Loading Now

ਫਿਨਲੈਂਡ ਲਈ ਰਵਾਨਾ ਹੋਇਆ ਪੰਜਾਬ ਦੇ 72 ਅਧਿਆਪਕਾਂ ਦਾ ਬੈਚ

ਫਿਨਲੈਂਡ ਲਈ ਰਵਾਨਾ ਹੋਇਆ ਪੰਜਾਬ ਦੇ 72 ਅਧਿਆਪਕਾਂ ਦਾ ਬੈਚ

ਚੰਡੀਗੜ੍ਹ, 16 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ, ਵੋਟਰ ਸੂਚੀਆਂ ਦੀ ਸੁਧਾਈ (SSR), ਸੁਰਜੀਤ ਸਿੰਘ ਰੱਖੜਾ ਦੇ ‘ਆਪ’ ਵਿੱਚ ਸ਼ਾਮਲ ਹੋਣ ਅਤੇ ਹਰਿਆਣਾ ਨਾਲ ਪਾਣੀ ਦੇ ਮੁੱਦੇ ਸਣੇ ਕਈ ਅਹਿਮ ਪਹਿਲੂਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ‘ਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਸਾਧੇ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਦਿੱਲੀ ਰਾਹੀਂ ਫਿਨਲੈਂਡ ਲਈ ਰਵਾਨਾ ਹੋਇਆ ਹੈ।

ਇਹ ਅਧਿਆਪਕ 29 ਮਈ ਤੱਕ ਫਿਨਲੈਂਡ ਦੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਟ੍ਰੇਨਿੰਗ ਲੈਣਗੇ। ਸੀਐਮ ਮਾਨ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਜਾਰੀ ਤਾਜ਼ਾ ਸਰਵੇ ਵਿੱਚ ਪੰਜਾਬ ਨੇ ਕੇਰਲਾ, ਮਹਾਰਾਸ਼ਟਰ ਅਤੇ ਹਰਿਆਣਾ ਨੂੰ ਪਛਾੜ ਕੇ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੇ 99% ਸਕੂਲਾਂ ਵਿੱਚ ਕੰਪਿਊਟਰ ਅਤੇ 99.9% ਸਕੂਲਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਇਸ ਵਾਰ ਸਰਕਾਰੀ ਸਕੂਲਾਂ ਦੀ ਮੈਗਾ ਪੇਰੈਂਟ-ਟੀਚਰ ਮੀਟਿੰਗ (PTM) ਵਿੱਚ 24 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ। ਉਨ੍ਹਾਂ ਧੂਰੀ ਹਲਕੇ ਦੀਆਂ 3 ਵਿਦਿਆਰਥਣਾਂ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ 100% ਅੰਕ ਹਾਸਲ ਕੀਤੇ ਹਨ। ਇਸ ਕਾਰਗੁਜ਼ਾਰੀ ਲਈ ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵਧਾਈ ਦਿੱਤੀ।

Share this content:

Post Comment