ਨਹੀਂ ਭੁੱਲਦੈ ਆਪ ਸਹੇੜਿਆ ਮਹਿਮਾਨ
ਇਹ ਗੱਲ ਯੂਨੀਵਰਸਿਟੀ ’ਚ ਪੜ੍ਹਨ ਦੇ ਦਿਨਾਂ ਦੀ ਹੈ। ਮੈਂ ਉਦੋਂ ਵਕਾਲਤ ਦੀ ਪੜ੍ਹਾਈ ਕਰ ਰਿਹਾ ਸਾਂ ਤੇ ਮੇਰੇ ਤੀਜੇ ਸਮੈਸਟਰ ਦੇ ਪੇਪਰ ਸ਼ੁਰੂ ਹੋਏ ਸਨ। ਹੋਸਟਲ ਵਿਚ ਰਹਿਣ ਵਾਲੇ ਜਾਂ ਸ਼ਹਿਰੋਂ ਆਉਣ ਵਾਲੇ ਮੁੰਡੇ-ਕੁੜੀਆਂ ਹੋਸਟਲ ਜਾਂ ਘਰ ਦੇ ਰੌਲੇ-ਰੱਪੇ ਤੋਂ ਬਚਣ ਅਤੇ ਸ਼ਾਂਤੀ ਨਾਲ ਪੜ੍ਹਨ-ਲਿਖਣ ਵਾਸਤੇ ਅਕਸਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਆ ਜਾਇਆ ਕਰਦੇ ਸਨ ਤੇ ਸ਼ਾਮ ਦੇ ਸੱਤ ਵਜੇ ਲਾਇਬ੍ਰੇਰੀ ਬੰਦ ਹੋਣ ਤੱਕ ਓਥੇ ਹੀ ਰਹਿੰਦੇ। ਇਕ ਕਾਰਨ ਹੋਰ ਸੀ ਕਿ ਹੋਸਟਲ ਵਿਚ ਅਕਸਰ ਬੱਤੀ ਗੁੱਲ ਹੋ ਜਾਂਦੀ ਸੀ ਤੇ ਲਾਇਬ੍ਰੇਰੀ ’ਚ ਅਕਸਰ ਬੱਤੀ ਰਹਿੰਦੀ ਸੀ। ਇਸ ਤੋਂ ਇਲਾਵਾ ਇੱਥੇ ਕੂਲਰ ਵੀ ਚੱਲਦੇ ਰਹਿੰਦੇ ਸਨ। ਸੋ, ਹੋਰਾਂ ਵਾਂਗ ਮੈਂ ਵੀ ਸਵੇਰੇ ਹੋਸਟਲੋਂ ਨਾਸ਼ਤਾ ਕਰ ਕੇ ਲਾਇਬ੍ਰੇਰੀ ਆ ਜਾਂਦਾ, ਦੁਪਹਿਰੇ ਸਿਰਫ਼ ਲੰਚ ਕਰਨ ਹੀ ਜਾਂਦਾ ਪਰ ਜਲਦ ਹੀ ਮੁੜ ਕੇ ਆ ਜਾਂਦਾ ਤੇ ਫਿਰ ਲਾਇਬ੍ਰੇਰੀ ਬੰਦ ਹੋਣ ’ਤੇ ਹੀ ਹੋਸਟਲ ਨੂੰ ਮੁੜਦਾ। ਲਾਇਬ੍ਰੇਰੀ ਦੇ ਬਿਲਕੁਲ ਸਾਹਮਣੇ ਹੀ ਯੂਨੀਵਰਸਿਟੀ ਦਾ ਬੱਸ ਸਟਾਪ ਸੀ ਜਿੱਥੋਂ ਯੂਨੀਵਰਸਿਟੀ ਦੀਆਂ ਅਤੇ ਸਰਕਾਰੀ ਬੱਸਾਂ ਚੱਲਦੀਆਂ ਸਨ। ਯੂਨੀਵਰਸਿਟੀ ਦੀਆਂ ਬੱਸਾਂ ਵਿਚ ਸਿਰਫ਼ ਕਰਮਚਾਰੀ ਜਾਂ ਵਿਦਿਆਰਥੀ ਹੀ ਚੜ੍ਹ ਸਕਦੇ ਸਨ ਜਦਕਿ ਸਰਕਾਰੀ ਬੱਸਾਂ ਆਮ ਲੋਕਾਂ ਲਈ ਸਨ।
ਇਹ ਬੱਸਾਂ ਪਟਿਆਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵੱਲ ਜਾਂਦੀਆਂ ਸਨ। ਯੂਨੀਵਰਸਿਟੀ ਦੀਆਂ ਬੱਸਾਂ ਤਾਂ ਆਪਣੇ ਸਮੇਂ ਅਨੁਸਾਰ ਚੱਲਦੀਆਂ ਰਹਿੰਦੀਆਂ ਪਰ ‘ਗੁਡ-ਵਿਲ ਨਾਓ’ ਦੀ ਇੱਕੋ-ਇੱਕ ਸਰਕਾਰੀ ਬੱਸ ਸੀ ਤੇ ਉਸ ਦਾ ਵੀ ਕੋਈ ਭਰੋਸਾ ਨਹੀਂ ਸੀ ਹੁੰਦਾ, ਆ ਗਈ ਤਾਂ ਆ ਗਈ, ਨਹੀਂ ਆਈ ਤਾਂ ਨਹੀਂ ਆਈ। ਕਈ ਲੋਕ ਕਾਫ਼ੀ ਦੇਰ ਇੱਥੇ ਬੈਠੇ ਉਡੀਕ ਕਰਦੇ ਰਹਿੰਦੇ ਤੇ ਕਈ ਸਿਆਣੇ ਤੇ ਜਲਦੀ ਜਾਣ ਵਾਲੇ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਰਾਜਪੁਰੇ ਤੋਂ ਆਉਂਦੀ ਬੱਸ ਲੈ ਲੈਂਦੇ। ਉਸ ਦਿਨ ਵੀ ਹਰ ਰੋਜ਼ ਵਾਂਗ ਸ਼ਾਮ ਨੂੰ ਸੱਤ ਵਜੇ ਸ਼ਹਿਰ ਵਾਲੇ ਦੋਸਤਾਂ ਨਾਲ ਲਾਇਬ੍ਰੇਰੀ ਤੋਂ ਬਾਹਰ ਨਿਕਲਿਆ ਤੇ ਗੱਲਾਂ ਕਰਦੇ-ਕਰਦੇ ਬਾਹਰ ਬੱਸ ਸਟਾਪ ਤੱਕ ਆਇਆ ਹੀ ਸਾਂ ਕਿ ਅਚਾਨਕ ਓਥੇ ਮੇਰੇ ਸ਼ਹਿਰ ਦਾ ਇਕ ਸ਼ਖ਼ਸ ਓਥੇ ਬੈਠਾ ਨਜ਼ਰ ਆਇਆ।
ਆਪਣੇ ਸੁਭਾਅ ਅਨੁਸਾਰ ਮੈਂ ਸਤਿਕਾਰ ਨਾਲ ਖ਼ੁਦ ਹੀ ਉਸ ਨੂੰ ਬੁਲਾ ਲਿਆ। ਉਸ ਨੇ ਦੱਸਿਆ ਕਿ ਪ੍ਰਾਈਵੇਟ ਐੱਮਏ ਦਾ ਫਾਰਮ ਜਮ੍ਹਾ ਕਰਵਾਉਣ ਲਈ ਇੱਥੇ ਆਇਆ ਸਾਂ। ਲੇਟ ਹੋ ਗਿਆ ਹਾਂ, ਵਾਪਸ ਜਾਣ ਲਈ ਹੁਣ ਬੱਸ ਉਡੀਕ ਰਿਹਾ ਹਾਂ। ਦੋਸਤ ਤਾਂ ਯੂਨੀਵਰਸਿਟੀ ਦੀ ਬੱਸ ’ਤੇ ਚੜ੍ਹ ਕੇ ਚਲੇ ਗਏ ਪਰ ਮੈਂ ਸ਼ਿਸ਼ਟਾਚਾਰ ਵਜੋਂ ਆਪਣੇ ਗਰਾਂਈ ਨਾਲ ਥੋੜ੍ਹੀ ਦੇਰ ਖੜ੍ਹਾਂ ਉਸ ਦੀ ਬੱਸ ਉਡੀਕਦਾ ਰਿਹਾ ਤੇ ਏਧਰ-ਓਧਰ ਦੀਆਂ ਗੱਲਾਂ ਕਰਦਾ ਰਿਹਾ। ਸਮਾਂ ਕਾਫ਼ੀ ਬੀਤ ਰਿਹਾ ਸੀ। ਮੈਂ ਇਕ-ਦੋ ਵਾਰ ਉਸ ਨੂੰ ਕਿਹਾ ਵੀ ਬੱਸ ਦਾ ਆਉਣਾ ਔਖਾ ਲੱਗਦੈ, ਬਿਹਤਰ ਐ ਬਾਹਰੋਂ ਬੱਸ ਲੈ ਲਵੋ ਪਰ ਗਰਾਂਈ ਸਾਹਿਬ ਆਪਣੀ ਜ਼ਿੱਦ ’ਤੇ ਰਹੇ ਕਿ ਨਹੀਂ, ਨਾਲ ਦੇ ਕਹਿੰਦੇ ਨੇ ਕਿ ਬੱਸ ਜ਼ਰੂਰ ਆਵੇਗੀ। ਇੱਥੇ ਦੱਸ ਦੇਵਾਂ ਕਿ ਇਹ ਬੰਦਾ ਮੇਰੇ ਸ਼ਹਿਰ ਦਾ ਇਕ ਕਵੀ ਸੀ ਤੇ ਕਦੇ-ਕਦਾਈਂ ਇਸ ਦੀਆਂ ਕਵਿਤਾਵਾਂ ਅਖ਼ਬਾਰਾਂ ਵਿਚ ਛਪ ਜਾਂਦੀਆਂ ਸਨ। ਉਸ ਨਾਲ ਮੇਰੀ ਕੋਈ ਨੇੜਤਾ ਨਹੀਂ ਸੀ, ਬਸ ਕਿਤੇ ਤੁਰੇ ਫਿਰਦੇ ਹੀ ਉਸ ਨੂੰ ਵੇਖਿਆ ਸੀ, ਬੁਲਾਇਆ ਕਦੇ ਵੀ ਨਹੀਂ ਸੀ।
ਸਟਾਪ ’ਤੇ ਖੜ੍ਹੇ-ਖੜ੍ਹੇ ਜਦ ਕਾਫ਼ੀ ਦੇਰ ਹੋ ਗਈ ਤਾਂ ਨਾ ਚਾਹੁੰਦੇ ਹੋਏ ਵੀ ਮੇਰੇ ਮੂੰਹੋਂ ਨਿਕਲ ਗਿਆ ਕਿ ਕਿੱਥੇ ਰਾਤ ਨੂੰ ਖੱਜਲ-ਖੁਆਰ ਹੁੰਦੇ ਫਿਰੋਗੇ, ਆ ਜਾਓ ਅੱਜ ਮੇਰੇ ਕੋਲ ਹੋਸਟਲ ’ਚ ਰੁਕ ਜਾਓ, ਸਵੇਰੇ ਚਲੇ ਜਾਣਾ। ਉਹ ਬੰਦਾ ਤਾਂ ਜਿਵੇਂ ਮੇਰੇ ਇਨ੍ਹਾਂ ਬੋਲਾਂ ਨੂੰ ਉਡੀਕ ਹੀ ਰਿਹਾ ਸੀ। ਇੱਕੋ ਦਮ ਉੱਠਿਆ ਤੇ ਬੋਲਿਆ,“ਹਾਂ, ਆਹ ਗੱਲ ਠੀਕ ਆ, ਹੋਸਟਲ ਦਾ ਨਜ਼ਾਰਾ ਲੈਂਦੇ ਆਂ।” ਮੇਰੇ ਬਿਨਾਂ ਕੁਝ ਬੋਲਿਆਂ ਮੇਰੇ ਅੱਗੇ-ਅੱਗੇ ਤੁਰ ਪਿਆ। ਹਾਲਾਂਕਿ ਦੂਸਰੇ ਦਿਨ ਮੇਰਾ ਪੇਪਰ ਸੀ ਤੇ ਰਾਤ ਦੀ ਰੋਟੀ ਤੋਂ ਬਾਅਦ ਫਿਰ ਅੱਧੀ ਰਾਤ ਤੱਕ ਪੜ੍ਹਨਾ ਸੀ। ਦਿਲੋਂ ਮੈਂ ਪਛਤਾਈ ਜਾ ਰਿਹਾ ਸਾਂ ਕਿ ਕਿੱਥੇ ਪੰਗਾ ਲੈ ਲਿਆ। ਕਮਰੇ ਵਿਚ ਆਉਂਦਿਆ ਹੀ ਉਸ ਨੇ ਆਪਣੇ ਬੂਟ ਖੋਲ੍ਹੇ, ਕੱਪੜੇ ਬਦਲੇ ਤੇ ਚੌੜਾ ਹੋ ਕੇ ਮੰਜੇ ’ਤੇ ਪੈ ਗਿਆ। ਅੱਧੇ ਕੁ ਘੰਟੇ ਬਾਅਦ ਸਾਬਣ ਚੁੱਕਿਆ ਤੇ ਮੇਰਾ ਤੌਲੀਆ ਮੋਢੇ ’ਤੇ ਰੱਖ ਕੇ ਗੁਸਲਖਾਨੇ ’ਚ ਨਹਾਉਣ ਚਲਾ ਗਿਆ। ਦਸਾਂ-ਪੰਦਰਾਂ ਮਿੰਟਾਂ ਬਾਅਦ ਜਦ ਨਹਾ ਕੇ ਆਇਆ ਤਾਂ ਆਉਂਦਿਆਂ ਹੀ ਠਾਠ ਨਾਲ ਕਹਿਣ ਲੱਗਾ, ‘‘ਯਾਰ, ਆਪਣਾ ਕੋਈ ਨਾਈਟ ਸੂਟ ਦੇ, ਮੈਂ ਤਾਂ ਕੁਝ ਲੈ ਕੇ ਵੀ ਨਹੀਂ ਆਇਆ।’’ ਮੈਂ ਆਪਣੇ ਕੱਪੜੇ ਕਦੇ ਵੀ ਕਿਸੇ ਨਾਲ ਸਾਂਝੇ ਨਹੀਂ ਸੀ ਕਰਦਾ ਪਰ ਉਸ ਦਿਨ ਉਸ ਅੱਗੇ ਝੁਕਣਾ ਪਿਆ।
ਅੱਠ ਵਜੇ ਮੈੱਸ ਵਿਚ ਰਾਤ ਦਾ ਖਾਣਾ ਸ਼ੁਰੂ ਹੋ ਜਾਂਦਾ ਹੈ। ਤਕਰੀਬਨ ਸਾਰੇ ਹੋਸਟਲਰ ਪਹਿਲਾਂ ਹੀ ਮੈੱਸ ਵਿਚ ਪਹੁੰਚ ਜਾਂਦੇ ਨੇ ਕਿਉਂਕਿ ਸਾਰਿਆਂ ਨੇ ਜਲਦ ਖਾਣਾ ਖਾ ਕੇ ਥੋੜ੍ਹਾ ਜਿਹਾ ਘੁੰਮਣ ਤੋਂ ਬਾਅਦ ਵਾਪਸ ਕਮਰੇ ਵਿਚ ਆ ਕੇ ਪੜ੍ਹਨਾ ਹੁੰਦਾ ਏ। ਸੋ, ਅਸੀਂ ਵੀ ਖਾਣਾ ਖਾਣ ਤੋਂ ਬਾਅਦ ਗੇੜਾ ਲਾ ਕੇ ਕਮਰੇ ਵਿਚ ਮੁੜ ਆਏ। ਘੁੰਮਦਿਆਂ ਹੋਇਆਂ ਰਾਹ ਵਿਚ ਮੈਂ ਉਸ ਨੂੰ ਇਕ-ਦੋ ਵਾਰ ਯਾਦ ਵੀ ਕਰਵਾਉਂਦਾ ਰਿਹਾ ਕਿ ਸਵੇਰੇ ਮੇਰਾ ਪੇਪਰ ਏ ਤਾਂ ਜੋ ਉਹ ਚੁੱਪਚਾਪ ਪੈ ਜਾਵੇ। ਕਮਰੇ ਵਿਚ ਆ ਕੇ ਮੈਂ ਆਪਣੀ ਕਿਤਾਬ ਚੁੱਕ ਲਈ। ਉਸ ਨੇ ਵੀ ਕੋਈ ਕਿਤਾਬ ਖੋਲ੍ਹ ਲਈ ਸੀ। ਥੋੜ੍ਹੀ ਜਿਹੀ ਚੁੱਪੀ ਤੋਂ ਬਾਅਦ ਉਹ ਬੋਲਿਆ,“ਪ੍ਰਦੀਪ, ਆਹ ਇਕ ਸ਼ਿਅਰ ਸੁਣ।” ਗ਼ਲਤੀ ਨਾਲ ਮੈਂ ਉਸ ਸ਼ਿਅਰ ਦੀ ਤਾਰੀਫ਼ ਕਰ ਬੈਠਾ। ਫਿਰ ਤਾਂ ਉਸ ਨੇ ਸ਼ਿਅਰਾਂ ਦੀ ਝੜੀ ਲਾ ਦਿੱਤੀ। ਇਕ-ਦੋ ਵਾਰ ਮੈਂ ਟੋਕਿਆ ਵੀ ਕਿ ਮੈਨੂੰ ਪੜ੍ਹ ਲੈਣ ਦੇ, ਸਵੇਰੇ ਮੇਰਾ ਪੇਪਰ ਏ ਪਰ ਪਿਓ ਦਾ ਪੁੱਤ ਥੋੜ੍ਹੀ ਦੇਰ ਦੀ ਚੁੱਪ ਤੋਂ ਬਾਅਦ ਫਿਰ ਸ਼ੁਰੂ ਹੋ ਜਾਵੇ। ਜਦ ਉਹ ਬੋਲਣੋਂ ਚੁੱਪ ਨਾ ਹੋਇਆ ਤਾਂ ਮੈਂ ਬੱਤੀ ਬੰਦ ਕਰ ਕੇ ਮੰਜੇ ’ਤੇ ਪੈ ਗਿਆ। ਮੇਰੇ ਪਏ-ਪਏ ਵੀ ਉਹ ਬੋਲਦਾ ਰਿਹਾ ਕਿ ਆਹ ਸ਼ਿਅਰ ਸੁਣ। ਫਿਰ ਮੈਂ ਜਾਣਬੁੱਝ ਕੇ ਖਰਾਟੇ ਮਾਰਨ ਲੱਗ ਪਿਆ। ਮੇਰੇ ਖਰਾਟਿਆਂ ਨੂੰ ਸੁਣ ਕੇ ਬੋਲਿਆ, “ਸੌਂ ਗਿਆ। ਯਾਰ ਆਹ ਸ਼ਿਅਰ ਤੇਰੇ ਸੁਣਨ ਵਾਲਾ ਸੀ, ਚੱਲ ਸਵੇਰੇ ਸਹੀ।” ਮੈਂ ਸੱਚੀਂ-ਮੁੱਚੀਂ ਸੌਂ ਗਿਆ ਸਾਂ। ਪਤਾ ਨਹੀਂ ਉਹ ਕਦੋਂ ਸੁੱਤਾ।
ਤੜਕੇ ਓਹਦੇ ਉੱਠਣ ਤੋਂ ਪਹਿਲਾਂ ਹੀ ਮੈਂ ਉੱਠ ਪਿਆ ਤੇ ਸਾਰੇ ਸਿਲੇਬਸ ’ਤੇ ਝਾਤ ਮਾਰ ਲਈ। ਸੱਤ-ਸਾਢੇ ਸੱਤ ਵਜੇ ਉਸ ਨੂੰ ਉਠਾਇਆ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਮੈਂ ਕਹਿ ਦਿੱਤਾ ਕਿ ਸੌਰੀ, ਅੱਜ ਨੌਂ ਵਜੇ ਮੇਰਾ ਪੇਪਰ ਏ। ਮੈਂ ਜਲਦੀ ਨਿਕਲਣਾ ਏ ਤੇ ਤੁਸੀਂ ਮੈੱਸ ਵਿੱਚੋਂ ਮੇਰੇ ਨਾਂ ’ਤੇ ਨਾਸ਼ਤਾ ਕਰ ਕੇ ਆਪੇ ਚਲੇ ਜਾਣਾ। ਉਹ ਹੁਣ ਸ਼ਾਇਦ ਮੇਰੀ ਪੀੜਾ ਸਮਝ ਗਿਆ ਸੀ। ਤਿਆਰ ਹੋ ਕੇ ਤੁਰਨ ਲੱਗੇ ਨੇ ਇਕ ਕਿਤਾਬ ਮੇਰੇ ਹੱਥ ਫੜਾਉਦਿਆਂ ਕਹਿਣ ਲੱਗਾ, “ਆਹ ਤੇਰੇ ਯਾਰ ਦੀਆਂ ਕਵਿਤਾਵਾਂ ਦਾ ਗੁਲਦਸਤਾ ਏ, ਮੌਕਾ ਮਿਲਿਆ ਤਾਂ ਜ਼ਰੂਰ ਪੜ੍ਹੀਂ।” ਮੈਂ ਵੀ ਹੱਸਦਿਆਂ-ਹੱਸਦਿਆਂ ਕਿਤਾਬ ਫੜ ਲਈ ਪਰ ਉਸ ਦੇ ਕਮਰੇ ’ਚੋਂ ਬਾਹਰ ਨਿਕਲਦਿਆਂ ਹੀ ਉਸ ਦਾ ‘ਗੁਲਦਸਤਾ’ ਡਸਟਬਿਨ ਵਿਚ ਵਗਾਹ ਮਾਰਿਆ। ਉਸ ਦਿਨ ਦਾ ਪੇਪਰ ਤਾਂ ਠੀਕ-ਠਾਕ ਹੋ ਗਿਆ ਪਰ ਉਸ ਬੰਦੇ ਦੀ ਇਕ ਰਾਤ ਦੀ ਹਾਜ਼ਰੀ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ।
Share this content:



Post Comment