ਪੰਜਾਬ ਪੁਲੀਸ ਵੱਲੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ
ਚੰਡੀਗੜ੍ਹ, 16 ਅਕਤੂਬਰ – ਬੀਤੇ ਦਿਨ ਤੋਂ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿੱਚ ਫਿਲਮੀ ਅੰਦਾਜ਼ ਅੰਦਰ ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈਕੇ ਨਾਟਕੀ ਸੰਘਰਸ਼ ਚੱਲ ਰਿਹਾ ਸੀ ਪਰ ਹੁਣ ਇਸ ਉੱਤੇ ਵਿਰਾਮ ਲੱਗ ਗਿਆ ਹੈ ਕਿਉਂਕਿ ਨਵਨੀਤ ਚਤੁਰਵੇਦੀ ਨੂੰ ਅੱਜ ਰਾਤ ਰੋਪੜ ਪੁਲਿਸ ਨੇ ਅਦਾਲਤੀ ਹੁਕਮਾਂ ਮੁਤਾਬਿਕ ਚੰਡੀਗੜ੍ਹ ਦੇ ਸੈਕਟਰ ਤਿੰਨ ਦੇ ਥਾਣੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਆਪਣੇ ਨਾਲ ਰੋਪੜ ਲਈ ਲੈਕੇ ਰਵਾਨਾ ਹੋ ਗਈ ਅਤੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਵੇਰੇ ਰੋਪੜ ਦੀ ਅਦਾਲਤ ਵਿੱਚ ਨਵਨੀਤ ਚਤੁਰਵੇਦੀ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਸਕਦੀ ਹੈ।
ਆਪ’ ਦਾ ਭਾਜਪਾ ਉੱਤੇ ਵਾਰ’
ਆਪ ਪੰਜਾਬ ਨੇ ਆਪਣੇ ਐਕਸ ਰਾਹੀਂ ਗ੍ਰਿਫ਼ਤਾਰੀ ਦਾ ਸਮਰਥਨ ਕਰਦਿਆਂ ਲਿਖਿਆ ਕਿ, ‘ਬੀਜੇਪੀ ਦੀ ਸ਼ਹਿ ‘ਤੇ ਪੰਜਾਬ ਦੀ ਰਾਜ ਸਭਾ ਸੀਟ ਹੜੱਪਣ ਲਈ AAP ਦੇ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਕਰਨ ਵਾਲੇ ਠੱਗ ਨਵੀਨ ਚਤੁਰਵੇਦੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ! ਬੀਜੇਪੀ ਨਾ ਤਾਂ ਪਹਿਲਾਂ ਚੰਡੀਗੜ੍ਹ ਮੇਅਰ ਚੋਣ ਵੇਲੇ ਵੋਟ ਚੋਰ ਅਨਿਲ ਮਸੀਹ ਨੂੰ ਬਚਾ ਪਾਈ, ਨਾ ਹੁਣ ਰਾਜ ਸਭਾ ਸੀਟ ਠੱਗਣ ਆਏ ਨਵੀਨ ਚਤੁਰਵੇਦੀ ਨੂੰ!’
‘ਪੁਲਿਸ ਅਧਿਕਾਰੀਆਂ ਤੋਂ ਮੰਗਿਆ ਜਵਾਬ’
ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਰੋਪੜ ਅਦਾਲਤ ਨੇ 4 ਦਿਨਾਂ ਅੰਦਰ ਗ੍ਰਿਫ਼ਤਾਰੀ ਨੂੰ ਰੋਕਣ ਵਾਲੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੇ ਕਿਸ ਕਾਨੂੰਨ ਦੇ ਅਧੀਨ ਅਦਾਲਤੀ ਹੁਕਮਾਂ ਨੂੰ ਅੱਖੋਂ-ਪਰੋਖੇ ਕੀਤਾ। ਸਰਕਾਰੀ ਵਕੀਲਾਂ ਮੁਤਾਬਿਕ ਰੋਪੜ ਅਦਾਲਤ ਨੇ ਸਖ਼ਤ ਇਤਰਾਜ਼ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈਕੇ ਜਤਾਇਆ ਹੈ।
ਕੀ ਸੀ ਪੂਰਾ ਮਾਮਲਾ ?
ਦਰਅਸਲ, ਪੰਜਾਬ ਪੁਲਿਸ ਨੇ ਜੈਪੁਰ ਨਿਵਾਸੀ ਨਵਨੀਤ ਚਤੁਰਵੇਦੀ ਵਿਰੁੱਧ ਘੱਟੋ-ਘੱਟ 10 ਐਫਆਈਆਰ ਦਰਜ ਕੀਤੀਆਂ ਹਨ। ਇਲਜ਼ਾਮ ਹੈ ਕਿ ਨਵਨੀਤ ਚਤੁਰਵੇਦੀ ਨੇ ਪੰਜਾਬ ਦੀ ਇੱਕ ਰਾਜ ਸਭਾ ਸੀਟ ਦੀ ਉਪ-ਚੋਣ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਸੀ। ਜਿਸ ਵਿੱਚ ਉਸ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਦਸਤਖਤ ਜਾਅਲੀ ਬਣਾਏ ਅਤੇ ਉਨ੍ਹਾਂ ਨੂੰ ਆਪਣੀ ਨਾਮਜ਼ਦਗੀ ਲਈ ਪ੍ਰਸਤਾਵਕ ਬਣਾਇਆ। ਚਤੁਰਵੇਦੀ ਦੀ ਨਾਮਜ਼ਦਗੀ ਦੀ ਮੰਗਲਵਾਰ ਨੂੰ ਜਾਂਚ ਕੀਤੀ ਗਈ ਅਤੇ ਇਹ ਰੱਦ ਕਰ ਦਿੱਤੀ ਗਈ।
‘ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵਿਚਕਾਰ ਝੜਪ’
ਇਸ ਦੌਰਾਨ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਕਿਉਂਕਿ ਪਿਛਲੀ ਰਾਤ ਉਸ ਨੇ ਆਪਣੇ ਆਪ ਨੂੰ ਧਮਕੀ ਮਿਲਣ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਚੰਡੀਗੜ੍ਹ ਪੁਲਿਸ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਨਵਨੀਤ ਚਤੁਰਵੇਦੀ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਹੇਠ ਪੰਜਾਬ ਵਿਧਾਨ ਸਭਾ ਤੋਂ ਵਾਪਸ ਆ ਰਹੇ ਸਨ ਜਦੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੁਖਨਾ ਝੀਲ ਦੇ ਨੇੜੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।
‘ਗ੍ਰਿਫ਼ਤਾਰੀ ਵਾਰੰਟ ਜਾਰੀ’
ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਹੀਂ ਕੀਤਾ ਅਤੇ ਉਸ ਨੂੰ ਸੈਕਟਰ 3 ਪੁਲਿਸ ਸਟੇਸ਼ਨ ਲੈ ਆਈ। ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੰਗਲਵਾਰ ਰਾਤ ਭਰ ਸੈਕਟਰ 3 ਪੁਲਿਸ ਸਟੇਸ਼ਨ ਦੇ ਬਾਹਰ ਰਹੇ। ਇਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਰੋਪੜ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਇਲਜ਼ਾਮ ਲਗਾਇਆ ਕਿ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਨਹੀਂ ਕਰਨ ਦਿੱਤਾ, ਜਦੋਂ ਕਿ ਰੋਪੜ ਅਦਾਲਤ ਨੇ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਬੁੱਧਵਾਰ ਨੂੰ, ਰੋਪੜ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਨਵਨੀਤ ਚਤੁਰਵੇਦੀ ਖਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟਾਂ ਨੂੰ ਲਾਗੂ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ।
Share this content:



Post Comment