ਤੀਹ ਤੋਂ ਵੱਧ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਹੁਕਮ
ਮੁਹਾਲੀ, 28 ਅਕਤੂਬਰ – ਪੰਜਾਬ ਮੰਡੀ ਬੋਰਡ ਵੱਲੋਂ ਝੋਨੇ ਦੀ ਖ਼ਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਹੀ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਤਹਿਤ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਇਹ ਹੁਕਮ ਮੰਗਲਵਾਰ ਸ਼ਾਮ ਪੰਜ ਵਜੇ ਤੋਂ ਲਾਗੂ ਕਰਨ ਲਈ ਕਿਹਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਮੰਡੀਆਂ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਖ਼ੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਸਿਫ਼ਾਰਸ਼ ਅਨੁਸਾਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪੱਤਰ ਅਨੁਸਾਰ ਪੰਜਾਬ ਦੇ ਬਾਕੀ ਸਾਰੇ ਮੁੱਖ ਯਾਰਡ, ਸਬ ਯਾਰਡ ਅਤੇ ਖ਼ਰੀਦ ਕੇਂਦਰ ਚਾਲੂ ਰਹਿਣਗੇ। ਰਾਜ ਦੀਆਂ ਜਿਨ੍ਹਾਂ ਮੰਡੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਉਨ੍ਹਾਂ ਵਿਚ ਬਹੁਤੀਆਂ ਮੰਡੀਆਂ ਵਿਚ ਹਾਲੇ ਝੋਨੇ ਦੀ ਆਮਦ ਜਾਰੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਜਿਨ੍ਹਾਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਅੱਜ ਤੋਂ ਬੰਦ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟਾਹਲੀ ਸਾਹਿਬ, ਭੋਏਵਾਲ, ਜਲਾਲ ਉਸਮਾ, ਜਸਰੌਰ, ਰਾਜਾਤਾਲ, ਬਚੀਵਿੰਡ, ਖਲਚੀਆਂ, ਕਾਲੇਕੇ, ਤਰਸਿੱਕਾ, ਗਿੱਲ, ਖਤਰਾਏ ਕਲਾਂ, ਚੱਕ ਸਿਕੰਦਰ, ਚਮਿਆਰੀ, ਸਾਹਬਾਜ਼ਪੁਰ ਛੀਨਾ, ਟਾਂਗਰਾ, ਢੱਡੇ, ਸਠਿਆਲਾ ਸ਼ਾਮਲ ਹਨ। ਕਪੂਰਥਲਾ ਜ਼ਿਲ੍ਹੇ ਦੀਆਂ ਜਿਨ੍ਹਾਂ ਮੰਡੀਆਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ਵਿਚ ਲੱਖਣਕੇ ਪੱਡੇ, ਪਰਮਜਿੱਤਪੁਰ, ਭਰੋਆਨਾ ਸ਼ਾਮਲ ਹਨ। ਤਰਨ ਤਾਰਨ ਸਾਹਿਬ ਜ਼ਿਲ੍ਹੇ ਦੀਆਂ ਬੰਦ ਕੀਤੀਆਂ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਸ਼ੇਰੋਂ, ਚੱਕ ਕਰੇ ਖਾਂ, ਮੀਆਂਵਿੰਡ, ਖਡੂਰ ਸਾਹਿਬ, ਵਾ ਤਾਰਾ ਸਿੰਘ, ਕਸੇਲ, ਢੋਟੀਆਂ, ਠੱਠੀਆਂ ਮਹੱਨਤਾ, ਰੱਤੋਕੇ ਅਤੇ ਰਾਜੋਕੇ ਸ਼ਾਮਲ ਹਨ। ਇਸੇ ਤਰਾਂ ਮੁਹਾਲੀ ਜ਼ਿਲ੍ਹੇ ਦੀਆਂ ਜਿਹੜੀਆਂ ਮੰਡੀਆਂ ਅਤੇ ਖ਼ਰੀਦ ਕੇਂਦਰ ਬੰਦ ਕੀਤੇ ਗਏ ਹਨ, ਉਨ੍ਹਾਂ ਵਿਚ ਨਗਲਾ ਰੋਡ (ਜ਼ੀਰਕਪੁਰ), ਧਨੋਨੀ, ਟਿਵਾਣਾ, ਸਨੇਟਾ ਅਤੇ ਅਮਲਾਲਾ ਸ਼ਾਮਲ ਹਨ।
ਦਾਣਾ-ਦਾਣਾ ਖ਼ਰੀਦਣ ਦੇ ਦਾਅਵਿਆਂ ਦੀ ਨਿਕਲੀ ਫੂਕ: ਬਲਬੀਰ ਸਿੱਧੂ
ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਰਾਜ ਦੀਆਂ 35 ਮੰਡੀਆਂ ਨੂੰ ਬੰਦ ਕਰਨ ਦੇ ਫ਼ੈਸਲੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਲੇ ਸਾਰੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਜਾਰੀ ਹੈ। ਹਾਲੇ ਤਾਂ ਝੋਨੇ ਦੀ ਵਾਢੀ ਵੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸੀਜ਼ਨ ਦੇ ਵਿਚਾਲੇ ਹੀ ਮੰਡੀਆਂ ਬੰਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦਾ ਦਾਣਾ-ਦਾਣਾ ਖ਼ਰੀਦਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ ਮੰਡੀਆਂ ਕਿਉਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਤੁਰੰਤ ਬੰਦ ਕੀਤੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਆਰੰਭ ਕਰਨ ਦੀ ਮੰਗ ਕੀਤੀ।
Share this content:



Post Comment