ਪੈਟਰੋਲ-ਡੀਜ਼ਲ ’ਤੇ ਸਰਕਾਰ ਨੇ ਘਟਾਇਆ ਟੈਕਸ
ਨਵੀਂ ਦਿੱਲੀ, 17 ਸਤੰਬਰ – ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ’ਤੇ ਟੈਕਸ ਵਿਚ ਕਟੌਤੀ ਦਾ ਵੱਡਾ ਐਲਾਨ ਕੀਤਾ ਹੈ। ਡੀਜ਼ਲ ਨਿਰਯਾਤ ਸ਼ੁਲਕ ਵਿਚ 5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਡੀਜ਼ਲ ’ਤੇ ਵਿੰਡਫਾਲ ਟੈਕਸ 25 ਰੁਪਏ ਤੋਂ ਘਟ ਕੇ 20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜੈੱਟ ਫਿਊਲ (ATF) ਦੇ ਨਿਰਯਾਤ ’ਤੇ ਲੱਗਣ ਵਾਲਾ ਟੈਕਸ 19 ਰੁਪਏ ਤੋਂ ਘਟਾ ਕੇ 15 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਪੈਟਰੋਲ ਨਿਰਯਾਤ ’ਤੇ ਟੈਕਸ 1.5 ਰੁਪਏ ਤੋਂ ਘਟਾ ਕੇ 0.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸਨੂੰ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (SAED) ਦੇ ਰੂਪ ਵਿਚ ਲਿਆ ਜਾਵੇਗਾ। ਪੈਟਰੋਲ-ਡੀਜ਼ਲ ’ਤੇ ਟੈਕਸ ਕਟੌਤੀ ਦੀ ਖ਼ਬਰ ਸੁਣਦਿਆਂ ਹੀ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਇਸਦਾ ਫਾਇਦਾ ਕੀ ਆਮ ਆਦਮੀ ਨੂੰ ਹੋਵੇਗਾ? ਸਿੱਧੀ ਗੱਲ ਇਹ ਹੈ ਕਿ ਪੈਟਰੋਲ ਅਤੇ ਡੀਜ਼ਲ ’ਤੇ ਵਿੰਡਫਾਲ ਟੈਕਸ ਵਿਚ ਕਟੌਤੀ ਨਾਲ ਫਿਲਹਾਲ ਤੁਹਾਡੀ ਅਤੇ ਸਾਡੀ ਜੇਬ ਨੂੰ ਕੋਈ ਰਾਹਤ ਨਹੀਂ ਮਿਲਣ ਵਾਲੀ। ਇਸਦਾ ਫਾਇਦਾ ਦੇਸ਼ ਦੀਆਂ ਤੇਲ ਰਿਫਾਈਨਰੀ ਅਤੇ ਨਿਰਯਾਤਕ ਕੰਪਨੀਆਂ ਦੀ ਝੋਲੀ ਵਿਚ ਜਾਵੇਗਾ।
ਆਮ ਜਨਤਾ ਨੂੰ ਫਾਇਦਾ ਕਿਉਂ ਨਹੀਂ ਮਿਲੇਗਾ?
ਇਹ ਕਟੌਤੀ ਭਾਰਤ ਵਿਚ ਪੈਟਰੋਲ ਪੰਪਾਂ ’ਤੇ ਵਿਕਣ ਵਾਲੇ ਪੈਟਰੋਲ-ਡੀਜ਼ਲ ’ਤੇ ਨਹੀਂ ਘਟਾਈ ਗਈ, ਸਗੋਂ ਵਿੰਡਫਾਲ ਟੈਕਸ ’ਤੇ ਕੀਤੀ ਗਈ ਹੈ। ਵਿੰਡਫਾਲ ਟੈਕਸ ਉਹ ਸ਼ੁਲਕ ਹੈ ਜੋ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਉੱਚੇ ਭਾਅ ’ਤੇ ਈਂਧਨ ਵੇਚ ਕੇ ਅਚਾਨਕ ਮੁਨਾਫਾ ਕਮਾਉਣ ’ਤੇ ਸਰਕਾਰ ਨੂੰ ਭਰਦੀਆਂ ਹਨ। ਸਰਕਾਰ ਨੇ ਇਸ ਨਿਰਯਾਤ ਸ਼ੁਲਕ ਨੂੰ ਘਟਾਇਆ ਹੈ, ਜਿਸਦਾ ਮਤਲਬ ਹੈ ਕਿ ਦੇਸ਼ ਦੇ ਖੁਦਰਾ ਪੈਟਰੋਲ ਪੰਪਾਂ ’ਤੇ ਪੈਟਰੋਲ-ਡੀਜ਼ਲ ਦੇ ਭਾਅ ਜਸ ਦੇ ਤਸ ਬਣੇ ਰਹਿਣਗੇ।
ਕੰਪਨੀਆਂ ਨੂੰ ਹੋਵੇਗਾ ਫਾਇਦਾ
ਮੱਧ ਪੂਰਬ ਵਿਚ ਵਧ ਰਹੇ ਤਣਾਅ ਅਤੇ ਸਊਦੀ ਅਰਬ ਦੇ ਪਾਈਪਲਾਈਨ ਢਾਂਚੇ ਵਿਚ ਆਈਆਂ ਰੁਕਾਵਟਾਂ ਕਾਰਨ ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿਚ ਭਾਰੀ ਉਥਲ-ਪੁਥਲ ਮੱਚੀ ਹੋਈ ਹੈ। ਅਜਿਹੇ ਵਿਸ਼ਵ ਦਬਾਅ ਵਿਚਕਾਰ ਨਿਰਯਾਤ ਸ਼ੁਲਕ ਵਿਚ ਕਮੀ ਰਿਫਾਈਨਰੀ ਕੰਪਨੀਆਂ ਲਈ ਵੱਡੀ ਰਾਹਤ ਬਣ ਕੇ ਆਈ ਹੈ। ਇਸ ਨਾਲ ਵਿਸ਼ਵ ਬਾਜ਼ਾਰ ਵਿਚ ਭਾਰਤੀ ਰਿਫਾਈਨਰਾਂ ਦਾ ਮੁਨਾਫਾ ਮਾਰਜਿਨ ਸੁਧਰੇਗਾ। ਘਰੇਲੂ ਬਾਜ਼ਾਰ ਵਿਚ ਲੋੜੀਂਦੀ ਸਪਲਾਈ ਬਣਾਈ ਰੱਖਣ ਅਤੇ ਵਿਸ਼ਵ ਪੱਧਰ ’ਤੇ ਰਿਫਾਈਨਰਾਂ ਦੀ ਕਮਾਈ ਨੂੰ ਸੰਤੁਲਿਤ ਕਰਨ ਲਈ ਸਰਕਾਰ ਹਰ 15 ਦਿਨਾਂ ਵਿਚ ਔਸਤ ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ ’ਤੇ ਇਹ ਸਮੀਖਿਆ ਕਰਦੀ ਹੈ।
Share this content:



Post Comment