ਪ੍ਰਾਪਰਟੀ ਟੈਕਸ ਬਕਾਏਦਾਰਾਂ ਲਈ ਵੱਡੀ ਰਾਹਤ, ਮੁੜ ਤਰੀਕ ‘ਚ ਕੀਤਾ ਵਾਧਾ
ਚੰਡੀਗੜ੍ਹ, 15 ਅਗਸਤ – ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਵਿਆਜ ਅਤੇ ਜੁਰਮਾਨੇ ਦੀ ਮਾਫ਼ੀ ਲਈ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਰੀਕ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ। ਇਸ ਪਾਲਿਸੀ ਦਾ ਸਮਾਂ ਪਹਿਲੇ ਚਰਣ ਵਿੱਚ 15 ਮਈ ਤੋਂ 31 ਜੁਲਾਈ ਤੱਕ ਰੱਖਿਆ ਗਿਆ ਸੀ, ਜਿਸਨੂੰ ਬਾਅਦ ਵਿੱਚ 15 ਅਗਸਤ ਤੱਕ ਵਧਾਇਆ ਗਿਆ ਸੀ। ਹੁਣ ਸਰਕਾਰ ਨੇ ਇੱਕ ਵਾਰ ਫਿਰ ਇਸ ਯੋਜਨਾ ਦੀ ਡੈੱਡਲਾਈਨ 31 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਵੀਰਵਾਰ ਨੂੰ ਲੋਕਲ ਬਾਡੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਨਾਲ ਬਕਾਇਆ ਟੈਕਸਦਾਰਾਂ ਨੂੰ ਆਪਣੇ ਬਕਾਏ ਜਮ੍ਹਾ ਕਰਵਾਉਣ ਲਈ ਹੋਰ ਸਮਾਂ ਮਿਲ ਗਿਆ ਹੈ।
ਹੁਣ 15 ਅਗਸਤ ਨੂੰ ਨਹੀਂ ਖੁੱਲਣਗੇ ਨਗਰ ਨਿਗਮ ਦੇ ਦਫ਼ਤਰ
ਨਗਰ ਨਿਗਮ ਵੱਲੋਂ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਦੇ ਨਾਲ ਵੱਡੇ ਪੱਧਰ ‘ਤੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਨ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਦੇ ਸਮੇਂ ਦੌਰਾਨ ਛੁੱਟੀਆਂ ਵਿੱਚ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਰ੍ਹਾਂ, 15 ਅਗਸਤ ਨੂੰ ਡੈੱਡਲਾਈਨ ਮੁੱਕਣ ਵਾਲੇ ਦਿਨ ਬਿਆਜ ਅਤੇ ਜੁਰਮਾਨੇ ਦੀ ਮੁਆਫੀ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਅਤੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਅਧਿਕਾਰੀਆਂ ਨੂੰ ਦਫ਼ਤਰ ਬੁਲਾਉਣ ‘ਤੇ ਵੀ ਵਿਚਾਰ ਹੋ ਰਿਹਾ ਸੀ। ਇਸ ਦਰਮਿਆਨ, ਸਰਕਾਰ ਵੱਲੋਂ 14 ਅਗਸਤ ਨੂੰ ਪਾਲਿਸੀ ਵਿੱਚ ਇੱਕ ਵਾਰ ਫਿਰ ਵਾਧਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਸਦੇ ਮੱਦੇਨਜ਼ਰ, ਵਿਆਜ ਅਤੇ ਜੁਰਮਾਨੇ ਦੀ ਮੁਆਫੀ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ 15 ਅਗਸਤ ਨੂੰ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ।
Share this content:



Post Comment