Loading Now

ਕਹਾਣੀ/ਅੱਖਾਂ ਦਾ ਚਾਨਣ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਕਹਾਣੀ/ਅੱਖਾਂ ਦਾ ਚਾਨਣ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਜਦੋਂ ਪ੍ਰੀਤਮ ਕੌਰ ਨੂੰ ਖਬਰ ਮਿਲੀ ਕਿ ਮੇਰੀ ਧੀ ਦਰਸ਼ਨ ਕੌਰ ਨਾਲ ਵੀ ਪਰਮਾਤਮਾ ਨੇ ਜੱਗੋਂ ਤੇਹਰਵੀਂ ਕਰ ਦਿਤੀ ਸੀ ਉਹ ਬੇਹੋਸ਼ ਹੋ ਗਈ | ਡਾਕਟਰ ਤੋਂ ਇਲਾਜ ਉਪਰੰਤ ਜਦੋਂ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ ਤਾਂ ਉਸ ਨੂੰ ਯਾਦ ਆਇਆ ਕਿ ਜਿਵੇਂ ਮੈਨੂੰ ਭਰ ਜਵਾਨੀ ਵਿਚ ਪਰਮਾਤਮਾ ਨੇ ਸਿਰੋਂ ਨੰਗੀ ਕਰ ਦਿੱਤਾ ਸੀ ਉਸੇ ਤਰਾਂ ਹੀ ਭਰ ਜਵਾਨੀ ਵਿਚ ਮੇਰੀ ਧੀ ਦਾ ਹਾਲ ਹੋ ਗਿਆ ਹੈ ਅਤੇ ਉਹ ਵੀ ਆਪਣੀ ਜਵਾਨੀ ਦੀ ਸਿਖਰ ਤੇ ਰੰਡੀ ਹੋ ਗਈ ਸੀ | ਉਸ ਨੂੰ ਯਾਦ ਸੀ ਕਿ ਮੇਰੇ ਕੋਲ ਤਾਂ ਮੇਰੇ ਸਹਾਰੇ ਲਈ ਦੋ ਬੱਚੇ ਸਨ ਮੇਰੀ ਦਰਸ਼ਨ ਕੋਲ ਤਾਂ ਆਸਰੇ ਲਈ ਕੋਈ ਬੱਚਾ ਵੀ ਨਹੀਂ ਹੈ | ਉਸ ਦੀਆਂ ਯਾਦਾਂ ਦਾ ਗਲੋਟਾ ਉਧੜਦਾ ਹੀ ਜਾ ਰਿਹਾ ਸੀ | ਹਾਲੇ ਤਾਂ ਉਸ ਨੂੰ ਚਿੱਟੇ ਦਿਨ ਵਾਂਗ ਚੇਤੇ ਸੀ ਕਿ ਉਸ ਦੇ ਬੱਚਿਆਂ ਦਰਸ਼ਨ ਕੌਰ ਅਤੇ ਗੋਪਾਲ ਸਿੰਘ ਦਾ ਪਿਤਾ ਇਕ ਦੁਰਘਟਨਾ ਵਿਚ ਮੈਨੂੰ ਰੰਡੀ ਕਰ ਗਿਆ ਸੀ | ਪ੍ਰੀਤਮ ਕੌਰ ਦੇ ਸਿਰ ਤੇ ਉਸ ਸਮੇਂ ਜਵਾਨੀ ਪਹਿਰਾ ਸੀ | ਇਸ ਜਵਾਨੀ ਵੇਲੇ ਉਸ ਨੇ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਸਮੇਂ ਨੂੰ ਆਪਣੇ ਬੱਚਿਆਂ ਦੇ ਆਸਰੇ ਕੱਟਣ ਦਾ ਪੱਕਾ ਇਰਾਦਾ ਕਰ ਲਿਆ ਸੀ ਅਤੇ ਆਪਣੇ ਸਹੁਰੇ ਘਰ ਹੀ ਰਹਿ ਪਈ ਸੀ | ਭਾਵੇਂ ਉਸ ਦੇ ਬਾਪ ਦਿਲਾਵਰ ਸਿੰਘ ਨੇ ਉਸ ਨੂੰ ਬਹੁਤ ਹੀ ਕਿਹਾ ਸੀ ਕਿ ਤੂੰ ਸਾਡੇ ਨਾਲ ਚੱਲ ਬੱਚਿਆਂ ਨੂੰ ਅਸੀਂ ਆਪਣੇ ਕੋਲ ਰੱਖ ਲਵਾਂਗੇ ਅਤੇ ਤੈਨੂੰ ਕਿਸੇ ਹੋਰ ਘਰੇ ਸਾਲ ਕੁ ਦੇ ਵਕਫ਼ੇ ਤੋਂ ਬਾਅਦ ਤੌਰ ਦੇਵਾਂਗੇ | ਉਸ ਨੇ ਆਪਣੇ ਮਾਪਿਆਂ ਦੀ ਇਕ ਵੀ ਨਹੀਂ ਮੰਨੀ ਸੀ ਅਤੇ ਦਰਸ਼ਨ ਅਤੇ ਗੋਪਾਲ ਨੂੰ ਆਪਣੇ ਸਹੁਰੇ ਘਰ ਵਿਚ ਰਹਿ ਕੇ ਪਾਲਣ ਲੱਗ ਗਈ | ਉਸ ਦੀਆਂ ਦਿਰਾਣੀ ਅਤੇ ਜੇਠਾਣੀ ਨਾਲ ਮਿਲ ਕੇ ਕੰਮ ਕੀਤਾ | ਉਸ ਨੂੰ ਉਨ੍ਹਾਂ ਦੋਹਾਂ ਦੀਆਂ ਕੀਤੀਆਂ ਵਧੀਕੀਆਂ ਨੂੰ ਵੀ ਸਹਿਣਾ ਪਿਆ ਸੀ ਅਤੇ ਉਸ ਨੇ ਬਿਲਕੁਲ ਵੀ  ਚੂੰ ਚਰਾਂ ਨਹੀਂ ਕੀਤੀ ਸੀ |ਜਵਾਨੀ ਦੇ  ਉਸ ਔਖੇ ਸਮੇਂ ਉਸ ਉਪਰ ਕਈ ਤੂਫ਼ਾਨਾਂ ਨੇ ਘੇਰਾ ਪਾਇਆ ਪਰ ਉਹ ਵਾਹਿਗੁਰੂ ਦੇ ਆਸਰੇ ਹੀ ਅਗੇ ਵਧਦੀ ਰਹੀ |
ਜਦੋਂ ਕੋਈ ਇਨਸਾਨ ਤੂਫ਼ਾਨਾਂ ਵਿਚ ਘਿਰ ਜਾਂਦਾ ਹੈ ਤਾਂ ਉਹ ਕੋਈ ਨਾ ਕੋਈ ਸਹਾਰਾ ਲਭਿਆ ਕਰਦਾ ਹੈ | ਅਜਿਹੇ ਮੌਕਿਆਂ ਤੇ ਉਸ ਨੂੰ ਰੱਬ ਯਾਦ ਆਓਂਦੇ | ਤੈਨੂੰ ਆਵੇ ਨਾ ਆਵੇ ਮੈਨੂੰ ਤਾਂ ਆਓਂਦੇ ਭਾਈ ਮੇਰੇ | ਮੈ ਆਪਣੀਆਂ ਅੱਖਾਂ ਮੀਚ ਕੇ ਰੰਮੀ ਦਾ ਗੀਤ ਮਨ ਵਿਚ ਉਚਾਰਨ ਲੱਗ ਪੈਂਦਾ ਹਾਂ ਜੋ ਇਸ ਤਰਾਂ ਹੈ —–

ਦਿਲ ਚਾਕ ਪੰਜ ਦਰਿਆਵਾਂ ਦਾ ,

ਮੈਥੋਂ ਪਹਿਲਾਂ ਹੀ ਜਰਿਆ ਜਾਂਦਾ ਨਹੀਂ ,

ਇਹ ਘਾਅ ਉਹ ਡਾਢਾ ਤਾਜ਼ਾ ਏ ,

ਬਿਨ ਇਲਮੋਂ ਭਰਿਆ ਜਾਂਦਾ ਨਹੀਂ ,

ਕੋਈ ਛੇੜ ਤਰਾਨਾ ਇਸ਼ਕੇ ਦਾ ,

ਕੋਈ ਧੁਰ ਦਾ ਰਾਗ ਰਾਗ ਸੁਣਾ ,

ਵੇ ਆ ਵੇ ਸਾਈਂ ਬੁਲਿਆ ——

ਇਸ ਨੂੰ ਗੁਣਗੁਣਾਓੰਦਿਆਂ ਮੈਂ ਆਪਣੇ ਆਪ ਨੂੰ ਕਿਸੁ ਅਲੌਕਿਕ ਜਹਾਨ ਵਿਚ ਪ੍ਰਵੇਸ਼ ਹੋਇਆ ਮਹਿਸੂਸ ਕਰਦਾ ਹਾਂ ਅਤੇ ਉਸ ਪਰਵਰਦਿਗਾਰ ਅੱਗੇ ਨਤਮਸਤਕ ਹੋ ਜਾਂਦਾ ਹਾਂ। ਸਮੇਂ ਦੀ ਚਾਲ ਅੰਦਰ ਕੁਝ ਅਜਿਹੀਆਂ ਘਟਨਾਵਾਂ ਜਾਂ ਦੁਰਘਟਨਾਵਾਂ ਵਾਪਰੀਆਂ   ਜਿਨ੍ਹਾਂ ਨੂੰ ਵਿਸਾਰਨਾ ਉਸ ਲਈ ਬਹੁਤ ਹੀ ਮੁਸ਼ਕਿਲ ਬਹੁਤ ਹੀ ਹੋਇਆ ਸੀ | ਇਹਨਾਂ ਦਾ ਸਬੰਧ ਸਿੱਧਾ ਹੀ ਉਸ ਨਾਲ ਸਬੰਧਿਤ ਸੀ | ਕਈਆਂ ਨੇ ਉਸ ਦੀ ਜਵਾਨੀ ਨੂੰ ਨੋਚਣ ਦੀ ਕੋਸ਼ਿਸ਼ ਵੀ ਕੀਤੀ | ਪਰ ਪ੍ਰੀਤਮ ਕੌਰ ਨੇ ਆਪਣੀ ਚਿੱਟੀ ਚੁੰਨੀ ਨੂੰ ਦਾਗੀ ਨਹੀਂ ਹੋਣ ਦਿੱਤਾ ਸੀ | ਅਜਿਹੇ ਸਮੇਂ ਉਸ ਨੇ ਆਪਣੇ ਸਹੁਰੇ ਪਰਿਵਾਰ ਦਾ ਆਸਰਾ ਲਿਆ ਅਤੇ ਆਪਣੀ ਡੋਰ ਉਸ ਵਾਹਿਗੁਰੂ ਨੂੰ ਸੌਂਪੀ ਹੋਈ ਸੀ | ਹੋਲੀ ਹੋਲੀ ਬੱਚੇ ਵੀ ਵਡੇ ਹੋ ਰਹੇ ਸਨ | ਸਮਾਂ ਆਪਣੀ ਚਾਲੇ ਅੱਗੇ ਵੱਧ ਰਿਹਾ ਸੀ | ਦਰਸ਼ਨ ਕੌਰ ਮੁਟਿਆਰ ਹੋ ਚੁਕੀ ਸੀ | ਪ੍ਰੀਤਮ ਕੌਰ ਨੇ ਆਪਣੇ ਭਰਾਵਾਂ ਅਤੇ ਆਪਣੇ ਮਾਪਿਆਂ ਦੀ ਮਦਦ ਸਦਕਾ ਦਰਸ਼ਨ ਲਈ ਆਪਣੇ ਪਿੰਡ ਦੇ ਲਾਗਲੇ ਪਿੰਡਾਂ ਦਾ ਮੁੰਡਾ ਲੱਭ ਕੇ ਉਸ ਦੇ ਹੱਥ ਪੀਲੇ ਕਰ ਦਿਤੇ ਸਨ | ਮੁੰਡਾ ਮੋਹਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਬਾਪ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ | ਦਰਸ਼ਨ ਕੌਰ ਦੇ ਸੱਸ ਸਹੁਰਾ ਵੀ ਬਹੁਤ ਸ਼ਰੀਫ ਸਨ | ਕਿਸੇ ਕਿਸਮ ਦੀ ਘਾਟ ਨਹੀਂ ਸੀ | ਜਦੋਂ ਕੁਝ ਸਮਾਂ ਲੰਘਣ ਤੋਂ ਬਾਅਦ ਕੋਈ ਬਚੇ/ਬੱਚੀ ਦੀ ਆਸ ਉਮੀਦ ਨਾ ਹੋਈ ਤਾਂ ਡਾਕਟਰਾਂ ਨੂੰ ਦਿਖਾਇਆ ਗਿਆ | ਇਲਾਜ ਸ਼ੁਰੂ ਕੀਤਾ ਗਿਆ | ਡਾਕਟਰਾਂ ਦੇ ਯਤਨਾਂ ਨੂੰ ਬੂਰ ਲੱਗਾ ਅਤੇ ਦਰਸ਼ਨ ਕੌਰ ਗਰਭਵਤੀ ਹੋ ਗਈ |

ਉਸ ਦੇ ਇਲਾਜ ਵੀ ਚਲਦਾ ਰਿਹਾ ਪ੍ਰੰਤੂ ਸਤਵੇਂ ਮਹੀਨੇ ਦਰਸ਼ਨ ਕੌਰ ਦਾ ਬੱਚਾ ਇਲਾਜ ਚਲਣ ਦੇ ਬਾਵਜੂਦ ਵੀ ਪੇਟ ਦੇ ਅੰਦਰ ਹੀ ਖਤਮ ਹੋ ਗਿਆ | ਦਰਸ਼ਨ ਕੌਰ ਦੀ ਜਾਨ ਨੂੰ ਵੀ ਖਤਰਾ ਸੀ | ਡਾਕਟਰਾਂ ਦੀ ਕੋਸ਼ਿਸ਼ ਸਦਕਾ ਦਰਸ਼ਨ ਕੌਰ ਨੂੰ ਤਾਂ ਬਚਾ ਲਿਆ ਗਿਆ ਪ੍ਰੰਤੂ ਬੱਚੇ ਨੂੰ ਨਾ ਬਚਾਇਆ ਜਾ ਸਕਿਆ | ਦਰਸ਼ਨ ਕੌਰ ਨੂੰ ਪੰਦਰਾਂ ਦਿਨ ਹਸਪਤਾਲ ਵਿਚ ਰਹਿਣਾ ਪਿਆ | ਇਸ ਸਮੇਂ ਵਿਚ ਮੋਹਰ ਸਿੰਘ ਦਾ ਇਕ ਨਰਸ ਨਾਲ ਪਿਆਰ ਹੋ ਗਿਆ | ਨਰਸ ਬਹੁਤ ਤੇਜ਼ ਸੀ ਉਸ ਨੇ ਮੋਹਰ ਨੂੰ ਆਪਣੇ ਵੱਸ ਵਿਚ ਕਰ ਲਿਆ ਅਤੇ ਉਸ ਨਾਲ ਰੰਗ ਰਲੀਆਂ ਮੰਨਾਓਣ ਲੱਗੀ | ਨਰਸ ਇਕ ਗਰੀਬ ਘਰ ਦੀ ਲੜਕੀ ਸੀ ਉਸ ਨੂੰ ਮੋਹਰ ਸਿੰਘ ਖੁਲ੍ਹਾ ਖਰਚ ਕਰਨ ਵਾਲਾ ਜਾਪਿਆ | ਭਾਵੇਂ ਉਸ ਨੂੰ ਪਤਾ ਸੀ ਕਿ ਮੋਹਰ ਸਿੰਘ ਵਿਆਹਿਆ ਹੋਇਆ ਹੈ ਫਿਰ ਵੀ ਉਸ ਨੇ ਉਸ ਨਾਲ ਇਕੱਠਿਆਂ ਸਮਾਂ ਬਿਤਾਉਣ ਲਈ ਉਸ ਨੂੰ ਆਪਣੇ ਕਮਰੇ ਦੀ ਚਾਬੀ ਦਿਤੀ ਹੋਈ ਸੀ | ਜਦੋਂ ਦਰਸ਼ਨ ਕੌਰ ਸੌਂ ਜਾਂਦੀ ਸੀ ਅਤੇ ਨਰਸ ਆਪਣੀ ਡਿਊਟੀ ਤੋਂ ਵੇਹਲੀ ਹੋ ਜਾਂਦੀ ਸੀ ਤਾਂ ਉਹ ਇਕੱਠੇ ਹੋ ਜਾਂਦੇ ਸਨ | ਇਸ ਤਰਾਂ ਰਹਿੰਦੇ ਹੋਏ ਮੋਹਰ ਸਿੰਘ ਅਤੇ ਨਰਸ ਨੇ ਇਕ ਦੂਜੇ ਨਾਲ ਦਿਲ ਵਟਾ ਲਿਆ ਸੀ | ਮੋਹਰ ਸਿੰਘ ਨੇ ਦਰਸ਼ਨ ਕੌਰ ਨੂੰ ਲੈ ਕੇ ਲਗਾਤਾਰ ਗੁਰਦਵਾਰੇ ਜਾਣਾ ਸ਼ੁਰੂ ਕਰ ਦਿੱਤਾ ਸੀ | ਉਨ੍ਹਾਂ ਨੇ ਘਰ ਵਿਚ ਸੁਖ ਸ਼ਾਂਤੀ ਦੀ ਅਤੇ ਅੱਗੇ ਪਰਿਵਾਰ ਵਿੱਚ ਵਾਧੇ ਲਈ ਅਰਦਾਸ ਕਰਵਾਈ | ਮੋਹਰ ਸਿੰਘ ਉਪਰ ਇਸ਼ਕ ਦਾ ਭੂਤ ਸਵਾਰ ਹੋਇਆ ਹੋਇਆ ਸੀ |

ਉਸ ਨੇ ਨਰਸ ਨੂੰ ਕਹਿ ਦਿਤਾ ਸੀ ਕਿ ਅਜੇ ਦਰਸ਼ਨ ਨੂੰ ਹੋਰ ਟੀਕੇ ਲੱਗਣੇ ਹਨ ਇਸ ਲਈ ਉਹ ਸਮੇਂ ਸਮੇਂ ਤੇ ਦਰਸ਼ਨ ਨੂੰ ਵੇਖਣ ਲਈ ਅਤੇ ਟੀਕਾ ਲਗਵਾਉਣ ਲਈ ਘਰੇ ਲੈ ਆਇਆ ਕਰਦਾ ਸੀ | ਇਸ ਸਮੇਂ ਦੇ ਦੌਰਾਨ ਮੋਹਰ ਇਕ ਵਾਰ ਰਾਤ ਵੀ ਨਰਸ ਦੇ ਕਮਰੇ ਵਿਚ ਬਿਤਾ ਆਇਆ ਸੀ ਅਤੇ ਉਸ ਰਾਤ ਉਹ ਸਾਰੀਆਂ ਹਦਾਂ ਟੱਪ ਚੁਕੇ ਸਨ | ਮੋਹਰ ਸਿੰਘ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਸੀ ਕਿ ਦਰਸ਼ਨ ਕੌਰ ਕਿਤਨੀ ਪੀੜਾ ਵਿਚੋਂ ਲੰਘ ਰਹੀ ਹੈ | ਉਸ ਦੇ ਮਨ ਉਪਰ ਕੀ ਬੀਤ ਰਹੀ ਹੈ ਉਹ ਤਾਂ ਨਰਸ ਨਾਲ ਪੂਰੀ ਤਰਾਂ ਨਾਲ ਮਜ਼ੇ ਲੈ ਰਿਹਾ ਸੀ | ਦਰਸ਼ਨ ਆਪਣੇ ਪਤੀ ਦੀ ਘਰ ਵਿਚੋਂ ਗੈਰ ਹਾਜ਼ਰੀ ਤੋਂ ਪ੍ਰੇਸ਼ਾਨ ਸੀ | ਉਸ ਨੇ ਆਪਣੇ ਸੱਸ ਸਹੁਰੇ ਨੂੰ ਦੱਸਿਆ | ਉਨ੍ਹਾਂ ਨੇ ਵੀ ਸਮਝਾਇਆ ਪਰ ਮੋਹਰ ਸਿੰਘ ਖੇਤੀ ਦੇ ਕੰਮ ਤੋਂ ਵੀ ਟਲਣ ਲੱਗ ਪਿਆ ਸੀ | ਕਿਸੇ ਨਾ ਕਿਸੇ ਬਹਾਨੇ ਘਰੋਂ ਚਲਾ ਜਾਂਦਾ ਸੀ ਅਤੇ ਸਾਰਾ ਸਾਰਾ ਦਿਨ ਉਸ ਨਰਸ ਨਾਲ ਸਮਾਂ ਬਿਤਾਇਆ ਕਰਦਾ ਸੀ | ਮੋਹਰ ਮੁਸ਼ਕਿਲ ਨਾਲ ਦੋ ਚਾਰ ਦਿਨ ਹੀ ਘਰੇ ਰਹਿੰਦਾ ਸੀ ਅਤੇ ਫਿਰ ਕੋਈ ਨਾ ਕੋਈ ਕੰਮ ਦਾ ਬਹਾਨਾ ਮਾਰ ਘਰੋਂ ਵੀ ਦੋ -ਤਿੰਨ ਦਿਨ ਬਾਹਰ ਲੈ ਆਓਂਦਾ ਸੀ | ਦਰਸ਼ਨ ਕੌਰ ਦੇ ਗਰਭਵਤੀ ਹੋਣ ਦੀ ਖਬਰ ਪ੍ਰੀਤਮ ਕੌਰ ਨੂੰ ਵੀ ਭੇਜੀ ਗਈ ਉਸ ਨੇ ਜਦੋਂ ਘਰੇ ਸੱਸ ਸਹੁਰੇ ਨੂੰ ਖਬਰਾਇਆ ਤਾਂ ਸਾਰੇ ਖੁਸ਼ ਹੋਏ ਸੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਚੇਚੇ ਗਏ ਸਨ ਅਤੇ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ |

ਹੁਣ ਮੋਹਰ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਹੁਣ ਉਹ ਘਰ ਰਿਹਾ ਕਰੇ ਅਤੇ ਦਰਸ਼ਨ ਤੇ ਨਵੇਂ ਆਉਣ ਵਾਲੇ ਜੀਅ ਦਾ ਧਿਆਨ ਕਰੇ ਕਿਓਂਕਿ ਕਿਸੇ ਵਾਲੇ ਵੀ ਮੈਡੀਕਲ ਸਹਾਇਤਾ ਦੀ ਲੋੜ ਪੈ ਸਕਦੀ ਹੈ| ਉਹ ਪਹਿਲਾਂ ਦੇ ਡਰੇ ਹੋਏ ਸਨ | ਇਕ ਵਾਰ ਦਾ ਡਰਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ ਹੈ | ਪ੍ਰੰਤੂ ਮੋਹਰ ਉਪਰ ਤਾਂ ਕੋਈ ਵੀ ਅਸਰ ਨਾ ਹੋਇਆ | ਉਸ ਨੇ ਨਰਸ ਦਾ ਸਾਥ ਨਾ ਛੱਡਿਆ | ਉਹ ਉਸ ਨੂੰ ਨਾਲ ਲੈ ਕੇ ਘੁੰਮਣ ਲਈ ਜਾ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਸੜਕ ਤੇ ਖੜੇ ਟਰੱਕ ਨਾਲ ਵੱਜੀ | ਦੁਰਘਟਨਾ ਵਿਚ ਕਾਰ ਦਾ ਬਹੁਤ ਹੀ ਨੁਕਸਾਨ ਹੋਇਆ ਅਤੇ ਮੋਹਰ ਸਿੰਘ ਤੇ ਨਰਸ ਦੀ ਦੁਰਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ | ਘਰੇ ਖ਼ਬਰ ਭੇਜੀ ਗਈ | ਘਰੇ ਸੱਥਰ  ਵਿਛ ਗਿਆ ਸੀ | ਪ੍ਰੀਤਮ ਕੌਰ ਨੂੰ ਖਬਰ ਪੁਜੀ ਤਾਂ ਉਹ ਬੇਹੋਸ਼ ਹੋ ਗਈ ਸੀ | ਹੋਸ਼ ਆਉਣ ਤੇ ਜਦੋਂ ਉਸ ਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੀ ਗਈ ਤਾਂ ਉਸਨੂੰ ਆਪਣਾ ਵੇਲਾ ਯਾਦ ਗਿਆ ਸੀ |

ਪ੍ਰੀਤਮ ਕੌਰ ਦੇ ਪਾਏ ਕੀਰਨੇ ਸੁਣਨੇ ਮੁਸ਼ਕਿਲ ਸਨ | ਦਰਸ਼ਨ ਕੌਰ ਦੇ ਸਹੁਰੇ ਪਿੰਡ ਦੇ ਲੋਕ ਵੀ ਵਾਹਿਗੁਰੂ ਦੇ ਇਸ ਭਾਣੇ ਤੋਂ ਹੈਰਾਨ ਸੀ ਕਿ ਪਹਿਲਾਂ ਪ੍ਰੀਤਮ ਦੇ ਤੇ ਹੁਣ ਦਰਸ਼ਨ ਦੇ ਨਾਲ ਵੀ ਉਹੋ ਜਿਹਾ ਕੁਝ ਹੀ ਵਾਪਰਿਆ ਸੀ | ਪੁਲੀਸ ਦੀ ਕਾਰਵਾਈ ਉਪਰੰਤ ਮੋਹਰ ਦੀ ਲਾਸ਼ ਘਰੇ ਲਿਆਂਦੀ ਗਈ ਜਦੋਂ ਕਿ ਨਰਸ ਦੀ ਲਾਸ਼ ਉਸ ਦੇ ਮਾਪੇ ਸਰਕਾਰੀ ਕਾਰਵਾਈ ਤੋਂ ਬਾਅਦ ਲੈ ਕੇ ਚਲੇ ਗਏ ਸਨ | ਇਹ ਗੱਲਾਂ ਮੂੰਹੋਂ ਮੂੰਹ ਹੋ ਰਹੀਆਂ ਸਨ ਕਿ ਮੁੰਡਾ ਚੰਗਾ ਭਲ਼ਾ ਸੀ ਪਰ ਇਸ਼ਕ ਦੀ ਅੱਗ ਵਿਚ ਝੁਲਸ ਗਿਆ ਅਤੇ ਮਾਪਿਆਂ ਤੇ ਘਰ ਵਾਲੀ ਨੂੰ ਤਕਲੀਫ਼ਾਂ ਦੀ ਝੋਲੀ ਵਿਚ ਸੁੱਟ ਗਿਆ ਸੀ | ਸਸਕਾਰ ਕਰ ਦਿਤਾ ਗਿਆ | ਭੋਗ ਪਾਇਆ ਗਿਆ | ਸਾਰੀਆਂ ਰਸਮਾਂ ਪੂਰੀਆਂ ਹੋ ਜਾਣ  ਉਪਰੰਤ ਪ੍ਰੀਤਮ ਕੌਰ, ਦਰਸ਼ਨ ਕੌਰ ਨੂੰ ਆਪਣੇ ਨਾਲ ਹੀ ਲੈ ਆਈ | ਕੁਝ ਦਿਨਾਂ ਦੇ ਵਕਫ਼ੇ ਤੋਂ ਬਾਅਦ ਦਰਸ਼ਨ ਕੌਰ ਨੇ ਇਕ ਸੋਹਣੇ ਬਾਲ ਨੂੰ ਜਨਮ ਦਿਤਾ | ਬਾਲ ਦਾ ਨਾਂ ਦਾਦਕਿਆਂ ਦੀ ਸਲਾਹ ਨਾਲ ਗੁਰਦਵਾਰੇ ਜਾ ਕੇ  ਗੁਰਦਿੱਤ ਸਿੰਘ ਰੱਖਿਆ ਗਿਆ | ਦਾਦਾ,ਦਾਦੀ ਆਏ ਉਨ੍ਹਾਂ ਦਰਸ਼ਨ ਅਤੇ ਗੁਰਦਿੱਤ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹਿਆ ਪ੍ਰੰਤੂ ਪ੍ਰੀਤਮ ਕੌਰ ਨੇ ਜਵਾਬ ਦੇ ਦਿਤਾ ਅਤੇ ਸਪਸ਼ਟ ਕਹਿ ਦਿਤਾ ਕਿ ਇਹ ਮਾਂ ਪੁੱਤ ਇਥੇ ਹੀ ਰਹਿਣਗੇ | ਉਹ ਦੋਵੇਂ ਜੀਅ ਉਦਾਸ ਹੋ ਕੇ ਵਾਪਸ ਮੁੜ ਗਏ | ਭਾਵੇਂ ਪ੍ਰੀਤਮ ਕੌਰ ਦੇ ਇਸ ਫੈਸਲੇ ਕਾਰਨ ਰਿਸ਼ਤੇਦਾਰ ਨਰਾਜ਼ ਹੋਏ ਅਤੇ ਗੁਰਦਿੱਤ ਦੇ ਦਾਦਾ ਤੇ ਦਾਦੀ ਵੀ ਬਹੁਤ ਰੋਏ | ਪ੍ਰੰਤੂ ਪ੍ਰੀਤਮ ਕੌਰ ਨੇ ਆਪਣਾ ਫੈਸਲਾ ਨਾ ਬਦਲਿਆ ਅਤੇ ਦਰਸ਼ਨ ਕੌਰ ਵੀ ਪੇਕੇ ਘਰ ਰਹਿ ਕੇ ਗੁਰਦਿੱਤ ਦੀ ਪਾਲਣਾ ਕਰਨਾ ਚਾਹੁੰਦੀ ਸੀ |
ਗੁਰਦਿੱਤ ਦੇ ਦਾਦਾ,ਦਾਦੀ ਲਈ ਬੜਾ ਹੀ ਮੁਸ਼ਕਿਲ ਹੋ ਗਿਆ ਸੀ ਉਹਨਾਂ ਨੂੰ ਘਰ ਵਿਚਲੀ ਵੇਹਲ ਵੱਢ ਵੱਢ  ਖਾਂਦੀ ਸੀ | ਉਹ ਜਦੋਂ ਜਿਆਦਾ ਉਦਾਸ ਹੁੰਦੇ ਤਾਂ ਆਪਣੇ ਪੋਤੇ ਨੂੰ ਮਿਲ ਜਾਂਦੇ ਸੀ ਅਤੇ ਉਸ ਨਾਲ ਕੁਝ ਸਮਾਂ ਬਤੀਤ ਕਰ ਜਾਇਆ ਕਰਦੇ ਸੀ |ਗੋਪਾਲ ਹੀ ਉਨ੍ਹਾਂ ਦੀਆਂ ਅੱਖਾਂ ਦਾ ਚਾਨਣ ਸੀ | ਉਹ ਹੀ ਉਨ੍ਹਾਂ ਦੇ ਜੀਵਨ ਦਾ ਸਹਾਰਾ ਸੀ | ਗੋਪਾਲ ਵੀ ਹੁਣ ਜਵਾਨ ਹੋ ਗਿਆ ਸੀ ਉਸ ਨੇ ਵੀ ਕਾਲਿਜ ਜਾਣਾ ਸ਼ੁਰੂ ਕਰ ਦਿੱਤਾ ਸੀ | ਬੀ ਏ ਦਾ ਉਸ ਦਾ ਆਖਰੀ ਸਾਲ ਸੀ | ਉਸ ਦੇ ਪ੍ਰੋਫੈਸਰ ਉਸ ਨੂੰ ਐਮ ਏ ਕਰਨ ਦੀ ਸਲਾਹ ਦੇ ਰਹੇ ਸਨ ਅਤੇ ਨਾਲ ਹੀ ਯੂ ਪੀ ਐੱਸ ਸੀ ਦੇ ਇਮਤਿਹਾਨ ਦੀ ਤਿਆਰੀ ਕਰਨ ਦੀ ਸਲਾਹ ਦੇ ਰਹੇ ਸੀ | ਉਸ ਨੇ ਆਪਣੀ ਮਾਂ ਨਾਲ ਸਾਰੀਆਂ ਵਿਉਂਤਾਂ ਉਪਰ ਸਲਾਹ ਕਰ ਲਈ | ਪ੍ਰੀਤਮ ਕੌਰ ਨੇ ਦੱਸਿਆ ਕਿ ਪੁੱਤਰ ਮੈਨੂੰ ਤਾਂ ਸਮਝ ਨਹੀਂ ਹੈ ਜਿਵੇਂ ਤੈਨੂੰ ਸਲਾਹ ਚੰਗੀ ਲਗਦੀ ਹੈ ਉਸ ਤਰਾਂ ਹੀ ਕਰ ਲੈ | ਭਾਵੇਂ ਦਰਸ਼ਨ ਕੌਰ ਵੀ ਬੀ ਏ ਕਰ ਚੁਕੀ ਸੀ ਉਸ ਨੇ ਆਪਣੇ ਵੀਰ ਨੂੰ ਕਿਹਾ ਕਿ ਤੂੰ ਐਮ ਏ ਵਿਚ ਦਾਖਲ ਹੋ ਜਾ ਅਤੇ ਯੂ ਪੀ ਐੱਸ ਸੀ ਦਾ ਪੇਪਰ ਭਰ ਕੇ ਤਿਆਰੀ ਵਿਚ ਲੱਗ ਜਾ | ਗੋਪਾਲ ਨੇ ਯੂ ਪੀ ਐੱਸ ਸੀ ਦਾ ਫਾਰਮ ਭਰ ਦਿਤਾ ਤੇ ਪੂਰੇ ਮਨ ਨਾਲ ਤਿਆਰੀ ਵਿਚ ਲੱਗ ਗਿਆ | ਪੂਰੇ ਛੇ ਮਹੀਨੇ ਪੂਰੀ ਲਗਨ ਨਾਲ ਤਿਆਰੀ ਕੀਤੀ | ਕਿਤਾਬਾਂ ਆਦਿ ਦਾ ਪ੍ਰਬੰਧ ਪ੍ਰੋਫੈਸਰ ਸਾਹਿਬਾਨ ਨੇ ਲਾਇਬ੍ਰੇਰੀ ਵਿਚੋਂ ਕਰਵਾ ਦਿਤਾ |
ਜੇ ਕਰ ਕੋਈ ਮੁਸ਼ਕਿਲ ਆਓਂਦੀ ਸੀ ਤਾਂ ਉਹ ਪ੍ਰੋਫੈਸਰਾਂ ਤੋਂ ਮਦਦ ਲੈ ਲਿਆ ਕਰਦਾ ਸੀ | ਉਸ ਨੇ ਇਮਿਤਿਹਾਨ ਦਿਤਾ | ਪੇਪਰ ਠੀਕ ਹੋ ਗਏ ਸਨ ਉਸ ਨੂੰ ਨਤੀਜਾ ਚੰਗਾ ਆ ਜਾਣ ਦੀ ਉਮੀਦ ਸੀ | ਉਸ ਨੇ ਐਮ ਏ ਦੀ ਪੜ੍ਹਾਈ ਵਲ ਧਿਆਨ ਦੇਣਾ ਸ਼ੁਰੂ ਕਰ ਦਿਤਾ | ਪੇਪਰ ਨੇੜੇ ਆ ਰਹੇ ਸਨ ਉਸ ਨੇ ਪੂਰੀ ਮੇਹਨਤ ਕੀਤੀ |ਐਮ ਏ ਦੇ ਇਮਿਤਿਹਾਨ ਹੋਣ ਤੋਂ ਬਾਅਦ ਯੂ ਪੀ ਐਸ ਸੀ ਦੇ ਨਤੀਜੇ ਦੀ ਉਡੀਕ ਹੋਣ ਲੱਗੀ | ਇਕ ਦਿਨ ਉਸ ਨੂੰ ਉਸ ਦੇ ਸਾਥੀ ਨੂੰ ਪਤਾ ਲਗਾ ਕਿ ਨਤੀਜਾ ਆਇਆ ਹੈ ਅਤੇ ਮੈਂ ਦੇਖਿਆ ਹੈ ਤੇਰਾ ਉਸ ਵਿਚ ਦਸਵਾਂ ਨੰਬਰ ਹੈ | ਮੈਂ ਆਪਣੀ ਮਾਂ ਅਤੇ ਭੈਣ ਨੂੰ ਦੱਸਿਆ | ਉਹ ਬਹੁਤ ਖੁਸ਼ ਹੋਈਆਂ ਪਰ ਮੈਂ ਦੇਖ ਸਕਦਾ ਸੀ ਉਨ੍ਹਾਂ ਦੇ ਅੱਖਾਂ ਦੇ ਕੋਏ ਜਲ ਨਾਲ ਭਰੇ ਹੋਏ ਸਨ | ਉਨ੍ਹਾਂ ਨੂੰ ਦੇਖ ਮੈਂ ਵੀ ਉਦਾਸ ਹੋ ਗਿਆ ਕਿ ਜੇ ਮੇਰੇ ਪਿਤਾ ਜੀ ਅਤੇ ਜੀਜਾ ਜੀ ਹੁੰਦੇ ਤਾਂ ਉਨ੍ਹਾਂ ਨੇ ਖੁਸ਼ੀ ਵਿਚ ਭੰਗੜੇ ਪਾਉਣੇ ਸੀ ਪ੍ਰੰਤੂ ਅੱਜ ਹਾਲਾਤ  ਕੁਝ ਹੋਰ ਸਨ | ਮਾਂ ਅਤੇ ਭੈਣ ਨੂੰ ਮੇਰੇ ਵਿਆਹ ਦਾ ਫਿਕਰ ਸੀ | ਮੈਂ ਉਨ੍ਹਾਂ ਨੂੰ ਤਸੱਲੀ ਦਿਤੀ ਕਿ ਚਿੰਤਾ ਕਰਨ ਦੀ ਲੋੜ ਨਹੀਂ ਹੈ | ਇੰਟਰਵਿਊ ਤੋਂ ਬਾਅਦ ਸੋਚਾਂਗੇ ਮੈਨੂੰ ਹੁਣ ਇੰਟਰਵਿਊ ਦੀ ਤਿਆਰੀ ਕਰਨ ਲਈ ਛੱਡ ਦਿਉ | ਕੁਝ ਸਮੇਂ ਦੇ ਫਰਕ ਨਾਲ ਇੰਟਰਵਿਊ ਦਿਤੀ | ਮੇਰੀ ਇੰਟਰਵਿਊ ਠੀਕ ਹੋ ਗਈ ਸੀ | ਦੋ ਹਫਤੇ ਬਾਅਦ ਇੰਟਰਵਿਊ ਦਾ ਨਤੀਜਾ ਆ ਗਿਆ | ਮੈਂ ਚੁਣ ਲਿਆ ਗਿਆ ਸੀ ਅਤੇ ਮੈਨੂੰ ਨਾਲ ਦੇ ਜ਼ਿਲੇ ਵਿਚ ਲਗਾ ਦਿਤਾ ਗਿਆ ਸੀ | ਮੈਂ ਆਪਣੇ ਪਰਿਵਾਰ ਨੂੰ ਨਾਲ ਲੈ  ਕੇ ਹਾਜ਼ਰ ਹੋ ਗਿਆ | ਮੇਰੇ ਭਾਣਜੇ ਗੁਰਦਿੱਤ ਨੂੰ ਵੀ ਨਾਲ ਲੈ  ਕੇ ਗਏ ਸੀ | ਸਾਰੇ ਬਹੁਤ ਖੁਸ਼ ਸਨ | ਘਰ ਆ ਕੇ ਪਿੰਡ ਵਿਚ ਲੱਡੂ ਵੰਡੇ ਗਏ | ਸਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਸਨ |
ਗੁਰਦਿੱਤ ਸਕੂਲ ਵਿਚ ਪਹਿਲੇ ਨੰਬਰਾਂ ਤੇ ਆ ਰਿਹਾ ਸੀ ਉਸ ਦਾ ਕੋਈ ਮੁਕਾਬਲਾ ਨਹੀਂ ਸੀ | ਬਾਕੀ ਮੁੰਡੇ ਕੁੜੀਆਂ ਉਸ ਤੋਂ ਕਾਫੀ ਪਿਛੇ ਸਨ | ਸਾਰੇ ਅਧਿਆਪਕ ਉਸ ਦੀ ਪ੍ਰਸੰਸਾ ਕਰ ਰਹੇ ਸਨ | ਉਨ੍ਹਾਂ ਨੂੰ ਉਮੀਦ ਸੀ ਕਿ ਇਹ ਲੜਕਾ ਵੀ ਆਪਣੇ ਮਾਮੇ ਦੀ ਤਰਾਂ ਕੋਈ ਵਡਾ ਅਫਸਰ ਬਣੇਗਾ | ਉਧਰ ਉਸ ਦੇ ਦਾਦਾ,ਦਾਦੀ ਵੀ ਬੁਢਾਪੇ ਵਲ ਵੱਧ ਰਹੇ ਸਨ | ਨਾਨੀ ਕੋਲ ਰਹਿ ਕੇ ਉਹ ਗੁਰਬਾਣੀ ਦੀ ਸੰਥਿਆ ਵੀ ਲੈ ਚੁਕਾ ਸੀ | ਕੀਰਤਨ ਕਰਨਾ ਵੀ ਉਹ ਸਿੱਖ ਚੁਕਾ ਸੀ ਅਤੇ ਕਦੇ ਕਦੇ ਗੁਰਦਵਾਰੇ ਵਿਚ ਕੀਰਤਨ ਵੀ ਕਰਦਾ ਸੀ ਅਤੇ ਸੰਗਤ ਵੀ ਉਸ ਦੀ ਪ੍ਰਸੰਸਾ ਕਰਦੀ ਸੀ | ਉਹ ਇਕ ਸਿਆਣਾ ਗੱਭਰੂ ਉਭਰ ਚੁੱਕਿਆ ਸੀ | ਉਸ ਨੇ ਬੀ ਏ ਤਕ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਆਪਣੇ ਮਾਮੇ ਦੀ ਸਲਾਹ ਨਾਲ ਯੂ ਪੀ ਐੱਸ ਸੀ ਦਾ ਇਮਿਤਿਹਾਨ ਦੇਣਾ ਚਾਹੁੰਦਾ ਸੀ |  ਗੁਰਦਿੱਤ ਉਪਰ ਗੁਰਬਾਣੀ ਦਾ ਪੂਰਾ ਅਸਰ ਵੀ ਸੀ | ਭਾਵੇਂ ਉਸ ਦੀ ਨਾਨੀ ਉਪਰ ਵੀ ਗੁਰਬਾਣੀ ਦੀ ਮੇਹਰ ਸੀ ਪ੍ਰੰਤੂ ਉਹ ਸ਼ਰਾਧ ਕਰਿਆ ਕਰਦੀ ਸੀ | ਇਕ ਦਿਨ ਨਾਨੀ ਦੋਹਤਾ ਬੈਠੇ ਗੱਲਾਂ ਕਰ ਰਹੇ ਸਨ ਤਾਂ ਬਹਿਸ ਦਾ ਵਿਸ਼ਾ ਸਰਾਧ ਸੀ | ਗੁਰਦਿੱਤ ਨੇ ਕਿਹਾ ਕਿ ਨਾਨੀ ਸਰਾਧਾਂ ਵਿਚ ਕੀਤਾ ਹੋਇਆ ਦਾਨ ਵਡੇਰਿਆਂ ਨੂੰ ਨਹੀਂ ਜਾਂਦਾ ਹੈ | ਨਾਨੀ ਕੀ ਤੁਸੀਂ ਸੋਚਦੇ ਹੋ ਕਿ ਸਾਡੇ ਪੁਰਖੇ ਸਰਾਧ ਖਾਣ ਲਈ ਆਓਂਦੇ ਹਨ ਅਤੇ ਦਾਨ ਪੁੰਨ ਉਨ੍ਹਾਂ ਦੇ ਕਿਸੇ ਫਾਇਦੇ ਲਈ ਹੁੰਦਾ ਹੈ | ਉਸ ਨੇ ਹਰੀ ਕ੍ਰਿਸ਼ਨ ਮਾਇਰ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਰਾਹੀਂ ਇਸ ਤਰਾਂ ਦੱਸਿਆ ਕਿ ——–
ਬੜੀ ਅਸਚਰਜ ਗੱਲ,
ਕਿ ਪੁਰਖੇ,ਧਰਤੀ ਦੀ ਗੇੜੀ ਲਾਓੰਦੇ ,
ਪਿਤਰਾਂ ਦੇ ਦਿਨੀ
ਪੁੱਤ ਪੋਤਿਆਂ ਨੂੰ ਮਿਲਣ ਆਓਂਦੇ, ਮੋਹ ਜਤਾਉਂਦੇ,
ਬੜੀ ਅਸਚਰਜ ਗੱਲ,
ਉਹ ਪੁਰਖੇ ਜੋ ਬਿਰਧ ਆਸ਼ਰਮਾਂ,

‘ਚ ਰੁਲਦੇ ਰਹੇ,ਜਿਨ੍ਹਾਂ ਦੀ ਲਾਸ਼,

ਕੋਈ ਹਸਪਤਾਲ ਲੈਣ ਨਾ ਗਿਆ,

ਜਿਨ੍ਹਾਂ ਦੀ ਚਿਤਾ ਨੂੰ,

ਕਿਸੇ ਅਗਨੀ ਨਾ ਦਿਖਾਈ

ਜਿਨ੍ਹਾਂ ਦੇ ਧਨ ਦੌਲਤ ,

ਜੁਆਕਾਂ ਨੇ ਜਿਉਂਦੇ ਜੀਅ ਵੰਡ ਲਏ,

ਕੀੜੇ ਮਕੌੜਿਆਂ ਤੋਂ ਬਦਤਰ

ਧਰਤੀ ਤੋਂ ਵਿਦਾ ਹੋਏ ,

ਉਹ ਪਿਤਰ ਕਦੇ ਵੀ ਧਰਤੀ ਵੱਲ,

ਔਲਾਦ ਵਲ ਕਦੀ ਮੂੰਹ ਕਰਨਗੇ |

ਇਹ ਪੁਰਬ ,ਇਕ ਜਸ਼ਨ ਮਹਿਜ਼,

ਡਰ ਤੇ ਸਕੂਨ ਦਾ ਇਕ ਯਤਨ ਮਾਤਰ ,

ਪੁਰਖੇ ਧਰਤੀ ਤੇ ਨਹੀਂ ਆਉਣਗੇ |

ਉਪਰੋਕਤ ਸਤਰਾਂ ਰਾਹੀਂ ਉਸ ਨੇ ਆਪਣੀ ਨਾਨੀ ਨੂੰ ਸਮਝ ਕੇ ਸਰਾਧ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ | ਉਹ ਇਸ ਵਿਚ ਸਫਲ ਹੋਇਆ ਕਿਓਂ ਜੋ ਗੋਪਾਲ ਨੇ ਵੀ ਇਸ ਨੂੰ ਤਸਦੀਕ ਕੀਤਾ ਸੀ | ਉਸ ਦੀ ਨਾਨੀ ਵੀ ਗੁਰਦਿੱਤ ਅਤੇ ਦਰਸ਼ਨ ਨੂੰ ਉਸ ਦੇ ਸਹੁਰੇ ਭੇਜ ਆਪਣੀ ਜ਼ਿਮੇਂਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਸੀ | ਇਕ ਦਿਨ ਉਸ ਨੇ ਗੁਰਦਿੱਤ ਦੇ ਦਾਦਾ,ਦਾਦੀ ਨੂੰ ਬੁਲਾ ਲਿਆ | ਪ੍ਰੀਤਮ ਕੌਰ ਨੇ ਉਨ੍ਹਾਂ ਨੂੰ ਸੰਬੋਧਨ ਕਰ ਕੇ ਆਖਿਆ ਕਿ ਮੈਂ ਤੁਹਾਡੀਆਂ ਅੱਖਾਂ ਦੇ ਤਾਰੇ ਗੁਰਦਿੱਤ ਨੂੰ ਪੜ੍ਹਾ ਲਿਖਾ ਦਿੱਤਾ ਹੈ ਹੁਣ ਇਸ ਤੋਂ ਅਗੇ ਤੁਹਾਡੀ ਜ਼ਿਮੇਂਵਾਰੀ ਹੈ ਇਹਨੂੰ ਹੋਰ ਪੜ੍ਹਾਓ ਜਾਂ ਕੰਮ ਤੇ ਲਾਓ ਜਾਂ ਵਿਆਹ ਕਰੋ ਅਤੇ ਹੁਣ ਇਹ ਸਾਰੇ ਤੁਹਾਡੇ ਕੋਲ ਹੀ ਰਹਿਣਗੇ| ਇਸ ਸਮੇਂ ਤੇ ਗੁਰਦਿੱਤ ਵੀ ਹਾਜ਼ਰ ਸੀ | ਗੋਪਾਲ ਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ ਕਿਓਂ ਜੋ ਪਹਿਲਾਂ ਉਸ ਦੀ ਮਾਂ ਨੇ ਆਓਂਦੇ ਰਿਸ਼ਤਿਆਂ ਨੂੰ ਇਹ ਆਖ ਕੇ ਰੋਕ ਦਿਤਾ ਸੀ ਕੇ ਗੋਪਾਲ ਹਾਲੇ ਆਪਣੀ ਪੜ੍ਹਾਈ ਤੋਂ ਵੇਹਲਾ ਨਹੀਂ ਹੈ | ਮਾਮਿਆਂ ਨਾਲ ਸਲਾਹ ਕਰ ਕੇ ਉਸ ਲਈ ਲੜਕੀ ਪਸੰਦ ਕਰ ਲਈ ਜਿਸ ਨੇ ਉਸ ਦੇ ਨਾਲ ਹੀ ਯੂ ਪੀ ਐੱਸ ਸੀ ਪਾਸ ਕੀਤਾ ਸੀ ਅਤੇ ਕਿਸੇ ਹੋਰ ਜ਼ਿਲੇ ਵਿਚ ਤਾਇਨਾਤ ਸੀ | ਘਰ ਵਿਚ ਰੌਣਕਾਂ ਹੋ ਗਈਆਂ ਸਨ |
ajit-singh-kotakpura ਕਹਾਣੀ/ਅੱਖਾਂ ਦਾ ਚਾਨਣ/ਡਾਕਟਰ ਅਜੀਤ ਸਿੰਘ ਕੋਟਕਪੂਰਾ
-ਡਾ. ਅਜੀਤ ਸਿੰਘ ਕੋਟਕਪੂਰਾ

Share this content:

Post Comment