Loading Now

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ ਰਾਗਾਂ ਦੀ ਵਿਸ਼ਾਲ ਟਕਸਾਲੀ ਪੇਸ਼ਕਾਰੀ ਲਈ ਸਰਦਾਰ ਕੇ ਜੇ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਦਾ  ਵਿਸ਼ੇਸ਼ ਸਨਮਾਨ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ ਰਾਗਾਂ ਦੀ ਵਿਸ਼ਾਲ ਟਕਸਾਲੀ ਪੇਸ਼ਕਾਰੀ ਲਈ ਸਰਦਾਰ ਕੇ ਜੇ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਦਾ  ਵਿਸ਼ੇਸ਼ ਸਨਮਾਨ

*ਹੁਣ ਗੁਰਬਾਣੀ ਸੰਗੀਤ ਦਾ ਟਕਸਾਲੀ ਸਰੂਪ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੁਣ ਸਕਣਗੀਆਂ ਪ੍ਰੌ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 2 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – “ਸਬਦ ਨਾਦ” ਸੰਸਥਾ ਲੁਧਿਆਣਾ ਵੱਲੋਂ 18 ਘੰਟਿਆਂ ਅੰਦਰ ਸੱਤ ਭਾਗਾਂ ਵਿੱਚ ਰੀਕਾਰਡ ਕੀਤੇ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਨਿਰਧਾਰਤ ਰਾਗਾਂ ਆਧਾਰਿਤ  ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਨੂੰ ਸੰਪੂਰਨ ਕਰਨ ਲਈ ਕੇ ਜੇ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਪ੍ਰਾਜੈਕਟ ਵਿੱਚ 141 ਮੌਲਿਕ ਗੁਰਬਾਣੀ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਰਾਗਾਂ ਅਤੇ 31 ਮਿਸ਼ਰਤ ਰਾਗਾਂ  ਸਮੇਤ ਸਮੁੱਚੇ 62 ਰਾਗਾਂ ਅਤੇ ਚੋਣਵੀਆਂ ਗੁਰਬਾਣੀ ਲੋਕ-ਰਾਗ ਪਰੰਪਰਾ ਅਨੁਸਾਰ ਸੰਗੀਤਬੱਧ ਕਰਨਾ ਮਹਾਨ ਸੇਵਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਅਲੌਕਿਕ ਪੇਸ਼ਕਸ਼ ਉਪਰੰਤ ਪੂਰੇ ਵਿਸ਼ਵ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਇਹ ਮਹਾਨ ਗੁਰਬਾਣੀ ਗਾਇਨ ਦੇ ਟਕਸਾਲੀ ਸਰੂਪ ਨੂੰ ਸੁਣ ਸਕਣਗੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਰਦਾਰ ਕੇ ਜੇ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦੇਦਿਆਂ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਦਸ ਸਾਲ ਲੱਗੇ ਹਨ। ਇਹ ਪ੍ਰੋਜੈਕਟ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਦੀ ਦੂਰਦਰਸ਼ੀ ਸੋਚ  ਤੋਂ ਪ੍ਰੇਰਨਾ ਲੈ ਕੇ ਆਰੰਭ ਕੀਤਾ ਗਿਆ ਸੀ। ਇਸ ਦਾ ਉਦੇਸ਼ ਗੁਰਬਾਣੀ ਦੀ ਸੰਪੂਰਨ ਰਾਗਾਤਮਕ ਸੰਗੀਤਕ ਵਿਰਾਸਤ ਨੂੰ ਟਕਸਾਲੀ ਰੂਪ ਵਿੱਚ ਸਤਿਕਾਰ ਸਹਿਤ ਸੰਭਾਲਣਾ ਸੀ। ਇਸ ਉਪਰਾਲੇ ਦੀ ਸੰਪੂਰਨਤਾ ਸੰਗਤਾਂ ਦੇ ਸਹਿਯੋਗ ਅਤੇ ਗੁਰਬਾਣੀ ਸੰਗੀਤ ਦੇ ਗੂੜ੍ਹ ਗਿਆਤਾ ਸੰਗੀਤਕਾਰਾਂ,ਨਿਰਮਾਤਾ ਅਤੇ ਅਧਿਆਪਕਾਂ ਬਿਨ ਸੰਭਵ ਨਹੀਂ ਸੀ।
ਇਸ ਪ੍ਰੋਜੈਕਟ ਦੀਆਂ ਸੰਗੀਤਕ ਰਚਨਾਵਾਂ ਤਿਆਰ ਕਰਨ ਵਿੱਚ ਸਰਦਾਰ ਕੇ. ਜੇ. ਸਿੰਘ ਜੀ  ਨਿਰਮਾਤਾ, ਧੁਨੀ ਇੰਜੀਨੀਅਰ ਅਤੇ ਸੰਗੀਤ ਲੇਬਲ ਦੇ ਮਾਲਕ  ਨੇ ਵੱਡਾ ਸਹਿਯੋਗ ਦਿੱਤਾ। ਰਿਕਾਰਡਿੰਗ, ਮਿਕਸਿੰਗ ਅਤੇ ਰਿਲੀਜ਼ ਦੀ ਸਮੁੱਚੀ ਜ਼ਿੰਮੇਵਾਰੀ ਨਿਭਾ ਕੇ ਉਨ੍ਹਾਂ ਇਤਿਹਾਸਕ ਕਾਰਜ ਕੀਤਾ ਹੈ। ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆ ਦੀ ਸਰਪ੍ਰਸਤੀ ਬਿਨ ਇਹ ਕਾਰਜ ਏਨਾ ਸਰਬ ਸੰਪੂਰਨ ਨਹੀਂ ਸੀ ਬਣਨਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਆਪਣੀ ਰਹਿਨੁਮਾਈ ਪ੍ਰਦਾਨ ਕੀਤੀ, ਉਹ ਸਭ ਧੰਨਵਾਦ ਦੇ ਹੱਕਦਾਰ ਹਨ। ਸਰਦਾਰ ਕੇ ਜੇ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਵਿੱਚ ਭਾਰਤ ਅਤੇ ਵਿਸ਼ਵ ਭਰ ਦੇ 270 ਤੋਂ ਵੱਧ ਕਲਾਕਾਰ ਜੁੜੇ ਜਿਨ੍ਹਾਂ ਵਿੱਚ ਸਿੱਖ ਰਾਗੀ ਸਿੰਘ, ਭਾਰਤੀ ਸ਼ਾਸਤਰੀ ਗਾਇਕ ਅਤੇ ਪ੍ਰਸਿੱਧ ਸਾਜ਼-ਵਾਦਕ ਸ਼ਾਮਲ ਹਨ। ਲਗਪਗ ਇੱਕ ਦਹਾਕੇ ਦੀ ਨਿਰੰਤਰ ਮਿਹਨਤ ਤੋਂ ਬਾਅਦ ਇਹ ਪ੍ਰੋਜੈਕਟ 30 ਅਕਤੂਬਰ 2026 ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ  ਸੰਗਤ ਅਰਪਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿਮੁੰਬਈ ਸਥਿਤ ਸੰਗੀਤਕ ਲੇਬਲ “ਅਸਲੀ ਮਿਊਜ਼ਿਕ” ਵੱਲੋਂ ਰਿਲੀਜ਼ ਕੀਤੇ ਗਏ ਇਸ ਪ੍ਰੋਜੈਕਟ ਦੇ ਸਾਰੇ ਸੱਤ ਭਾਗ ਯੂਟਿਊਬ, ਐਪਲ ਮਿਊਜ਼ਿਕ, ਸਪੌਟੀਫਾਈ, ਐਮਾਜ਼ਾਨ ਮਿਊਜ਼ਿਕ, ਜੀ. ਓ .ਸਾਵਨ ਅਤੇ ਗਾਨਾ ਵਰਗੇ ਪ੍ਰਮੁੱਖ ਸੰਗੀਤਕ ਮੰਚਾਂ ‘ਤੇ  ਵਿਸ਼ਵ ਭਰ ਵਿੱਚ ਸੁਣੇ ਜਾ ਸਕਦੇ ਹਨ। ਇਸ ਮੌਕੇ  ਯੂ ਐੱਸ ਏ ਤੋਂ ਆਏ ਸ. ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।

Share this content:

Post Comment