ਨਿੰਦਾਜਨਕ ਹੈ ਦਲੇਰ ਮਹਿੰਦੀ ਨਾਲ ਬਦਸਲੂਕੀ
ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਵਲੋਂ ਗਾਇਕ ਦਲੇਰ ਮਹਿੰਦੀ ਨਾਲ ਕੀਤਾ ਗਿਆ ਦੁਰਵਿਵਹਾਰ ਅਫ਼ਸੋਸਨਾਕ ਵੀ ਹੈ ਅਤੇ ਨਿੰਦਣਯੋਗ ਵੀ। ਇਹ ਘਟਨਾ ਨਿਊ ਟਿਹਰੀ ਸ਼ਹਿਰ ਵਿਚ ਐਤਵਾਰ ਰਾਤੀਂ ਮਾਂ ਕੁੰਜਾਪੁਰੀ ਸਿੱਧਪੀਠ ਵਿਖੇ ਇਕ ਸਭਿਆਚਾਰਕ ਪ੍ਰੋਗਰਾਮ ਦੌਰਾਨ ਵਾਪਰੀ। ਦਲੇਰ ਮਹਿੰਦੀ ਇਸ ਪ੍ਰੋਗਰਾਮ ਵਿਚ ਭਜਨਨੁਮਾ ਗੀਤ ਪੇਸ਼ ਕਰ ਰਿਹਾ ਸੀ ਕਿ ਮੰਤਰੀ ਨੇ ਸਟੇਜ ’ਤੇ ਆ ਕੇ ਉਸ ਪਾਸੋਂ ਮਾਈਕ ਖੋਹ ਲਿਆ ਅਤੇ ਦੋਸ਼ ਲਾਇਆ ਕਿ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਣ ਕਾਰਨ ਦਲੇਰ ਗੀਤ-ਸੰਗੀਤ ਪੇਸ਼ ਕਰਨ ਦੀ ਸਥਿਤੀ ਵਿਚ ਹੀ ਨਹੀਂ। ਸੁਬੋਧ ਉਨਿਆਲ ਉਪਰੋਕਤ ਸਿੱਧਪੀਠ ਵਾਲੇ ਹਲਕੇ (ਨਰੇਂਦਰ ਨਗਰ) ਤੋਂ ਵਿਧਾਇਕ ਵੀ ਹੈ। ਉਸ ਦਾ ਦਾਅਵਾ ਹੈ ਕਿ ਹਲਕੇ ਦਾ ਲੋਕ-ਨੁਮਾਇੰਦਾ ਅਤੇ ਮਾਂ ਕੁੰਜਾਪੁਰੀ ਉਤਸਵ ਦਾ ਸਰਪ੍ਰਸਤ ਹੋਣ ਦੇ ਨਾਤੇ ਉਸ ਨੂੰ ਉਪਰੋਕਤ ਕਿਸਮ ਦਾ ਵਿਵਹਾਰ ਕਰਨ ਦਾ ਪੂਰਾ ਹੱਕ ਸੀ। ਦੂਜੇ ਪਾਸੇ ਇਹ ਰਾਇ ਆਮ ਹੈ ਕਿ ਮੰਤਰੀ ਨੇ ਸਮੁੱਚੀ ਸਥਿਤੀ ਨੂੰ ਸੰਵੇਦਨਸ਼ੀਲ ਢੰਗ ਨਾਲ ਨਜਿੱਠਣ ਦੀ ਬਜਾਇ ਸੱਤਾਵਾਨਾਂ ਵਾਲਾ ਗ਼ਰੂਰ ਤੇ ਹੈਂਕੜ ਦਿਖਾਇਆ ਅਤੇ ਇਕ ਨਾਮਵਰ ਕਲਾਕਾਰ ਦੀ ਬੇਵਜ੍ਹਾ ਬੇਇੱਜ਼ਤੀ ਕੀਤੀ। ਦਲੇਰ ਮਹਿੰਦੀ ਨੇ ਭਾਵੇਂ ਇਸ ਮਾਮਲੇ ਬਾਰੇ ਖਾਮੋਸ਼ੀ ਧਾਰੀ ਹੋਈ ਹੈ, ਫਿਰ ਵੀ ਉਸ ਦੇ ਛੋਟੇ ਭਰਾ ਮੀਕਾ ਸਿੰਘ ਨੇ ਉਸ ਦਾ ਪੱਖ ਡੱਟ ਕੇ ਪੂਰਿਆ ਹੈ ਅਤੇ ਕਿਹਾ ਹੈ ਕਿ ਦਲੇਰ ਨੂੰ ਉਸ ਦਿਨ 104 ਡਿਗਰੀ ਬੁਖ਼ਾਰ ਸੀ।
ਅਜਿਹੀ ਅਵਸਥਾ ਵਿਚ ਸਟੇਜ ਉੱਤੇ ਪੇਸ਼ਕਾਰੀ ਦੌਰਾਨ ਜੇਕਰ ਦਲੇਰ ਕਿਤੇ ਥਿੜਕਿਆ ਵੀ ਸੀ ਤਾਂ ਉਹ ਬੁਖ਼ਾਰ ਅਤੇ ਹਾਲੀਆ ਗੰਭੀਰ ਸਰਜਰੀ ਦਾ ਅਸਰ ਸੀ। ਮੀਕਾ ਸਿੰਘ ਨੇ ਦਲੇਰ ਉੱਤੇ ਨਸ਼ੇ ਵਿਚ ਧੁੱਤ ਹੋਣ ਦੇ ਦੋਸ਼ ਪੂਰੀ ਤਰ੍ਹਾਂ ਖ਼ਾਰਿਜ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦਾ ਵੱਡਾ ਭਰਾ ਕਦੇ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਨੇੜੇ ਨਹੀਂ ਢੁੱਕਿਆ। ਮੀਕਾ ਸਿੰਘ ਨੇ ਇਹ ਚੁਣੌਤੀ ਵੀ ਦਿਤੀ ਹੈ ਕਿ ਜੇਕਰ ਕੋਈ ਇਹ ਸਾਬਤ ਕਰ ਦੇਵੇ ਕਿ ਦਲੇਰ ਸ਼ਰਾਬ ਪੀਂਦਾ ਹੈ ਤਾਂ ਉਹ (ਮੀਕਾ) ਗਾਇਕੀ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦੇਵੇਗਾ। ਮੀਕਾ ਸਿੰਘ ਦੇ ਦਾਅਵਿਆਂ ਦੀ ਕਪਿਲ ਸ਼ਰਮਾ, ਬਾਦਸ਼ਾਹ ਅਤੇ ਅਨੂਪਮ ਖੇਰ ਵਰਗੇ ਕਲਾਕਾਰਾਂ ਨੇ ਵੀ ਹਮਾਇਤ ਕੀਤੀ ਹੈ। ਉਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਦਲੇਰ ਮਹਿੰਦੀ ਪੁਰਜ਼ਬਤ ਇਨਸਾਨ ਹੈ। ਉਹ ਅਪਣੀਆਂ ਪੇਸ਼ੇਵਾਰਾਨਾ ਤੇ ਸਮਾਜਿਕ-ਸਭਿਆਚਾਰਕ ਜ਼ਿੰਮੇਵਾਰੀਆਂ ਪ੍ਰਤੀ ਹਮੇਸ਼ਾਂ ਸੁਚੇਤ ਰਿਹਾ ਹੈ। ਉੱਤਰਾਖੰਡ ਦੇ ਮੰਤਰੀ ਨੇ ਜਿਵੇਂ ਉਸ ਦਾ ਅਪਮਾਨ ਕੀਤਾ, ਉਹ ਦਲੇਰ ਦੀ ਕਲਾ ਦਾ ਵੀ ਅਪਮਾਨ ਸੀ ਅਤੇ ਉਸ ਦੀ ਸ਼ਖ਼ਸੀਅਤ ਦਾ ਵੀ। ਲਿਹਾਜ਼ਾ, ਮੰਤਰੀ ਨੂੰ ਅਪਣੇ ਅੰਦਾਜ਼ ਤੇ ਤੌਰ-ਤਰੀਕੇ ਉੱਤੇ ਅਫ਼ਸੋਸ ਦਾ ਇਜ਼ਹਾਰ ਜ਼ਰੂਰ ਕਰਨਾ ਚਾਹੀਦਾ ਹੈ। ਮੰਤਰੀ ਦੇ ਰਾਜਸੀ ਵਿਰੋਧੀਆਂ ਨੇ ਵੀ ਇਸ ਵਿਵਾਦ ਨੂੰ ਮੰਤਰੀ ਦੇ ਖ਼ਿਲਾਫ਼ ਭੁਨਾਉਣ ਦੇ ਯਤਨ ਵਜੋਂਂ ਉਸ ਤੋਂ ਜਨਤਕ ਤੌਰ ’ਤੇ ਮੁਆਫ਼ੀ ਦੀ ਮੰਗ ਕੀਤੀ ਹੈ। ਉਂਜ ਵੀ ਇਸ ਵੇਲੇ ਜੋ ਮਾਹੌਲ ਚੱਲ ਰਿਹਾ ਹੈ, ਉਸ ਦੇ ਮੱਦੇਨਜ਼ਰ ਇਹ ਵਿਵਾਦ ਹੋਰ ਭਖਣਾ ਯਕੀਨੀ ਜਾਪਦਾ ਹੈ।
ਦਲੇਰ ਮਹਿੰਦੀ ਪਿਛਲੇ ਤਿੰਨ ਦਹਾਕਿਆਂ ਤੋਂ ਗਾਇਕੀ ਦੇ ਪਿੜ ਵਿਚ ਅਪਣਾ ਨਿਵੇਕਲਾ ਮੁਕਾਮ ਬਣਾ ਚੁੱਕਿਆ ਹੈ। ਉਚੇਰੇ ਸੁਰ ਵਾਲੀ ਉਸ ਦੀ ਗਾਇਨ-ਸ਼ੈਲੀ ਨੇ ਜਿੱਥੇ ਪੰਜਾਬੀ ਭਾਸ਼ਾ ਨੂੰ ਗਾਇਕੀ ਦੇ ਖੇਤਰ ਵਿਚ ਵੱਧ ਮਕਬੂਲ ਬਣਾਇਆ, ਉੱਥੇ ਸੁਰਾਂ ਦੇ ਸੰਸਾਰ ਨੂੰ ਨਵਾਂ ਮੁਹਾਵਰਾ ਵੀ ਬਖ਼ਸ਼ਿਆ ਹੈ। ਉਸ ਦੇ ਪ੍ਰਸ਼ੰਸਕ ਉਸ ਦੀ ਸ਼ਖ਼ਸੀ ਹਲੀਮੀ ਤੇ ਸੰਗੀਤਕ ਮੁਹਾਰਤ ਨੂੰ ਸਲਾਮਾਂ ਕਰਦੇ ਹਨ। ਪਰ ਅਜਿਹਾ ਹੋਣ ’ਤੇ ਵੀ ਉਹ ਵਿਵਾਦਾਂ ਤੋਂ ਬਚ ਨਹੀਂ ਸਕਿਆ। ‘ਕਬੂਤਰਬਾਜ਼ੀ’ ਨਾਲ ਜੁੜੇ ਦੋਸ਼ਾਂ ਅਧੀਨ 2003 ਵਿਚ ਪਟਿਆਲਾ ’ਚ ਉਸ ਖ਼ਿਲਾਫ਼ ਦਰਜ ਹੋਇਆ ਮੁਕੱਦਮਾ ਲੰਮਾ ਸਮਾਂ ਚੱਲਿਆ। 2022 ਵਿਚ ਉਸ ਨੂੰ ਅਦਾਲਤ ਨੇ ਦੋ ਵਰਿ੍ਹਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ ਸੀ, ਪਰ ਹਾਈ ਕੋਰਟ ਨੇ ਇਸ ਸਜ਼ਾ ’ਤੇ ਅਮਲ ਮੁਅੱਤਲ ਕਰ ਦਿਤਾ ਅਤੇ ਇਹ ਕੇਸ ਅਜੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚਾਰਅਧੀਨ ਹੈ। ਅਜਿਹੇ ਪਿਛੋਕੜ ਦੇ ਬਾਵਜੂਦ ਦਲੇਰ ਖ਼ਿਲਾਫ਼ ਮੌਜੂਦਾ ਵਿਵਾਦ ਨਵੇਂ ਪਰਿਪੇਖ ਤੇ ਨਵੀਂ ਨਿਰਪੱਖਤਾ ਵਾਲੇ ਜਾਇਜ਼ੇ ਦੀ ਮੰਗ ਕਰਦਾ ਹੈ।
ਮੰਤਰੀ ਸੁਬੋਧ ਉਨਿਆਲ ਨੇ ਇਹ ਤਾਂ ਤਸਲੀਮ ਕੀਤਾ ਹੈ ਕਿ ਦਲੇਰ ਦੀ ਪੇਸ਼ਕਾਰੀ ਖ਼ਿਲਾਫ਼ ਉਸ ਦੇ ਪ੍ਰਤੀਕਰਮ ਉੱਤੇ ਉਲਾਰ ਹਾਵੀ ਹੋ ਗਿਆ ਸੀ, ਪਰ ਨਾਲ ਹੀ ਉਸ ਦੀ ਦਲੀਲ ਹੈ ਕਿ ਜੇਕਰ ਦਲੇਰ ਦੀ ਤਬੀਅਤ ਠੀਕ ਨਹੀਂ ਸੀ ਤਾਂ ਉਸ ਨੂੰ ਸਟੇਜ ’ਤੇ ਆਉਣਾ ਹੀ ਨਹੀਂ ਸੀ ਚਾਹੀਦਾ। ਜੇ ਉਹ ਆ ਹੀ ਗਿਆ ਸੀ ਤਾਂ ਇਕ-ਦੋ ਗੀਤ ਗਾਉਣ ਮਗਰੋਂ ਨਾਸਾਜ਼ ਹੋਣ ਦੀ ਗੱਲ ਸਾਂਝੀ ਕਰ ਲੈਣੀ ਚਾਹੀਦੀ ਸੀ। ਪ੍ਰਮੁਖ ਗਾਇਕਾ ਸੋਨਾ ਮਹਾਪਾਤਰ ਨੇ ਵੀ ਇਸੇ ਕਿਸਮ ਦੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਉਸ ਦੇ ਇਕ ਲੰਬੇ ਬਿਆਨ ਦਾ ਤੱਤ-ਸਾਰ ਹੈ ਕਿ ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਦਿੱਲੀ ’ਚ ਇਕ ਪ੍ਰੋਗਰਾਮ ਦੌਰਾਨ ਦਲੇਰ ਮਹਿੰਦੀ ਨੂੰ ‘ਸੁਰੋਂ-ਭਟਕਿਆ ਤੇ ਬੇਸੁੱਧੀ ਨਾਲ ਜੂਝਦਾ’ ਦੇਖਿਆ ਸੀ। ਬੜਾ ਮਾਯੂਸਕੁਨ ਸੀ ਉਹ ਦ੍ਰਿਸ਼ਕ੍ਰਮ। ਕਲਾਕਾਰਾਂ, ਖ਼ਾਸ ਕਰ ਕੇ ਨਾਮਵਰਾਂ ਦਾ ਤਾਂ ਇਹ ਉਚੇਚਾ ਫ਼ਰਜ਼ ਬਣਦਾ ਹੈ ਕਿ ‘‘ਪ੍ਰੋਗਰਾਮ ਪੇਸ਼ ਕਰਨ ਲਈ ਜੇਕਰ ਉਨ੍ਹਾਂ ਨੇ ਪੈਸੇ ਲਏ ਹਨ ਤਾਂ ਸੁਣਨ ਜਾਂ ਦੇਖਣ ਆਏ ਲੋਕਾਂ ਦੀਆਂ ਉਮੀਦਾਂ ਨਾਲ ਨਿਆਂ ਕਰਨ।’’ ਦਲੀਲਾਂ ਦੇ ਅਜਿਹੇ ਮੰਜ਼ਰ ਦੇ ਬਾਵਜੂਦ ਇਹ ਗੱਲ ਸਾਫ਼ ਹੈ ਕਿ ਜੋ ਮਾਮਲਾ ਸੁਹਜ ਨਾਲ ਨਜਿੱਠਿਆ ਜਾ ਸਕਦਾ ਸੀ, ਮੰਤਰੀ ਨੇ ਅਪਣੇ ਰਾਜਸੀ ਗ਼ਰੂਰ ਦੇ ਮੁਜ਼ਾਹਰੇ ਰਾਹੀਂ ਉਸ ਨੂੰ ਗ਼ੈਰਜ਼ਰੂਰੀ ਤੌਰ ’ਤੇ ਵਿਵਾਦਿਤ ਬਣਾ ਦਿਤਾ।
Share this content:



Post Comment