ਪੰਚਤੰਤਰ ਤੋਂ ਸਬਕ ਸਿੱਖਣ ਦੀ ਲੋੜ
ਦਿੱਲੀ ਦੇ ਲੁਟੀਅਨਜ਼ ਵਿਚਲੀ ਹਾਲੀਆ ਉਥਲ-ਪੁਥਲ ਬਾਰੇ ਸੋਚਦਿਆਂ ਸਾਡਾ ਮਨ ਪ੍ਰਾਚੀਨ ਗ੍ਰੰਥ ‘ਪੰਚਤੰਤਰ’ ਵੱਲ ਮੁੜ ਜਾਂਦਾ ਹੈ। ਇਹ ਸਾਨੂੰ ਡੂੰਘਾ ਸਕੂਨ ਅਤੇ ਸਮਝ ਪ੍ਰਦਾਨ ਕਰਦਾ ਹੈ। ਪੰਚਤੰਤਰ ਦੇ ਪੰਜ ਭਾਗ ਹਨ, ਜੋ ਆਪਸ ਵਿੱਚ ਰਹੱਸਮਈ ਤਰੀਕੇ ਨਾਲ ਜੁੜੇ ਹੋਏ ਹਨ। ਇਸ ਦੀ ਹਰਮਨਪਿਆਰਤਾ ਕਾਰਨ ਬਹੁਤ ਸਾਰੇ ਪਾਠਕ ਇਸ ਨੂੰ ਸਿਰਫ਼ ਜਾਨਵਰਾਂ ਦੀਆਂ ਸਿੱਖਿਆਦਾਇਕ ਕਾਲਪਨਿਕ ਕਹਾਣੀਆਂ ਦਾ ਸੰਗ੍ਰਹਿ ਸਮਝਦੇ ਹਨ। ਕੁਝ ਕਹਾਣੀਆਂ ਬਾਰੇ ਇਹ ਗੱਲ ਠੀਕ ਵੀ ਹੋ ਸਕਦੀ ਹੈ ਪਰ ਸਾਰੀਆਂ ਬਾਰੇ ਨਹੀਂ। ਇਸੇ ਕਾਰਨ ‘ਪੰਚਤੰਤਰ’ ਦੀਆਂ ਕੁਝ ਚੋਣਵੀਆਂ ਕਹਾਣੀਆਂ ਹੀ ਬੱਚਿਆਂ ਲਈ ਢੁੱਕਵੀਆਂ ਮੰਨੀਆਂ ਜਾਂਦੀਆਂ ਹਨ। ਪੰਚਤੰਤਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਡੂੰਘੇ ਸਿਆਸੀ ਅਤੇ ਪ੍ਰਸ਼ਾਸਨਿਕ ਸੁਨੇਹੇ ਦਿੰਦੀਆਂ ਹਨ, ਜਿਨ੍ਹਾਂ ਨੂੰ ਸਮਝਣਾ ਚੁਣੌਤੀ ਹੈ। ਇਸ ਦੀ ਬਣਤਰ ਵੀ ਘੱਟ ਅਹਿਮ ਨਹੀਂ ਹੈ। ਇਸ ਦੀਆਂ ਕਹਾਣੀਆਂ ਅਤੇ ਇਨ੍ਹਾਂ ਦੇ ਅਰਥਾਂ ਵਿੱਚ ਕਈ ਤਰ੍ਹਾਂ ਦੀਆਂ ਪ੍ਰਤੀਕਾਤਮਕ ਪਰਤਾਂ ਲੁਕੀਆਂ ਹੋਈਆਂ ਹਨ। ਇਹ ਕਹਾਣੀਆਂ ਸਾਨੂੰ ਇਹ ਪੜਚੋਲ ਕਰਨ ਦੇ ਯੋਗ ਬਣਾਉਂਦੀਆਂ ਹਨ ਕਿ ਆਮ ਲੋਕ ਵੱਖ-ਵੱਖ ਨਜ਼ਰੀਏ ਤੋਂ ਸਰਕਾਰ/ਸਟੇਟ ਨਾਲ ਕਿਵੇਂ ਜੁੜੇ ਹੋ ਸਕਦੇ ਹਨ। ਨਾਗਰਿਕ ਜਾਂ ਮਨੁੱਖੀ ਅਧਿਕਾਰਾਂ ਦੀ ਧਾਰਨਾ ਦੇ ਪੈਦਾ ਹੋਣ ਤੋਂ ਬਹੁਤ ਪਹਿਲਾਂ ਰਚੇ ਗਏ ਪੰਚਤੰਤਰ ਦੀ ਬਣਤਰ, ਕਹਾਣੀਆਂ ਅਤੇ ਪਾਤਰ ਸਾਡੀਆਂ ਮੌਜੂਦਾ ਮੁਸ਼ਕਿਲਾਂ ਨਾਲ ਅਦਭੁੱਤ ਢੰਗ ਨਾਲ ਮੇਲ ਖਾਂਦੇ ਹਨ। ਅਧਿਕਾਰ ਅੱਜ ਦੇ ਦੌਰ ਵਿੱਚ ਨਾਗਰਿਕਤਾ ਦਾ ਲਾਜ਼ਮੀ ਅੰਗ ਹਨ ਪਰ ਇਹ ਇੱਕੋ-ਇੱਕ ਧੁਰਾ ਨਹੀਂ, ਜਿਸ ਦੇ ਆਧਾਰ ’ਤੇ ਨਾਗਰਿਕ ਖ਼ੁਦ ਨੂੰ ਰਾਜ (ਸਰਕਾਰ/ਸਟੇਟ) ਨਾਲ ਜੁੜਿਆ ਮਹਿਸੂਸ ਕਰਦੇ ਹਨ। ਦਰਅਸਲ, ਫਲਸਫ਼ਾਨਾ ਤੌਰ ’ਤੇ ਆਮ ਲੋਕ ਹੀ ਰਾਜ (ਸਰਕਾਰ/ਸਟੇਟ) ਦਾ ਨਿਰਮਾਣ ਕਰਦੇ ਹਨ ਅਤੇ ਰਾਜ ਦੇ ਦਿਸਦੇ ਅਹੁਦੇਦਾਰ ਜਾਂ ਨੁਮਾਇੰਦੇ ਅਸਲ ਵਿੱਚ ਲੋਕਾਂ ਵੱਲੋਂ ਹੀ ਦੇਸ਼ ਦੀ ਸੇਵਾ ਕਰਦੇ ਹਨ।
ਕਿਸੇ ਯੂਨੀਵਰਸਿਟੀ ਜਾਂ ਕਾਲਜ ਲਈ ਇਸ ਤੋਂ ਵਧੀਆ ਆਦਰਸ਼ ਹੋਰ ਕੀ ਹੋ ਸਕਦਾ ਹੈ? ਪਰ ਅਫ਼ਸੋਸ, ਅੱਜ ਦੀਆਂ ਸਾਡੀਆਂ ਯੂਨੀਵਰਸਿਟੀਆਂ ਇਹ ਆਦਰਸ਼ ਗੁਆ ਚੁੱਕੀਆਂ ਹਨ। ਉਨ੍ਹਾਂ ਨੇ ਇੱਕ ਵੱਖਰਾ ਆਦਰਸ਼ ਅਪਣਾ ਲਿਆ ਹੈ: ਵਿਅਕਤੀਗਤ ਸਫ਼ਲਤਾ ਦੀ ਦੌੜ ਅਤੇ ਮੌਜੂਦਾ ਵਿਵਸਥਾ ਅੱਗੇ ਸਿਰ ਝੁਕਾਉਣਾ। ਹਜ਼ਾਰਾਂ ਵਿਦਿਆਰਥੀ ਆਪਣੇ ਨਿੱਜੀ ਟੀਚੇ ਨੂੰ ਹਾਸਲ ਕਰਨ ਵਿੱਚ ਨਾਕਾਮ ਹੋ ਜਾਂਦੇ ਹਨ। ਇਕੱਲਿਆਂ ਕੀਤਾ ਗਿਆ ਉਨ੍ਹਾਂ ਦਾ ਲੰਮਾ ਸੰਘਰਸ਼ ਉਨ੍ਹਾਂ ਦੀ ਜਵਾਨੀ ਦੀ ਊਰਜਾ ਜਾਂ ਉਤਸ਼ਾਹ ਨੂੰ ਨਿਚੋੜ ਦਿੰਦਾ ਹੈ, ਜਿਸ ਨਾਲ ਉਹ ਉਸ ਤਰ੍ਹਾਂ ਦੁਨੀਆ ਦਾ ਜਾਇਜ਼ਾ ਨਹੀਂ ਲੈ ਪਾਉਂਦੇ ਜਿਵੇਂ ‘ਪੰਚਤੰਤਰ’ ਵਿਚਲੇ ਚਾਰ ਦੋਸਤ ਲੈਂਦੇ ਸਨ। ‘ਪੰਚਤੰਤਰ’ ਦਾ ਤੀਜਾ ਭਾਗ ਸਦੀਵੀ ਵੈਰ ਜਾਂ ਦੁਸ਼ਮਣੀ ਦੀ ਸਮੱਸਿਆ ਨਾਲ ਨਜਿੱਠਦਾ ਹੈ। ਇਹ ਭਾਗ ਵੱਖੋ-ਵੱਖਰੀਆਂ ਸਲਾਹਾਂ ਅਤੇ ਸਾਜ਼ਿਸ਼ ਰਾਹੀਂ ਨਿਕਲੇ ਭਿਆਨਕ ਸਿੱਟੇ ਵੱਲ ਧਿਆਨ ਦਿਵਾਉਂਦਾ ਹੈ। ਇਹ ਦੁਸ਼ਮਣੀ ਇੱਕ ਭਿਆਨਕ ਹਿੰਸਕ ਘਟਨਾ ਨਾਲ ਖ਼ਤਮ ਹੁੰਦੀ ਹੈ, ਜੋ ਪਾਠਕ ਦੇ ਮਨ ਵਿੱਚ ਵੱਡੀ ਦੁਬਿਧਾ ਅਤੇ ਬੇਚੈਨੀ ਛੱਡ ਜਾਂਦੀ ਹੈ। ਇਹ ਬੇਚੈਨੀ ਇਸ ਸ਼ੱਕ ਵਿੱਚੋਂ ਪੈਦਾ ਹੁੰਦੀ ਹੈ ਕਿ ਸ਼ਾਇਦ ਵਿਰੋਧੀ ਧਿਰਾਂ ਨੇ ‘ਪੰਚਤੰਤਰ’ ਦੇ ਮੂਲ ਨੈਤਿਕ ਸਿਧਾਂਤ (ਭਾਵ ਕਿਸੇ ਵੀ, ਇੱਥੋਂ ਤੱਕ ਕਿ ਪੁਰਾਣੀ ਤੋਂ ਪੁਰਾਣੀ ਸਮੱਸਿਆ ਨੂੰ ਵੀ ਆਪਸੀ ਬਹਿਸ ਅਤੇ ਦਲੀਲਾਂ ਰਾਹੀਂ ਹੱਲ ਕਰਨ) ਦੀ ਪਾਲਣਾ ਨਹੀਂ ਕੀਤੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਤੀਜੇ ਭਾਗ ਤੋਂ ਬਾਅਦ ਆਖ਼ਰੀ ਦੋ ਭਾਗ ਆਉਂਦੇ ਹਨ, ਜਿਨ੍ਹਾਂ ਦੇ ਸਿਰਲੇਖ ਕ੍ਰਮਵਾਰ ‘ਪ੍ਰਾਪਤ ਕੀਤੇ ਲਾਭ ਦਾ ਨੁਕਸਾਨ’ ਅਤੇ ‘ਬਿਨਾਂ ਪਰਖੇ ਕੀਤਾ ਕੰਮ’ ਹਨ। ਇਨ੍ਹਾਂ ਦੋਵਾਂ ਭਾਗਾਂ ਦੀ ਸੁਰ ਦੁਖਾਂਤਕ ਹੈ, ਜੋ ਨੀਤੀ ਦੀ ਉਲੰਘਣਾ ਵਿਰੁੱਧ ਚਿਤਾਵਨੀ ਦਾ ਕੰਮ ਕਰਦੀ ਹੈ।
ਚੌਥੇ ਭਾਗ ਵਿੱਚ ਮੁੱਖ ਕਹਾਣੀ ਵਿਸਾਹਘਾਤ ਦੇ ਸਿੱਟਿਆਂ ਬਾਰੇ ਹੈ। ਇਹ ਇੱਕ ਮਸ਼ਹੂਰ ਕਹਾਣੀ ਹੈ, ਜੋ ਇੱਕ ਬਾਂਦਰ ਅਤੇ ਮਗਰਮੱਛ ਵਿਚਕਾਰ ਡੂੰਘੀ ਦੋਸਤੀ ਦੁਆਲੇ ਘੁੰਮਦੀ ਹੈ। ਉਨ੍ਹਾਂ ਦਾ ਰਿਸ਼ਤਾ ਉਸ ਰੁੱਖ ਦੇ ਮਿੱਠੇ ਫ਼ਲਾਂ ਨਾਲ ਪਰਵਾਨ ਚੜ੍ਹਦਾ ਹੈ, ਜਿਸ ਉੱਤੇ ਬਾਂਦਰ ਰਹਿੰਦਾ ਹੈ ਅਤੇ ਜਿਸ ਹੇਠਾਂ ਮਗਰਮੱਛ ਆਪਣੇ ਦੋਸਤ ਨੂੰ ਮਿਲਣ ਲਈ ਰੋਜ਼ ਆਉਂਦਾ ਹੈ। ਸੁਖਨਾ ਝੀਲ ਦਾ ਉਹ ਵਿਸ਼ਾਲ ਰੁੱਖ ਮੈਨੂੰ ‘ਪੰਚਤੰਤਰ’ ਦੀ ਇਸ ਕਹਾਣੀ ਦੀ ਯਾਦ ਕਰਵਾਏ ਬਿਨਾਂ ਨਹੀਂ ਰਹਿੰਦਾ। ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਮਗਰਮੱਛ ਬਾਂਦਰ ਨਾਲ ਧੋਖਾ ਕਰਦਾ ਹੈ। ਬਾਂਦਰ ਆਪਣੀ ਜਾਨ ਬਚਾਉਣ ਵਿੱਚ ਤਾਂ ਕਾਮਯਾਬ ਹੋ ਜਾਂਦਾ ਹੈ ਪਰ ਉਹ ਪੱਕੇ ਤੌਰ ’ਤੇ ਆਪਣੀ ਪੁਰਾਣੀ ਦੋਸਤੀ ਨੂੰ ਸੁਰਜੀਤ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ। ਇਹ ਸਾਬਿਤ ਕਰਨ ਲਈ ਕਿ ਟੁੱਟੇ ਹੋਏ ਭਰੋਸੇ ਨੂੰ ਮੁੜ ਜੋੜਨਾ ਬਹੁਤ ਔਖਾ ਹੁੰਦਾ ਹੈ, ਇੱਕ ਤੋਂ ਬਾਅਦ ਇੱਕ ਕਹਾਣੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਭਾਵੇਂ ਮਗਰਮੱਛ ਬਾਅਦ ’ਚ ਕਿੰਨਾ ਵੀ ਪਛਤਾਵਾ ਕਰੇ, ਉਸ ਦਾ ਪੁਰਾਣਾ ਦੋਸਤ ਟੁੱਟੇ ਹੋਏ ਰਿਸ਼ਤੇ ਨੂੰ ਦੁਬਾਰਾ ਜੋੜਨ ਦੀ ਕਿਸੇ ਵੀ ਸੰਭਾਵਨਾ ਨੂੰ ਠੁਕਰਾ ਦਿੰਦਾ ਹੈ। ਜਦੋਂ ਅਸੀਂ ਮੌਜੂਦਾ ਮਾਹੌਲ ਵਿੱਚ ਇਨ੍ਹਾਂ ਕਹਾਣੀਆਂ ਨੂੰ ਪੜ੍ਹਦੇ ਹਾਂ ਤਾਂ ਅਸੀਂ ਜਮਹੂਰੀਅਤ ਦੇ ਉਸ ਰੁੱਖ ਬਾਰੇ ਸੋਚਣੋਂ ਨਹੀਂ ਰਹਿ ਸਕਦੇ ਜਿਸ ਨੇ ਲੰਮੇ ਸਮੇਂ ਤੱਕ ਵੱਖ-ਵੱਖ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪਾਲਿਆ, ਹਰੇਕ ਨੂੰ ਕੁਝ ਸਮੇਂ ਲਈ ਸੱਤਾ ਵਿੱਚ ਆਉਣ ਦਿੱਤਾ ਅਤੇ ਫਿਰ ਸੱਤਾ ਦੂਜੇ ਨੂੰ ਸੌਂਪ ਦਿੱਤੀ। ਜੇਕਰ ਆਰਜ਼ੀ ਤੌਰ ’ਤੇ ਸੱਤਾ ਬਦਲਣ ਦਾ ਇਹ ਪ੍ਰਬੰਧ ਟੁੱਟ ਜਾਂਦਾ ਹੈ ਤਾਂ ਇਸ ਨੂੰ ਮੁੜ ਲੀਹੇ ਪਾਉਣਾ ਬਹੁਤ ਔਖਾ ਹੋ ਸਕਦਾ ਹੈ। ਕੀ ਅਸੀਂ ਅਜਿਹੇ ਹਾਲਾਤ ਵੱਲ ਵਧ ਰਹੇ ਹਾਂ? ਇਸ ਬਾਰੇ ਪਹਿਲਾਂ ਕੁਝ ਕਹਿਣਾ ਮੁਸ਼ਕਿਲ ਹੈ ਪਰ ਭਾਰਤ ਨੂੰ ਵਿਰੋਧੀਆਂ ਤੋਂ ਮੁਕਤ ਕਰਨ ਦੀਆਂ ਧਮਕੀਆਂ ਨੇ ਅਸਹਿਣਸ਼ੀਲਤਾ ਅਤੇ ਹਮੇਸ਼ਾ ਲਈ ਸੱਤਾ ’ਤੇ ਕਾਬਜ਼ ਰਹਿਣ ਦੀ ਲਾਲਸਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
‘ਪੰਚਤੰਤਰ’ ਦੀਆਂ ਕਹਾਣੀਆਂ ਕੋਈ ਪੱਕੇ ਜਾਂ ਸਦੀਵੀ ਹੱਲ ਨਹੀਂ ਸੁਝਾਉਂਦੀਆਂ। ਇਸ ਦੀ ਬਜਾਏ ਇਹ ਜੀਵਨ ਅਤੇ ਸ਼ਾਸਨ ਪ੍ਰਬੰਧ ਬਾਰੇ ਇੱਕ ਅਜਿਹਾ ਨਜ਼ਰੀਆ ਪੇਸ਼ ਕਰਦੀਆਂ ਹਨ, ਜਿਸ ਨਾਲ ਹਾਲਾਤ ਮੁਤਾਬਿਕ ਜਵਾਬ ਮਿਲਦੇ ਹਨ। ਕਈ ਹੋਰ ਪੁਰਾਤਨ ਗ੍ਰੰਥਾਂ ਦੇ ਉਲਟ ‘ਪੰਚਤੰਤਰ’ ਸਾਨੂੰ ਹਰ ਉੱਭਰਦੀ ਸਥਿਤੀ ਪ੍ਰਤੀ ਸੁਚੇਤ ਅਤੇ ਜਵਾਬਦੇਹ ਹੋਣ ਲਈ ਕਹਿੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਬਿਨਾਂ ਸਹਾਰੇ ਦੇ ਜੀਅ ਸਕਦੇ ਹਾਂ ਸਗੋਂ ਨੀਤੀ ਸ਼ਾਸਤਰ ਦੇ ਇਸ ਗ੍ਰੰਥ ਵਿੱਚ ਨਿਹਿਤ ਨਜ਼ਰੀਆ ਇਹ ਹੈ ਕਿ ‘ਨੀਤੀ’ ਜਾਂ ਸਹੀ ਰਸਤਾ ਸਾਨੂੰ ਲਗਾਤਾਰ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਸੰਭਾਵਨਾ ਨਾਲ ਜਿਊਣ ਦਾ ਰਾਹ ਦਿਖਾਉਂਦਾ ਹੈ। ਇੱਥੇ ਜ਼ੋਰ ਇਸ ਗੱਲ ’ਤੇ ਹੈ ਕਿ ਹਰ ਤਜਰਬਾ ਆਪਣੇ ਆਪ ’ਤੇ ਹੰਢਾਉਣ ਦੀ ਉਡੀਕ ਕਰਨ ਦੀ ਬਜਾਏ ਪਿਛਲੇ ਕੰਮਾਂ ਅਤੇ ਦੂਜਿਆਂ ਦੇ ਤਜਰਬਿਆਂ ਤੋਂ ਸਿੱਖਿਆ ਜਾਵੇ। ਦੂਜਿਆਂ ਦੇ ਤਜਰਬਿਆਂ ਤੋਂ ਸਿੱਖਣ ਦੀ ਇਹ ਪ੍ਰਕਿਰਿਆ ਸੋਚਣ ਅਤੇ ਵਿਚਾਰ ਕਰਨ ਦੀ ਆਜ਼ਾਦੀ ਨਾਲ ਪ੍ਰਵਾਨ ਚੜ੍ਹਦੀ ਹੈ। ਇੱਥੇ ਆ ਕੇ ਅਸੀਂ ਇੱਕ ਅਜਿਹੇ ਸੰਕਟ ਵਿੱਚ ਘਿਰ ਗਏ ਹਾਂ, ਜਿੱਥੇ ਭਰੋਸੇ ਦੀ ਘਾਟ ਨਹੀਂ ਸਗੋਂ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਨੌਜਵਾਨ ਵਰਗ ਸਮਾਜ ਤੋਂ ਪਾਸੇ ਹੋ ਰਿਹਾ ਹੈ।
Share this content:



Post Comment