ਪੰਜਾਬ ਵਿੱਚ ਤੇਲ ਬੀਜਾਂ ਦੀ ਕਾਸ਼ਤ ਨੂੰ ਵੱਡਾ ਝਟਕਾ, ਰਕਬੇ ’ਚ 90 ਫ਼ੀਸਦੀ ਘਟਿਆ
ਮੋਗਾ – 2 ਨਵੰਬਰ ਖੇਤੀ ਪ੍ਰਧਾਨ ਸੂਬਾ ਹੁਣ ਕਣਕ ਅਤੇ ਝੋਨੇ ਉੱਤੇ ਹੀ ਨਿਰਭਰ ਹੁੰਦਾਂ ਜਾ ਰਿਹਾ ਹੈ। ਖੇਤੀਬਾੜੀ ਦੇ ਬਦਲਦੇ ਸਰੂਪ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਤੇਲ ਬੀਜਾਂ ਦੀਆਂ ਫ਼ਸਲਾਂ ਤੋਂ ਕਿਸਾਨ ਪਿਛੇ ਹਟ ਗਏ ਹਨ। ਸੂਬੇ ’ਚ ਸਾਲ 1970-75 ਵਿੱਚ ਪੰਜ ਲੱਖ ਹੈਕਟੇਅਰ ਰਕਬੇ ਤੋਂ ਤੇਲ ਬੀਜ ਹੇਠਲਾ ਰਕਬਾ ਘਟ ਕੇ 50 ਹਜ਼ਾਰ ਹੈਕਟੇਅਰ ਤੋਂ ਵੀ ਘੱਟ ਗਿਆ ਹੈ।
ਖੇਤੀਬਾੜੀ ਵਿਭਾਗ ਸੰਯੁਕਤ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਬੇ ਵਿਚ ਇੱਕ ਸਮਾਂ ਸੀ ਜਦੋਂ ਕਈ ਇਲਾਕਿਆਂ ਵਿੱਚ ਸਰ੍ਹੋਂ, ਤੋਰੀਆ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਆਮ ਸੀ, ਪਰ ਕਿਸਾਨਾਂ ਦਾ ਰੁਝਾਨ ਕਣਕ ਅਤੇ ਝੋਨੇ ਵੱਲ ਵਧਦਾ ਗਿਆ ਤੇ ਤੇਲ ਬੀਜਾਂ ਦੀ ਕਾਸ਼ਤ ਲਗਾਤਾਰ ਪੱਛੜਦੀ ਗਈ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਵੱਲ ਮੋੜਨਾ ਚੁਣੌਤੀ ਹੈ। ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਫ਼ਸਲੀ ਵਿਭਿੰਨਤਾ ਦੇ ਲੰਮੇ ਸਮੇਂ ਤੋਂ ਨਤੀਜੇ ਉਮੀਦ ਮੁਤਾਬਕ ਸਾਹਮਣੇ ਨਹੀਂ ਆ ਰਹੇ। ਕਿਸਾਨ ਸਫ਼ੇਦਿਆਂ, ਪਾਪੂਲਰਾਂ ਅਤੇ ਹੋਰ ਰੁੱਖਾਂ ਵਿਚਕਾਰ ਸਰ੍ਹੋਂ ਦੀ ਕਾਸ਼ਤ ਕਰ ਕੇ ਇੱਕੋ ਜ਼ਮੀਨ ਤੋਂ ਦੋ ਤਰ੍ਹਾਂ ਦੇ ਉਤਪਾਦਨ ਦੀ ਸੰਭਾਵਨਾ ਤਲਾਸ਼ ਰਹੇ ਹਨ। ਸੂਬੇ ਵਿੱਚ ਖੇਤੀਬਾੜੀ ਦਾ ਵੱਡਾ ਹਿੱਸਾ ਅੱਜ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਤੇ ਨਿਰਭਰ ਹੈ। ਕਿਸਾਨਾਂ ਨੂੰ ਇਨ੍ਹਾਂ ਦੋਵਾਂ ਫ਼ਸਲਾਂ ਦੀ ਕਾਸ਼ਤ, ਮੰਡੀਕਰਨ ਅਤੇ ਸਰਕਾਰੀ ਖ਼ਰੀਦ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਅਤੇ ਤਜਰਬਾ ਹੋਣ ਕਾਰਨ ਉਹ ਕਿਸੇ ਹੋਰ ਫ਼ਸਲਾਂ ਦੀ ਕਾਸ਼ਤ ਦੀ ਥਾਂ ਰਿਵਾਇਤੀ ਫ਼ਸਲਾਂ ਕਣਕ ਝੋਨੇ ਨੂੰ ਤਰਜੀਹ ਦਿੰਦੇ ਹਨ। ਨਵੀਂ ਫ਼ਸਲ ਦੀ ਕਾਸ਼ਤ ਅਤੇ ਮੰਡੀਕਰਨ ਦੀ ਖੱਜਲ ਖ਼ੁਆਰੀ ਕਿਸਾਨਾਂ ਦੇ ਰਾਹ ਵਿੱਚ ਅੜਿੱਕਾ ਬਣਦੀ ਗਈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਫ਼ਸਲੀ ਵਿਭਿੰਨਤਾ ਲਈ ਠੋਸ ਨੀਤੀ ਦੀ ਲੋੜ
ਤੇਲ ਬੀਜਾਂ ਦੀਆਂ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਸਿਰਫ਼ ਕਿਸਾਨਾਂ ਨੂੰ ਅਪੀਲਾਂ ਕਰਨਾ ਕਾਫ਼ੀ ਨਹੀਂ ਹੋਵੇਗਾ। ਕਿਸਾਨਾਂ ਨੂੰ ਬਿਹਤਰ ਬੀਜ, ਤਕਨੀਕੀ ਸਹਾਇਤਾ, ਫ਼ਸਲ ਦੀ ਖ਼ਰੀਦ ਦਾ ਭਰੋਸਾ ਅਤੇ ਢੁੱਕਵਾਂ ਮੰਡੀਕਰਨ ਮਿਲੇ ਤਾਂ ਉਹ ਨਵੀਆਂ ਫ਼ਸਲਾਂ ਵੱਲ ਕਦਮ ਵਧਾ ਸਕਦੇ ਹਨ।
Share this content:



Post Comment