ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦੂਜਾ ‘ਅੱਵਲ ਸਰਹੱਦੀ ਮਿੰਨੀ ਕਹਾਣੀ ਯਾਦਗਾਰੀ ਸਾਹਿਤਕ ਪੁਰਸਕਾਰ ਮੋਹਨ ਸ਼ਰਮਾ ਨੂੰ ਪ੍ਰਦਾਨ

*ਸਭਾ ਵੱਲੋਂ ਪੁਰਸਕਾਰ—ਰਵਾਇਤ ਵਿਚ ਵਾਧਾ ਕੀਤਾ ਜਾਵੇਗਾ — ਡਾ. ਦਰਸ਼ਨ ਸਿੰਘ ‘ਆਸ਼ਟ
ਪਟਿਆਲਾ, 14 ਸਤੰਬਰ – ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਵਿਸ਼ੇਸ਼ ਕਰਵਾਏ ਗਏ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਤੋਂ ਇਲਾਵਾ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਸੁਖਵਿੰਦਰ ਸਿੰਘ ਫੁੱਲ, ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ, ਗੁਰਪ੍ਰੀਤ ਕੌਰ, ਪ੍ਰਵਿੰਦਰ ਕੌਰ ਸਡਾਨਾ, ਹਰਮੀਤ ਸਿੰਘ ਅਟਵਾਲ (ਜਲੰਧਰ) ਅਤੇ ਰਣਜੀਤ ਆਜ਼ਾਦ ਕਾਂਝਲਾ ਆਦਿ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਅਤੇ ਸਰੋਤਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਆਪਣੇ ਪ੍ਰਸਿੱਧ ਸਾਹਿਤਕ ਹੀਰਿਆਂ ਦੀ ਯਾਦ ਵਿਚ ਹਰ ਸਾਲ ਪੁਰਸਕਾਰ ਦੇਣ ਦੀ ਰਵਾਇਤ ਨੂੰ ਸੁਰਜੀਤ ਰੱਖ ਰਹੀ ਹੈ ਅਤੇ ਭਵਿੱਖ ਵਿਚ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਲਈ ਕਾਰਜ ਕਰਨ ਵਾਲੇ ਸਾਹਿਤਕਾਰਾਂ ਨੂੰ ਮਾਣ—ਸਨਮਾਨ ਦੇਣ ਦੀ ਰਵਾਇਤ ਵਿਚ ਹੋਰ ਵਡਮੁੱਲਾ ਵਾਧਾ ਕੀਤਾ ਜਾਵੇਗਾ। ਗੁਰਸ਼ਰਨ ਕੌਰ ਨੇ ਕਿਹਾ ਕਿ ਦਹਾਕਿਆਂ ਤੋਂ ਨਿਸ਼ਕਾਮ ਸੇਵਾ ਕਰ ਰਹੀ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਉਨ੍ਹਾਂ ਦੀ ਸਾਂਝ ਉਨ੍ਹਾਂ ਸਮਿਆਂ ਤੋਂ ਜੁੜੀ ਹੋਈ ਹੈ ਜਦੋਂ ਉਹ ਭਾਸ਼ਾ ਵਿਭਾਗ ਵਿਖੇ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਇਸ ਸਭਾ ਦੇ ਵਿਕਾਸ ਦਰ ਵਿਕਾਸ ਨੂੰ ਅੱਖੀਂ ਦੇਖਿਆ ਹੈ।ਸੁਖਵਿੰਦਰ ਸਿੰਘ ਫੁੱਲ ਦਾ ਕਹਿਣਾ ਸੀ ਕਿ ਸਾਹਿਤ ਅਤੇ ਪੱਤਰਕਾਰੀ ਦਾ ਆਪਸ ਵਿਚ ਗੂੜ੍ਹਾ ਨਾਤਾ ਹੈ।ਇਹ ਦੋਵੇਂ ਖੇਤਰ ਮਿਲ ਕੇ ਇਕ ਸੰਤੁਲਤ ਸਮਾਜ ਦੀ ਸਿਰਜਣਾ ਕਰਦੇ ਹਨ। ਪ੍ਰਵਿੰਦਰ ਕੌਰ ਸਡਾਨਾ ਨੇ ਕਿਹਾ ਕਿ ਪਿਤਾ ਅੱਵਲ ਸਰਹੱਦੀ ਦੀਆਂ ਸਾਹਿਤਕ ਸੇਵਾਵਾਂ ਸਦਕਾ ਅੱਜ ਉਨ੍ਹਾਂ ਦਾ ਸਿਰ ਫ਼ਖਰ ਨਾਲ ਹੋਰ ਵੀ ਉਚਾ ਹੋਇਆ ਹੈ।
ਸਾਲ 2026 ਲਈ ਦੂਜੇ ‘ਅੱਵਲ ਸਰਹੱਦੀ ਯਾਦਗਾਰੀ ਮਿੰਨੀ ਕਹਾਣੀ ਸਾਹਿਤਕ ਪੁਰਸਕਾਰ* ਲਈ ਉਘੇ ਮਿੰਨੀ ਕਹਾਣੀ ਲੇਖਕ ਮੋਹਨ ਸ਼ਰਮਾ (ਸੰਗਰੂਰ) ਨੂੰ ਸਨਮਾਨ ਪੱਤਰ,ਸ਼ਾਲ ਅਤੇ 5100 ਰੁਪਏ ਦੀ ਨਗਦ ਰਾਸ਼ੀ ਭੇਂਟ ਕੀਤੀ ਗਈ।ਉਨ੍ਹਾਂ ਬਾਰੇ ਸਨਮਾਨ ਪੱਤਰ ਪ੍ਰਸਿੱਧ ਹਾਲੀਵੁੱਡ,ਪਾਲੀਵੁੱਡ ਅਤੇ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਅੰਗਦ ਸਡਾਨਾ ਨੇ ਪੜਿ੍ਹਆ।ਉਪਰੰਤ ਰਣਜੀਤ ਆਜ਼ਾਦ ਕਾਂਝਲਾ (ਧੂਰੀ) ਨੇ ਸ਼ਰਮਾ ਦੀਆਂ ਮਿੰਨੀ ਕਹਾਣੀਆਂ ਬਾਰੇ ਵਿਸ਼ੇਸ਼ ਚਰਚਾ ਕੀਤੀ। ਸ਼ਰਮਾ ਨੇ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀ ਸਾਹਿਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵਿਚ ਹੋਰ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਅੱਵਲ ਸਰਹੱਦੀ ਦੇ ਜੀਵਨ ਤੇ ਰਚਨਾ ਬਾਰੇ ਕਰਮਵੀਰ ਸਿੰਘ ਸੂਰੀ ਵੱਲੋਂ ਰਚਿਤ ਪੇਪਰ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ,ਪਟਿਆਲਾ ਦੀ ਅਧਿਆਪਕਾ ਮਨਪ੍ਰੀਤ ਕੌਰ ਨੇ ਪੜਿ੍ਹਆ। ਇਸ ਮੌਕੇ ਬਾਬੂ ਸਿੰਘ ਰੈਹਲ,ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ,ਦਵਿੰਦਰ ਸਿੰਘ ਅਤੇ ਰੁਸ਼ਨੀਤ ਕੌਰ ਨੇ ਵੀ ਮਿੰਨੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਵਿਸ਼ੇਸ਼ ਚਰਚਾ ਕੀਤੀ।ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸੱਦੇ ਮਿੰਨੀ ਕਹਾਣੀ ਲੇਖਕਾਂ ਸੀਮਾ ਵਰਮਾ (ਲੁਧਿਆਣਾ) ਅਤੇ ਡਾ. ਗੁਰਵਿੰਦਰ ਅਮਨ (ਰਾਜਪੁਰਾ) ਨੇ ਮਿੰਨੀ ਕਹਾਣੀਆਂ ਸੁਣਾਈਆਂ।
Share this content:


Post Comment