Loading Now

ਬੁੱਧ ਚਿੰਤਨ/ਪੰਜਾਬੀ ਬੌਧਿਕ ਦਾ ਸੰਕਟ/ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ/ਪੰਜਾਬੀ ਬੌਧਿਕ ਦਾ ਸੰਕਟ/ਬੁੱਧ ਸਿੰਘ ਨੀਲੋਂ

ਕਹਿੰਦੇ ਹਨ ਕਿ ਡਾਕਟਰ ਮਨੁੱਖ ਦੀ ਜ਼ਿੰਦਗੀ ਬਚਾਉਂਦਾ ਹੈ। ਪਰ ਜਦੋਂ ਡਾਕਟਰ ਹੀ ਆਪਣੀ ਜ਼ਿੰਮੇਵਾਰੀ ਭੁੱਲ ਜਾਵੇ ਤਾਂ ਨੁਕਸਾਨ ਸਿਰਫ਼ ਇੱਕ ਮਰੀਜ਼ ਦਾ ਨਹੀਂ ਹੁੰਦਾ, ਸਾਰੇ ਸਮਾਜ ਦਾ ਹੁੰਦਾ ਹੈ। ਪਿਛਲੇ ਸਮਿਆਂ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਕਿ ਕਿਸੇ ਡਾਕਟਰ ਨੇ ਲੱਤ ਦੀ ਥਾਂ ਸਿਰ ਦਾ ਆਪ੍ਰੇਸ਼ਨ ਕਰ ਦਿੱਤਾ ਜਾਂ ਕਿਸੇ ਨੇ ਮਰੀਜ਼ ਦੇ ਸਰੀਰ ਵਿੱਚ ਕੈਂਚੀ ਹੀ ਛੱਡ ਦਿੱਤੀ। ਇਹ ਗ਼ਲਤੀਆਂ ਇੱਕ ਮਨੁੱਖ ਦੀ ਜਾਨ ਲੈ ਸਕਦੀਆਂ ਹਨ। ਪਰ ਪੰਜਾਬੀ ਸਾਹਿਤ ਅਤੇ ਉਚੇਰੀ ਸਿੱਖਿਆ ਵਿੱਚ ਬਣੇ ਕੁਝ ਅਜਿਹੇ “ਸਾਹਿਤ ਦੇ ਡਾਕਟਰ” ਹਨ, ਜਿਨ੍ਹਾਂ ਦੀਆਂ ਗ਼ਲਤੀਆਂ ਨੇ ਪੂਰੀ ਇੱਕ ਪੀੜ੍ਹੀ ਦੀ ਬੌਧਿਕ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ। ਇੱਥੇ ਜਾਨਾਂ ਨਹੀਂ ਜਾਂਦੀਆਂ, ਪਰ ਗਿਆਨ ਮਰ ਜਾਂਦਾ ਹੈ; ਵਿਚਾਰ ਸੁੱਕ ਜਾਂਦੇ ਹਨ ਅਤੇ ਖੋਜ ਇੱਕ ਰਸਮੀ ਕਾਰਵਾਈ ਬਣ ਕੇ ਰਹਿ ਜਾਂਦੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਹਜ਼ਾਰਾਂ ਪੀਐਚ.ਡੀ. ਹੋ ਚੁੱਕੀਆਂ ਹਨ। ਡਿਗਰੀਆਂ ਦੀ ਗਿਣਤੀ ਲਗਾਤਾਰ ਵਧੀ ਹੈ, ਪਰ ਸਵਾਲ ਇਹ ਹੈ ਕਿ ਕੀ ਉਸੇ ਅਨੁਪਾਤ ਵਿੱਚ ਗਿਆਨ ਵੀ ਵਧਿਆ ਹੈ? ਜੇਕਰ ਖੋਜ ਦਾ ਪੱਧਰ ਉੱਚਾ ਹੋਇਆ ਹੁੰਦਾ ਤਾਂ ਅੱਜ ਪੰਜਾਬੀ ਸਾਹਿਤ ਦਾ ਪਾਠਕ ਵਰਗ ਵਧਦਾ, ਨਵੀਆਂ ਵਿਚਾਰਧਾਰਾਵਾਂ ਜਨਮ ਲੈਂਦੀਆਂ ਅਤੇ ਨਵੇਂ ਵਿਦਵਾਨ ਤਿਆਰ ਹੁੰਦੇ। ਪਰ ਹਕੀਕਤ ਇਸ ਦੇ ਉਲਟ ਹੈ।

ਪਾਠਕ ਵਰਗ ਘੱਟ ਗਿਣਤੀ ਵਿੱਚ ਪੁੱਜ ਗਿਆ ਹੈ ਲੇਖਕਾਂ ਤੇ ਵਿਦਵਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਦੇ ਪੰਜਾਬੀ ਕਿਤਾਬਾਂ ਦੇ ਹਜ਼ਾਰਾਂ ਐਡੀਸ਼ਨ ਛਪਦੇ ਸਨ। ਅੱਜ ਬਹੁਤੀਆਂ ਕਿਤਾਬਾਂ ਸੌ-ਦੋ ਸੌ ਕਾਪੀਆਂ ਤੱਕ ਸੀਮਤ ਹੋ ਗਈਆਂ ਹਨ। ਲੇਖਕ ਆਪਣੀ ਜੇਬ ਵਿੱਚੋਂ ਪੈਸਾ ਲਗਾ ਕੇ ਕਿਤਾਬ ਛਪਾਉਂਦਾ ਹੈ, ਖੁਦ ਹੀ ਰਿਲੀਜ਼ ਕਰਦਾ ਹੈ ਅਤੇ ਖੁਦ ਹੀ ਵੰਡਦਾ ਫਿਰਦਾ ਹੈ। ਇਹ ਸਥਿਤੀ ਸਿਰਫ਼ ਪਾਠਕਾਂ ਦੀ ਘਾਟ ਕਰਕੇ ਨਹੀਂ ਆਈ; ਇਸ ਦੇ ਪਿੱਛੇ ਖੋਜ ਅਤੇ ਅਧਿਐਨ ਦੀ ਕਮਜ਼ੋਰ ਹੋ ਚੁੱਕੀ ਬੁਨਿਆਦ ਵੀ ਹੈ। ਪੜ੍ਹਨ ਤੇ ਸੰਭਾਲਣ ਯੋਗ ਕਿਤਾਬਾਂ ਘੱਟ ਤੇ ਰੱਦੀ ਵਿੱਚ ਵੇਚਣ ਵਾਲੀਆਂ ਵੱਧ ਛਪਦੀਆਂ ਹਨ। ਪੰਜਾਬੀ ਕਵਿਤਾ ਰੁਦਨ ਤੋਂ ਬਾਹਰ ਨਹੀਂ ਨਿਕਲੀ, ਕਹਾਣੀ ਕਿਸਾਨੀ ਦੇ ਗੁਆਚੀ ਹੋਈ ਹੈ। ਵਾਰਤਕ ਲੇਖਕ ਗਿਣਤੀ ਦੇ ਰਹਿ ਗਏ ਹਨ। ਕਲਮ ਘਸੀਟ ਖੁੰਭਾਂ ਵਾਂਗੂੰ ਉਗ ਰਹੇ ਹਨ। ਪੜ੍ਹਨ ਤੇ ਸੁਣਨ ਵਾਲਿਆਂ ਦੀ ਘੱਟ ਗਿਣਤੀ ਹੈ। ਲਿਖਣ ਤੋਂ ਪਹਿਲਾਂ ਪੜ੍ਹਨਾ ਚਾਹੀਦਾ ਹੈ, ਗਾਉਣ ਤੋਂ ਸਰੋਤਾ ਬਣੋ। ਪਾਠਕ, ਸਰੋਤਾ ਤੇ ਦਰਸ਼ਕ ਗੁੰਮ ਹੈ। ਡਿਗਰੀਧਾਰੀ ਬਹੁਤ ਹਨ। ਖੋਜਾਰਥੀਆਂ ਦਾ ਕਾਲ ਪੈ ਗਿਆ ਹੈ। ਪੀਠੇ ਨੂੰ ਪੀਣ ਵਾਲਿਆਂ ਨੂੰ ਡਿਗਰੀਆਂ ਵੰਡੀਆਂ ਜਾਂਦੀਆਂ ਹਨ। ਖੋਜ ਕਿਥੇ ਹੈ ?
ਸਭ ਤੋਂ ਵੱਡਾ ਸੰਕਟ ਇਹ ਹੈ ਕਿ ਖੋਜ ਦਾ ਮਕਸਦ ਸੱਚ ਦੀ ਭਾਲ ਨਹੀਂ, ਡਿਗਰੀ ਹਾਸਲ ਕਰਨਾ ਬਣ ਗਿਆ ਹੈ। ਕਈ ਥਾਵਾਂ ਉੱਤੇ ਖੋਜ ਦਾ ਅਰਥ ਨਵਾਂ ਗਿਆਨ ਪੈਦਾ ਕਰਨਾ ਨਹੀਂ, ਸਗੋਂ ਪਹਿਲਾਂ ਹੋ ਚੁੱਕੀ ਖੋਜ ਨੂੰ ਨਵੇਂ ਕਵਰ ਵਿੱਚ ਬੰਨ੍ਹ ਕੇ ਪੇਸ਼ ਕਰਨਾ ਰਹਿ ਗਿਆ ਹੈ। ਵਿਸ਼ੇ ਉਹੀ, ਢਾਂਚਾ ਉਹੀ, ਹਵਾਲੇ ਉਹੀ, ਸਿੱਟੇ ਉਹੀ—ਸਿਰਫ਼ ਖੋਜਾਰਥੀ, ਨਿਗਰਾਨ ਅਤੇ ਯੂਨੀਵਰਸਿਟੀ ਬਦਲ ਜਾਂਦੇ ਹਨ। ਇਸ ਸਥਿਤੀ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਨਕਲ ਸਿਰਫ਼ ਵਿਦਿਆਰਥੀ ਨਹੀਂ ਕਰਦਾ। ਕਈ ਵਾਰ ਪੂਰੀ ਪ੍ਰਣਾਲੀ ਉਸ ਨੂੰ ਪ੍ਰੋਤਸਾਹਿਤ ਕਰਦੀ ਹੈ। ਨਿਗਰਾਨ ਸਰਟੀਫਿਕੇਟ ਦਿੰਦਾ ਹੈ, ਪ੍ਰੀਖਿਅਕ ਮਨਜ਼ੂਰੀ ਦਿੰਦੇ ਹਨ ਅਤੇ ਯੂਨੀਵਰਸਿਟੀ ਡਿਗਰੀ ਜਾਰੀ ਕਰ ਦਿੰਦੀ ਹੈ। ਫਿਰ ਸਵਾਲ ਉੱਠਦਾ ਹੈ ਕਿ ਜ਼ਿੰਮੇਵਾਰ ਕੌਣ ਹੈ? ਖੋਜਾਰਥੀ, ਨਿਗਰਾਨ, ਪ੍ਰੀਖਿਅਕ ਜਾਂ ਸਾਰਾ ਸਿਸਟਮ?
ਅਸਲ ਵਿੱਚ ਇਹ ਵਿਅਕਤੀਆਂ ਨਾਲੋਂ ਵੱਧ ਇੱਕ ਸੋਚ ਦਾ ਸੰਕਟ ਹੈ। ਜਦੋਂ ਸਿੱਖਿਆ ਨੂੰ ਸਿਰਫ਼ ਨੌਕਰੀ ਲੈਣ ਦਾ ਸਾਧਨ ਸਮਝਿਆ ਜਾਵੇ ਅਤੇ ਖੋਜ ਨੂੰ ਤਰੱਕੀ ਦਾ ਸ਼ਾਰਟਕੱਟ, ਤਦੋਂ ਮੌਲਿਕਤਾ ਸਭ ਤੋਂ ਪਹਿਲਾਂ ਕੁਰਬਾਨ ਹੁੰਦੀ ਹੈ। ਫਿਰ ਨਕਲ ਕੋਈ ਅਪਰਾਧ ਨਹੀਂ ਰਹਿੰਦੀ, ਇੱਕ ਪ੍ਰਵਾਨਤ ਰਿਵਾਜ ਬਣ ਜਾਂਦੀ ਹੈ। ਇਹੀ ਕੁੱਝ ਯੂਨੀਵਰਸਿਟੀਆਂ ਵਿੱਚ ਹੋ ਰਿਹਾ ਹੈ, ਹੁੰਦਾ ਰਹੇਗਾ। ਜਦੋਂ ਸਮਾਜ ਵਿਗਿਆਨ ਦਾ ਕੰਮ ਪੰਜਾਬੀ ਸਾਹਿਤ ਵਿਭਾਗ ਕਰਨਗੇ ਤਾਂ ਕੀ ਉਹ ਇਨਸਾਫ਼ ਕਰਨਗੇ?
ਅੱਜ ਪੰਜਾਬੀ ਖੋਜ ਦਾ ਵੱਡਾ ਹਿੱਸਾ ਇੱਕ ਦੂਜੇ ਦੇ ਮੋਢਿਆਂ ਉੱਤੇ ਖੜ੍ਹਾ ਨਹੀਂ, ਸਗੋਂ ਇੱਕ ਦੂਜੇ ਦੀ ਪਿੱਠ ਉੱਤੇ ਲਿਖਿਆ ਹੋਇਆ ਜਾਪਦਾ ਹੈ। ਇਹ ਹਾਲਤ ਸਿਰਫ਼ ਪੰਜਾਬੀ ਦੀ ਨਹੀਂ; ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਅਤੇ ਵਿਸ਼ਿਆਂ ਵਿੱਚ ਵੀ ਅਜਿਹੇ ਸਵਾਲ ਉੱਠਦੇ ਰਹੇ ਹਨ। ਪਰ ਜਦੋਂ ਗੱਲ ਆਪਣੀ ਭਾਸ਼ਾ ਅਤੇ ਆਪਣੇ ਬੌਧਿਕ ਘਰ ਦੀ ਹੋਵੇ, ਤਾਂ ਚੁੱਪ ਰਹਿਣਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ।

ਜਿਹੜਾ ਸਮਾਜ ਆਪਣੀ ਖੋਜ ਦੀ ਸੱਚਾਈ ਗੁਆ ਲੈਂਦਾ ਹੈ, ਉਹ ਆਪਣੀ ਬੌਧਿਕ ਅਗਵਾਈ ਵੀ ਗੁਆ ਬੈਠਦਾ ਹੈ। ਖੋਜ ਸਿਰਫ਼ ਡਿਗਰੀ ਦਾ ਨਾਮ ਨਹੀਂ; ਇਹ ਸਮਾਜ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਦੀ ਪ੍ਰਕਿਰਿਆ ਹੈ। ਜੇਕਰ ਉਸ ਪ੍ਰਕਿਰਿਆ ਵਿੱਚ ਨਕਲ, ਸਿਫ਼ਾਰਸ਼ ਅਤੇ ਖਾਨਾਪੂਰਤੀ ਦਾਖ਼ਲ ਹੋ ਜਾਣ ਤਾਂ ਨਤੀਜਾ ਇਹ ਹੁੰਦਾ ਹੈ ਕਿ ਯੂਨੀਵਰਸਿਟੀਆਂ ਗਿਆਨ ਦੇ ਕੇਂਦਰ ਨਹੀਂ ਰਹਿੰਦੀਆਂ, ਡਿਗਰੀਆਂ ਦੀਆਂ ਫੈਕਟਰੀਆਂ ਬਣ ਜਾਂਦੀਆਂ ਹਨ। ਜਦੋਂ ਸਿੱਖਿਆ ਦਾ ਨਿੱਜੀ ਕਰਨ ਹੋਇਆ ਹੈ। ਇਹ ਸਿੱਖਿਆ ਮਾਫੀਆ ਬਣ ਗਿਆ ਹੈ। ਵੇਸਵਾਵਾਂ ਦੇ ਧੰਦੇ ਵਰਗਾ। ਅੱਜ ਲੋੜ ਇਸ ਗੱਲ ਦੀ ਨਹੀਂ ਕਿ ਹੋਰ ਕਿੰਨੀਆਂ ਪੀਐਚ.ਡੀ. ਹੋਣਗੀਆਂ; ਲੋੜ ਇਸ ਗੱਲ ਦੀ ਹੈ ਕਿ ਕਿੰਨੀਆਂ ਪੀਐਚ.ਡੀ. ਨਵਾਂ ਗਿਆਨ ਪੈਦਾ ਕਰਨਗੀਆਂ। ਸਵਾਲ ਇਹ ਨਹੀਂ ਕਿ ਕਿੰਨੇ ਡਾਕਟਰ ਬਣੇ; ਸਵਾਲ ਇਹ ਹੈ ਕਿ ਕਿੰਨੇ ਵਿਦਵਾਨ ਬਣੇ? ਕੋਈ ਨਾਂ ਚੇਤੇ ਆਉਂਦਾ ਹੋਵੇ? ਜਿਵੇਂ ਨਕਲ ਨਾਲ ਡਿਗਰੀ ਮਿਲ ਸਕਦੀ ਹੈ, ਵਿਦਵਤਾ ਨਹੀਂ। ਚੋਰੀ ਕੀਤੇ ਸ਼ਬਦ ਕਿਤਾਬਾਂ ਭਰ ਸਕਦੇ ਹਨ, ਇਤਿਹਾਸ ਨਹੀਂ। ਜਦੋਂ ਖੋਜ ਸੱਚ ਦੀ ਭਾਲ ਛੱਡ ਦੇਵੇ, ਉਦੋਂ ਯੂਨੀਵਰਸਿਟੀਆਂ ਵਿੱਚ ਗਿਆਨ ਨਹੀਂ, ਕਾਗਜ਼ ਪੈਦਾ ਹੁੰਦੇ ਹਨ। ਅਤੇ ਜਦੋਂ ਕਾਗਜ਼ ਵਿਦਵਾਨ ਬਣ ਜਾਣ, ਤਦੋਂ ਸਮਾਜ ਦੀ ਸੋਚ ਅਨਾਥ ਹੋ ਜਾਂਦੀ ਹੈ।
Budh-singh-nelon-244x300 ਬੁੱਧ ਚਿੰਤਨ/ਪੰਜਾਬੀ ਬੌਧਿਕ ਦਾ ਸੰਕਟ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment