਾਂ,
ਨਾ ਵੇ ਬਾਬਾ ਨਾ, ਤੇਰੀਆਂ ਕਬਰ ‘ਚ ਲੱਤਾਂ!”
ਵਾਲਾ ਹਾਲ ਹੋਇਆ ਪਿਆ ਹੈ। ਹੁਣ ਤਾਂ ਸੁਖ ਨਾਲ ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਸਿਆਸਤ ਵਿੱਚ ਸਰਗਰਮ ਹੋ ਚੁੱਕੀ ਹੈ। ਇਹ ਹਾਲ ਸਿਰਫ਼ ਇੱਕ ਪਾਰਟੀ ਦਾ ਨਹੀਂ, ਸਗੋਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਪਰਿਵਾਰਵਾਦ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਕੁਨਬਾਪਰਵਰੀ ਦਾ ਹਊਆ ਵਿਖਾ ਕੇ, ਪੰਦਰਾਂ-ਪੰਦਰਾਂ ਲੱਖ ਦੇ ਸੁਪਨੇ ਵੇਚ ਕੇ ਚੋਣਾਂ ਜਿੱਤਣ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਵਿੱਚ ਵੀ ਪਰਿਵਾਰਵਾਦ ਦੀਆਂ ਕਈ ਮਿਸਾਲਾਂ ਮਿਲ ਜਾਣਗੀਆਂ। ਦੂਜਿਆਂ ਦੇ ਘਰਾਂ ਵਿੱਚ ਹਨੇਰਾ ਦਿਖਾਉਣ ਵਾਲੇ ਆਪਣੇ ਘਰਾਂ ਦੇ ਚਿਰਾਗਾਂ ਦੀ ਗਿਣਤੀ ਕਰਨੀ ਭੁੱਲ ਜਾਂਦੇ ਹਨ।
ਜਿਉਂ ਹੀ ਵੋਟਾਂ ਪੈਣ ਦਾ ਦਿਨ ਨੇੜੇ ਆਉਂਦਾ ਹੈ, ਲੋਕਾਂ ਦੀਆਂ ਵੋਟਾਂ ਖ਼ਰੀਦਣ ਲਈ ਹਰ ਹਰਬਾ ਵਰਤਿਆ ਜਾਣ ਲੱਗਦਾ ਹੈ। ਨਸ਼ੇ ਵੰਡੇ ਜਾਂਦੇ ਹਨ, ਪੈਸਾ ਵਗਾਇਆ ਜਾਂਦਾ ਹੈ ਅਤੇ ਸ਼ਰਾਬ ਦੇ ਜੱਗ ਪੰਜਾਬ ਦੀਆਂ ਗਲੀਆਂ-ਮੁਹੱਲਿਆਂ ਵਿੱਚ ਲੱਗ ਜਾਂਦੇ ਹਨ। ਵੋਟਰ ਦੀ ਜ਼ਮੀਰ ਦੀ ਕੀਮਤ ਲਾਈ ਜਾਂਦੀ ਹੈ। ਜਿਹੜੇ ਆਗੂ ਪੰਜ ਸਾਲ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ, ਉਹ ਚੋਣਾਂ ਦੇ ਦਿਨਾਂ ਵਿੱਚ ਹੱਥ ਜੋੜ ਕੇ ਲੋਕਾਂ ਦੇ ਦਰਵਾਜ਼ਿਆਂ ਉੱਤੇ ਖੜ੍ਹੇ ਹੋ ਜਾਂਦੇ ਹਨ।
“ਪਿਆਰ, ਜੰਗ ਤੇ ਸਿਆਸਤ ਵਿੱਚ ਸਭ ਜਾਇਜ਼ ਹੈ”, ਇਹ ਸਿਆਸਤਦਾਨਾਂ ਦਾ ਮਨਭਾਉਂਦਾ ਮੁਹਾਵਰਾ ਬਣ ਗਿਆ ਹੈ। ਸਾਊਪੁਣੇ ਦੇ ਅਸੂਲ ਛਿੱਕੇ ਟੰਗ ਦਿੱਤੇ ਜਾਂਦੇ ਹਨ। ਬੇਈਮਾਨੀ, ਦਗ਼ੇਬਾਜ਼ੀ ਅਤੇ ਮੱਕਾਰੀ ਦਾ ਜ਼ਹਿਰੀਲਾ ਬੀਜ ਅਗਲੀ ਪੀੜ੍ਹੀ ਦੇ ਮਨਾਂ ਵਿੱਚ ਬੀਜਿਆ ਜਾਂਦਾ ਹੈ। ਇਸ ਸਿਆਸੀ ਮਾਫ਼ੀਏ ਦੀ ਆਪਸ ਵਿੱਚ ਨਾ ਕੋਈ ਪੱਕੀ ਦੋਸਤੀ ਹੁੰਦੀ ਹੈ ਅਤੇ ਨਾ ਪੱਕੀ ਦੁਸ਼ਮਣੀ। ਲੋੜ ਪੈਣ ’ਤੇ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ। ਕਈ ਵਾਰ ਕੁੜਮੋ-ਕੁੜਮੀ ਹੋ ਜਾਂਦੇ ਹਨ ਅਤੇ ਕਈ ਵਾਰ ਇੱਕ-ਦੂਜੇ ਨੂੰ ਜੇਲ੍ਹਾਂ ਵਿੱਚ ਪਹੁੰਚਾਉਣ ਦੀਆਂ ਗੱਲਾਂ ਕਰਦੇ ਹਨ। ਜਦੋਂ ਕੋਈ ਨਵਾਂ ਸਿਆਸੀ ਲਾਭ ਦਿਸਦਾ ਹੈ ਤਾਂ ਝੱਟ ਪਲਟੀ ਮਾਰ ਜਾਂਦੇ ਹਨ।
ਇਸ ਸਿਆਸੀ ਖੇਡ ਵਿੱਚ ਸਭ ਤੋਂ ਵੱਡੀ ਕੀਮਤ ਆਮ ਲੋਕ ਚੁਕਾਉਂਦੇ ਹਨ। ਜੰਗ ਦੇ ਮੈਦਾਨ ਵਿੱਚ ਸਿਪਾਹੀ ਮਰਦੇ ਹਨ, ਰਾਜੇ ਤੇ ਵਜ਼ੀਰ ਨਹੀਂ। ਸਿਆਸਤ ਦੀ ਜੰਗ ਵਿੱਚ ਵੀ ਆਮ ਲੋਕ ਹੀ ਨੁਕਸਾਨ ਝੱਲਦੇ ਹਨ, ਜਦਕਿ ਸੱਤਾ ਦੇ ਖਿਡਾਰੀ ਨਵੇਂ ਸਮੀਕਰਨ ਬਣਾ ਕੇ ਆਪਣੀਆਂ ਕੁਰਸੀਆਂ ਬਚਾ ਲੈਂਦੇ ਹਨ। ਸਿਆਸੀ ਹਿੰਸਾ ਅਤੇ ਕਤਲਾਂ ਦੇ ਕਈ ਮਾਮਲੇ ਅਜਿਹੇ ਰਹਿ ਜਾਂਦੇ ਹਨ, ਜਿਨ੍ਹਾਂ ਬਾਰੇ ਸੱਚ ਸਾਹਮਣੇ ਨਹੀਂ ਆਉਂਦਾ। ਕਈ ਘਟਨਾਵਾਂ ਹਾਦਸਿਆਂ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਕਈ ਸਵਾਲ ਹਮੇਸ਼ਾ ਲਈ ਰਹੱਸ ਬਣ ਜਾਂਦੇ ਹਨ। ਪਰ ਹਰ ਅਣਸੁਲਝੀ ਘਟਨਾ ਪਿੱਛੇ ਸਿਆਸੀ ਸਾਜ਼ਿਸ਼ ਮੰਨ ਲੈਣਾ ਵੀ ਠੀਕ ਨਹੀਂ। ਅਸਲ ਲੋੜ ਨਿਰਪੱਖ ਜਾਂਚ ਅਤੇ ਸੱਚ ਸਾਹਮਣੇ ਲਿਆਉਣ ਦੀ ਹੈ।
ਪਤਾ ਨਹੀਂ ਆਮ ਲੋਕ ਇਸ ਕਾਲੇ ਧੰਦੇ ਦੇ ਚੱਕਰਵਿਊ ਵਿੱਚੋਂ ਕਦੇ ਬਾਹਰ ਨਿਕਲ ਵੀ ਸਕਣਗੇ ਜਾਂ ਨਹੀਂ?
ਹੁਣ ਤੱਕ ਕਈ ਸਿਆਸੀ ਕਤਲ ਅਤੇ ਹਿੰਸਕ ਘਟਨਾਵਾਂ ਰਹੱਸ ਬਣੇ ਹੋਏ ਹਨ। ਪਰ ਸਾਡੇ ਸਮਾਜ ਦਾ ਸਭ ਤੋਂ ਵੱਡਾ ਰਹੱਸ ਇਹ ਹੈ ਕਿ ਅਸੀਂ ਸੱਚ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਾਨੂੰ ਸਵਾਲ ਪੁੱਛਣ ਦੀ ਥਾਂ ਚੁੱਪ ਰਹਿਣਾ ਸਿਖਾ ਦਿੱਤਾ ਗਿਆ ਹੈ। ਅਸੀਂ ਜੀਵਨ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕਰਨ ਦੀ ਥਾਂ ਕਿਸੇ ਅਲੌਕਿਕ ਜੀਵਨ-ਮੁਕਤੀ ਦੇ ਚੱਕਰ ਵਿੱਚ ਪੈ ਕੇ ਤਰ੍ਹਾਂ-ਤਰ੍ਹਾਂ ਦੇ ਅਡੰਬਰ ਕਰਦੇ ਰਹਿੰਦੇ ਹਾਂ। ਅਸੀਂ ਪੜ੍ਹੇ-ਲਿਖੇ ਅਗਿਆਨੀ ਹਾਂ, ਜੋ ਅਗਿਆਨਤਾ ਦਾ ਘੁੱਪ ਹਨੇਰਾ ਢੋ ਰਹੇ ਹਾਂ।
ਹਨੇਰਾ ਵੰਡਣ ਵਾਲੇ ਤਾਕਤਵਰ ਲੋਕਾਂ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਉਹ ਅਕਸਰ “ਰੱਬ ਨੇੜੇ ਕਿ ਘਸੁੰਨ?” ਵਰਗੀ ਕਹਾਵਤ ਨੂੰ ਆਪਣੀ ਢਾਲ ਬਣਾ ਕੇ ਕਮਜ਼ੋਰ ਮਨੁੱਖ ਨੂੰ ਡਰਾਉਂਦੇ ਹਨ। ਸਵਾਲ ਇਹ ਹੈ ਕਿ ਜਿਹੜਾ ਮਨੁੱਖ ਦੂਜੇ ਮਨੁੱਖ ਨੂੰ ਡਰਾਉਣ ਲਈ ਰੱਬ ਦਾ ਨਾਂ ਵਰਤਦਾ ਹੈ, ਉਹ ਅਸਲ ਵਿੱਚ ਧਰਮ ਦੀ ਸੇਵਾ ਕਰ ਰਿਹਾ ਹੈ ਜਾਂ ਆਪਣੀ ਚੌਧਰ ਦੀ?
ਅਸੀਂ ਮੌਤ ਤੋਂ ਡਰਦਿਆਂ ਕਿਸੇ ਅਦਿੱਖ ਰੱਬ ਨੂੰ ਨੇੜੇ ਸਮਝਿਆ ਹੋਇਆ ਹੈ, ਪਰ ਸਿਆਣੇ ਆਖਦੇ ਹਨ ਕਿ “ਕੰਧ ਓਹਲੇ ਪਰਦੇਸ” ਹੁੰਦਾ ਹੈ। ਅਸੀਂ ਇਹ ਵੀ ਨਹੀਂ ਸੋਚਦੇ ਕਿ ਹਰ ਧਰਮ, ਹਰ ਕੌਮ ਅਤੇ ਹਰ ਮਨੁੱਖ ਦਾ ਰੱਬ ਬਾਰੇ ਆਪਣਾ-ਆਪਣਾ ਵਿਚਾਰ ਕਿਉਂ ਹੈ? ਇੱਥੋਂ ਤੱਕ ਕਿ ਹਰ ਮਨੁੱਖ ਨੇ ਆਪਣੀਆਂ ਲੋੜਾਂ, ਡਰਾਂ ਅਤੇ ਕਲਪਨਾਵਾਂ ਅਨੁਸਾਰ ਰੱਬ ਦੀ ਵੱਖਰੀ ਤਸਵੀਰ ਘੜੀ ਹੋਈ ਹੈ।
ਅਸਲ ਵਿੱਚ ਹਜ਼ਾਰਾਂ ਸਾਲਾਂ ਤੋਂ ਹਾਕਮਾਂ ਅਤੇ ਪੁਜਾਰੀਆਂ ਨੇ ਧਰਮ ਦੀਆਂ ਵੱਖ-ਵੱਖ ਵਿਆਖਿਆਵਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਹੈ। ਜਦੋਂ ਦੋਵੇਂ ਮਿਲ ਕੇ ਲੋਕਾਂ ਦੀ ਸ਼ਰਧਾ ਅਤੇ ਡਰ ਦਾ ਵਪਾਰ ਕਰਨ ਲੱਗ ਪੈਣ ਤਾਂ ਧਰਮ ਮਨੁੱਖ ਦੀ ਮੁਕਤੀ ਦਾ ਰਾਹ ਬਣਨ ਦੀ ਥਾਂ ਉਸ ਦੀ ਲੁੱਟ ਦਾ ਸਾਧਨ ਬਣ ਜਾਂਦਾ ਹੈ। ਇਹ ਕਿਸੇ ਟਰੈਵਲ ਏਜੰਸੀ ਵਾਂਗ ਕੰਮ ਕਰਦੇ ਹਨ। ਸਵਰਗ ਦਾ ਲਾਰਾ ਲਾ ਕੇ ਨਰਕ ਵਰਗੀ ਜ਼ਿੰਦਗੀ ਵਿੱਚ ਧੱਕ ਦਿੰਦੇ ਹਨ। ਕਿਸੇ ਟਰੈਵਲ ਏਜੰਟ ਵਾਂਗ ਅਮਰੀਕਾ ਤੇ ਕੈਨੇਡਾ ਦੇ ਸੁਪਨੇ ਵਿਖਾ ਕੇ ਮੈਕਸੀਕੋ ਦੇ ਜੰਗਲਾਂ ਵਿੱਚ ਰੁਲਣ ਲਈ ਛੱਡ ਦਿੰਦੇ ਹਨ।
ਫਿਰ ਮਨੁੱਖ “ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ” ਵਰਗੇ ਰਾਹ-ਦਸੇਰੇ ਅਖਾਣ ਨੂੰ ਵੀ ਭੁੱਲ ਜਾਂਦਾ ਹੈ। ਕਿਸੇ ਪੁੰਨੂੰ ਨੂੰ ਲੱਭਦੀ ਸੱਸੀ ਵਾਂਗ ਕਰਮਕਾਂਡਾਂ ਦੇ ਮਾਰੂਥਲ ਵਿੱਚ ਭਟਕਦਾ ਰਹਿੰਦਾ ਹੈ। ਮੰਜ਼ਿਲ ਦੀ ਭਾਲ ਵਿੱਚ ਸਾਰੀ ਉਮਰ ਗੁਜ਼ਾਰ ਦਿੰਦਾ ਹੈ, ਪਰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਨਹੀਂ ਕਰਦਾ।
ਅਸੀਂ ਇਸੇ ਤਰ੍ਹਾਂ ਦੇ ਉਲਝੇਵਿਆਂ ਵਿੱਚ ਨਿੱਤ ਮਰ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਸਾਨੂੰ ਭਾਈ ਗੁਰਦਾਸ ਜੀ ਦੀ ਇਹ ਸਿੱਖਿਆ ਵੀ ਦਿਸਣੋਂ ਹਟ ਗਈ ਹੈ:
“ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇਇ ਭਲਾ ਮਨਾਵੈ।”
— ਭਾਈ ਗੁਰਦਾਸ ਜੀ, ਵਾਰ ਛੇਵੀਂ, ਪਉੜੀ ਪਹਿਲੀ।
ਇਹ ਸਿੱਖਿਆ ਸਾਨੂੰ ਕਿਰਤ ਕਰਨ, ਆਪਣੀ ਕਿਰਤ ਵਿੱਚੋਂ ਦੂਜਿਆਂ ਦਾ ਭਲਾ ਕਰਨ ਅਤੇ ਸਾਂਝੀਵਾਲਤਾ ਦਾ ਜੀਵਨ ਜਿਊਣ ਦਾ ਰਾਹ ਦਿਖਾਉਂਦੀ ਹੈ। ਪਰ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਦੇ ਸਦੀਵੀ ਸੱਚ ਨੂੰ ਸਮਝਣ ਦੀ ਥਾਂ ਕਰਮਕਾਂਡਾਂ ਵਿੱਚ ਉਲਝ ਗਏ ਹਾਂ। ਮੁਫ਼ਤ ਦਾ ਲੰਗਰ ਛਕਣ ਨੂੰ ਹੀ ਧਰਮ ਸਮਝ ਬੈਠੇ ਹਾਂ, ਪਰ ਲੰਗਰ ਦੀ ਸੇਵਾ, ਸਾਂਝ ਅਤੇ ਬਰਾਬਰੀ ਦੇ ਸਿਧਾਂਤ ਨੂੰ ਜੀਵਨ ਵਿੱਚ ਉਤਾਰਨਾ ਭੁੱਲ ਗਏ ਹਾਂ।
ਹੁਣ ਸਰਕਾਰੀ ਮੁਫ਼ਤ ਸਹੂਲਤਾਂ ਦੇ ਲਾਲਚ ਵਿੱਚ ਵੀ ਅਸੀਂ ਕਈ ਵਾਰ ਆਪਣੇ ਹੱਕਾਂ ਅਤੇ ਫ਼ਰਜ਼ਾਂ ਦੀ ਗੱਲ ਕਰਨੀ ਭੁੱਲ ਜਾਂਦੇ ਹਾਂ। ਲੋਕ-ਭਲਾਈ ਦੀਆਂ ਯੋਜਨਾਵਾਂ ਕੋਈ ਬੁਰਾਈ ਨਹੀਂ, ਪਰ ਜਦੋਂ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਥਾਂ ਚੋਣਾਂ ਵੇਲੇ ਮਿਲਣ ਵਾਲੀਆਂ ਰਿਆਇਤਾਂ ਨਾਲ ਸੰਤੁਸ਼ਟ ਕੀਤਾ ਜਾਂਦਾ ਹੈ ਤਾਂ ਲੋਕਤੰਤਰ ਕਮਜ਼ੋਰ ਹੁੰਦਾ ਹੈ। ਸਾਨੂੰ ਮੁਫ਼ਤਖੋਰੀ ਦੇ ਲਾਲਚ ਅਤੇ ਹੱਕਾਂ ਦੀ ਪ੍ਰਾਪਤੀ ਵਿਚਲਾ ਫ਼ਰਕ ਸਮਝਣਾ ਪਵੇਗਾ।
ਅਸਲ ਵਿੱਚ ਅਸੀਂ ਅਕ੍ਰਿਤਘਣ ਹੋ ਗਏ ਹਾਂ। ਅਸੀਂ ਹੱਕ ਅਤੇ ਸੱਚ ਦਾ ਰਸਤਾ ਤਿਆਗ ਕੇ ਝੂਠ ਦੇ ਵਪਾਰੀਆਂ ਦੇ ਮਗਰ ਲੱਗ ਗਏ ਹਾਂ। ਅਸੀਂ ਜੂਠ ਖਾਣ ਦੇ ਆਦੀ ਹੋ ਗਏ ਹਾਂ। ਜੀਵਨ-ਫਲਸਫ਼ੇ ਨਾਲ ਭਰਪੂਰ ਗੁਰਮਤਿ ਸਾਹਿਤ ਦੇ ਗਿਆਨ-ਸੋਮਿਆਂ ਤੋਂ ਦੂਰ ਹੋ ਗਏ ਹਾਂ। ਅਸੀਂ ਬਾਣੀ ਨੂੰ ਸੁਣਨ ਦੀ ਰਸਮ ਤਾਂ ਨਿਭਾਉਂਦੇ ਹਾਂ, ਪਰ ਉਸ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਅਮਲ ਕਰਨ ਦੀ ਕੋਸ਼ਿਸ਼ ਕਿੰਨੀ ਕਰਦੇ ਹਾਂ?
ਜੇ ਅਸੀਂ ਬਾਣੀ ਦੇ ਅਰਥ ਸਮਝੇ ਹੁੰਦੇ ਤਾਂ ਕੀ ਮਨੁੱਖਤਾ ਨਾਲ ਇੰਨੀ ਬੇਰਹਿਮੀ ਕਰਦੇ? ਕੀ ਜਾਤ-ਪਾਤ ਦੇ ਨਾਂ ’ਤੇ ਵੰਡੇ ਰਹਿੰਦੇ? ਕੀ ਸੜਕ ਹਾਦਸਿਆਂ, ਨਸ਼ਿਆਂ, ਘਰੇਲੂ ਝਗੜਿਆਂ ਅਤੇ ਸਮਾਜਿਕ ਬੁਰਾਈਆਂ ਨੂੰ ਆਪਣੀ ਕਿਸਮਤ ਮੰਨ ਕੇ ਬੈਠੇ ਰਹਿੰਦੇ? ਧਿਆਨ ਦੇ ਨਾਂ ’ਤੇ ਅਜਿਹੇ ਰਹੱਸਵਾਦ ਵਿੱਚ ਗੁਆਚ ਜਾਂਦੇ ਕਿ ਮਨੁੱਖਤਾ, ਸਮਾਜ ਅਤੇ ਆਪਣੇ ਆਲੇ-ਦੁਆਲੇ ਦੇ ਦੁੱਖਾਂ ਤੋਂ ਹੀ ਬੇਖ਼ਬਰ ਹੋ ਜਾਂਦੇ?
ਧਿਆਨ ਮਨੁੱਖ ਨੂੰ ਸੁਚੇਤ ਕਰਨਾ ਚਾਹੀਦਾ ਹੈ, ਬੇਹੋਸ਼ ਨਹੀਂ। ਗਿਆਨ ਮਨੁੱਖ ਨੂੰ ਸਵਾਲ ਕਰਨਾ ਸਿਖਾਉਂਦਾ ਹੈ, ਅੰਨ੍ਹਾ ਵਿਸ਼ਵਾਸ ਨਹੀਂ। ਧਰਮ ਮਨੁੱਖ ਨੂੰ ਮਨੁੱਖ ਨਾਲ ਜੋੜਨਾ ਚਾਹੀਦਾ ਹੈ, ਵੰਡਣਾ ਨਹੀਂ। ਜੇ ਸਾਡੀ ਧਾਰਮਿਕਤਾ ਵਿੱਚੋਂ ਮਨੁੱਖਤਾ ਗਾਇਬ ਹੋ ਗਈ ਹੈ ਤਾਂ ਸਾਨੂੰ ਆਪਣੀ ਧਾਰਮਿਕਤਾ ਬਾਰੇ ਮੁੜ ਸੋਚਣ ਦੀ ਲੋੜ ਹੈ। ਹੁਣ ਕੁਝ ਸਵਾਲ ਹਨ, ਜਿਨ੍ਹਾਂ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ,ਕੀ ਇਹ ਝੂਠ ਹੈ, ਸੱਚ ਹੈ, ਰਹੱਸ ਹੈ?ਗਿਆਨ ਕੀ ਹੁੰਦਾ ਹੈ? ਧਿਆਨ ਕੀ ਹੁੰਦਾ ਹੈ?
ਅਸੀਂ ਕਿਸੇ ਮਿਥਿਹਾਸਕ ਕਹਾਣੀ ਦੇ ਤ੍ਰਿਸ਼ੰਕੂ ਵਾਂਗ ਕਿੱਥੇ ਲਟਕ ਗਏ ਹਾਂ? ਕੀ ਸਾਡੀਆਂ ਗਰਜ਼ਾਂ ਸਾਡੇ ਫ਼ਰਜ਼ਾਂ ਤੋਂ ਉੱਪਰ ਹੋ ਗਈਆਂ ਹਨ? ਕੀ ਅਸੀਂ ਆਪਣੇ ਹੱਕਾਂ ਲਈ ਲੜਨਾ ਅਤੇ ਆਪਣੇ ਫ਼ਰਜ਼ ਨਿਭਾਉਣਾ ਭੁੱਲ ਗਏ ਹਾਂ? ਕੀ ਅਸੀਂ ਆਪਣੇ ਨਾਇਕਾਂ ਦੇ ਨਾਂ ਤਾਂ ਜਪਦੇ ਹਾਂ, ਪਰ ਉਨ੍ਹਾਂ ਦੇ ਵਿਚਾਰਾਂ ਤੋਂ ਦੂਰ ਭੱਜਦੇ ਹਾਂ?
ਇਹ ਸਵਾਲ ਕਿਸੇ ਇੱਕ ਸਿਆਸੀ ਪਾਰਟੀ, ਕਿਸੇ ਇੱਕ ਧਰਮ ਜਾਂ ਕਿਸੇ ਇੱਕ ਜਾਤ ਦੇ ਨਹੀਂ। ਇਹ ਸਵਾਲ ਪੰਜਾਬ ਦੇ ਹਰ ਉਸ ਮਨੁੱਖ ਦੇ ਹਨ, ਜੋ ਪੰਜਾਬ ਨੂੰ ਆਪਣਾ ਮੰਨਦਾ ਹੈ।
ਪੰਜਾਬ ਨੂੰ ਬਚਾਉਣ ਲਈ ਕਿਸੇ ਬਾਹਰਲੇ ਮਸੀਹੇ ਦੀ ਉਡੀਕ ਕਰਨ ਦੀ ਲੋੜ ਨਹੀਂ। ਲੋੜ ਹੈ ਆਪਣੇ ਅੰਦਰ ਸੁੱਤੇ ਹੋਏ ਵਿਵੇਕ ਨੂੰ ਜਗਾਉਣ ਦੀ, ਸੱਚ ਨੂੰ ਪਛਾਣਨ ਦੀ ਅਤੇ ਸਿਆਸਤ, ਧਰਮ ਤੇ ਸਮਾਜ ਦੇ ਨਾਂ ’ਤੇ ਹੋ ਰਹੇ ਹਰ ਤਰ੍ਹਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨ ਦੀ।
ਕਿਉਂਕਿ ਜਦੋਂ ਲੋਕ ਆਪਣੀ ਸੋਚ ਕਿਸੇ ਹੋਰ ਕੋਲ ਗਹਿਣੇ ਰੱਖ ਦਿੰਦੇ ਹਨ ਤਾਂ ਉਨ੍ਹਾਂ ਦੀਆਂ ਵੋਟਾਂ ਵੀ ਵਿਕਦੀਆਂ ਹਨ, ਜ਼ਮੀਰ ਵੀ ਵਿਕਦਾ ਹੈ ਅਤੇ ਆਖ਼ਰਕਾਰ ਉਨ੍ਹਾਂ ਦਾ ਭਵਿੱਖ ਵੀ ਵਿਕ ਜਾਂਦਾ ਹੈ।
ਐ ਮੇਰੇ ਪੰਜਾਬ! ਤੇਰਾ ਦੁਸ਼ਮਣ ਕੋਈ ਇੱਕ ਨਹੀਂ। ਤੇਰਾ ਸਭ ਤੋਂ ਵੱਡਾ ਦੁਸ਼ਮਣ ਤੇਰੀ ਚੁੱਪ, ਤੇਰੀ ਵੰਡ ਅਤੇ ਤੇਰੀ ਸੁੱਤੀ ਹੋਈ ਚੇਤਨਾ ਹੈ। ਜਦੋਂ ਤੱਕ ਪੰਜਾਬੀ ਆਪਣੀ ਸੋਚ ਦਾ ਮਾਲਕ ਨਹੀਂ ਬਣਦਾ, ਉਦੋਂ ਤੱਕ ਪੰਜਾਬ ਦਾ ਕੋਈ ਬੇਲੀ ਨਹੀਂ ਬਣ ਸਕਦਾ।
Budh-singh-nelon-244x300 ਬੁੱਧ ਬਾਣ/ਐ ਮੇਰੇ ਪੰਜਾਬ! ਤੇਰਾ ਕੋਈ ਨਹੀਂ ਬੇਲੀ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment