ਧੁਰੰਧਰ 2: ਦ ਰਿਵੇਂਜ ਨੇ ਬਾਕਸ ਆਫਿਸ ‘ਤੇ ਰਚਿਆ ਇਤਿਹਾਸ
ਨਵੀਂ ਦਿੱਲੀ, 20 ਮਾਰਚ – ਰਣਵੀਰ ਸਿੰਘ ਸਟਾਰਰ ਫ਼ਿਲਮ ‘ਧੁਰੰਧਰ: ਦਾ ਰਿਵੈਂਜ’ ਦੁਨੀਆ ਭਰ ਵਿੱਚ ਧੂਆਂਧਾਰ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਦੇ ਕਲੈਕਸ਼ਨ ਨਾਲ ਜਿੱਥੇ ਇੱਕ ਪਾਸੇ ਇਤਿਹਾਸ ਰਚ ਦਿੱਤਾ ਹੈ, ਉੱਥੇ ਹੀ ਦੋ ਸੂਬਿਆਂ ਵਿੱਚ ਫ਼ਿਲਮ ਦਾ ਹਾਲ ਬੇਹਾਲ ਰਿਹਾ। 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਆਈ ਆਦਿੱਤਿਆ ਧਰ ਦੀ ‘ਧੁਰੰਧਰ 2’ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਸੀ। ਪਹਿਲੇ ਹੀ ਦਿਨ ਸਾਰੇ ਸ਼ੋਅ ਹਾਊਸਫੁੱਲ ਰਹੇ ਅਤੇ ਸਿਨੇਮਾਘਰਾਂ ਵਿੱਚ ਫ਼ਿਲਮ ਦੇਖਣ ਵਾਲਿਆਂ ਦੀ ਭਾਰੀ ਭੀੜ ਉਮੜ ਪਈ। ਪਹਿਲੇ ਦਿਨ ਹੀ ਸੈਂਕੜਾ (100 ਕਰੋੜ) ਮਾਰਨ ਵਾਲੀ ‘ਧੁਰੰਧਰ 2’ ਪਹਿਲੀ ਫ਼ਿਲਮ ਬਣ ਗਈ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਸੂਬਿਆਂ ਵਿੱਚ ‘ਧੁਰੰਧਰ’ ਦਾ ਜਾਦੂ ਨਹੀਂ ਚੱਲ ਸਕਿਆ?
‘ਧੁਰੰਧਰ 2’ ਹਿੱਟ ਜਾਂ ਫਲਾਪ?
ਸੈਕਨਿਲਕ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ‘ਧੁਰੰਧਰ 2’ ਨੇ ਆਪਣੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ‘ਤੇ 102 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਜੇਕਰ ਪੇਡ ਪ੍ਰੀਵਿਊਜ਼ ਨੂੰ ਵੀ ਸ਼ਾਮਲ ਕਰ ਲਿਆ ਜਾਵੇ, ਤਾਂ ਫ਼ਿਲਮ ਦਾ ਕੁੱਲ ਕਲੈਕਸ਼ਨ 145 ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਫ਼ਿਲਮ ਨੇ ਸਭ ਤੋਂ ਵੱਧ ਕਮਾਈ ਹਿੰਦੀ ਭਾਸ਼ਾ ਵਿੱਚ ਕੀਤੀ ਹੈ, ਜਿੱਥੇ ਇਸ ਨੇ ਲਗਪਗ 99 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ।
ਸਾਊਥ ਵਿੱਚ ਨਹੀਂ ਚੱਲ ਸਕਿਆ ‘ਧੁਰੰਧਰ 2’ ਦਾ ਜਾਦੂ
ਇਹ ਫ਼ਿਲਮ ਹਿੰਦੀ ਤੋਂ ਇਲਾਵਾ ਕੰਨੜ, ਮਲਿਆਲਮ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਈ ਸੀ। ਹਾਲਾਂਕਿ, ਹਿੰਦੀ ਦੇ ਮੁਕਾਬਲੇ ਦੱਖਣ ਭਾਰਤ ਵਿੱਚ ਫ਼ਿਲਮ ਦਾ ਪ੍ਰਦਰਸ਼ਨ ਕਾਫ਼ੀ ਫਿੱਕਾ ਰਿਹਾ। ਦੋ ਸੂਬਿਆਂ—ਕਰਨਾਟਕ ਅਤੇ ਕੇਰਲ—ਵਿੱਚ ਤਾਂ ਫ਼ਿਲਮ ਇੱਕ ਕਰੋੜ ਰੁਪਏ ਦੀ ਕਮਾਈ ਵੀ ਨਹੀਂ ਕਰ ਸਕੀ।
ਹਿੰਦੀ: ₹99.10 ਕਰੋੜ
ਤੇਲਗੂ: ₹2.12 ਕਰੋੜ
ਤਾਮਿਲ: ₹1.16 ਕਰੋੜ਼
ਮਲਿਆਲਮ: ₹9 ਲੱਖ
ਕੰਨੜ: ₹8 ਲੱਖ
ਕਿਨ੍ਹਾਂ ਫ਼ਿਲਮਾਂ ਦੇ ਨਾਲ ਹੋਇਆ ‘ਧੁਰੰਧਰ 2’ ਦਾ ਟਕਰਾਅ?
ਭਾਵੇਂ ਕੋਈ ਬਾਲੀਵੁੱਡ ਫ਼ਿਲਮ ‘ਧੁਰੰਧਰ 2’ ਨਾਲ ਟੱਕਰ ਲੈਣ ਤੋਂ ਬਚ ਗਈ, ਪਰ ਦੱਖਣ ਦੀਆਂ ਕਈ ਫ਼ਿਲਮਾਂ ਨਾਲ ਇਸ ਦਾ ਸਖ਼ਤ ਮੁਕਾਬਲਾ ਹੋਇਆ, ਜਿਨ੍ਹਾਂ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕੀਤੀ। ਤੇਲਗੂ ਵਿੱਚ ਆਈ ਪਵਨ ਕਲਿਆਣ ਦੀ ਫ਼ਿਲਮ ‘ਉਸਤਾਦ ਭਗਤ ਸਿੰਘ’ ਨੇ ਆਪਣੇ ਪਹਿਲੇ ਦਿਨ ਲਗਭਗ 31.50 ਕਰੋੜ ਰੁਪਏ ਦਾ ਸ਼ੁੱਧ ਕਲੈਕਸ਼ਨ ਕੀਤਾ। ਇਹ ਕਮਾਈ ਸਿਰਫ਼ ਤੇਲਗੂ ਭਾਸ਼ਾ ਵਿੱਚ ਹੋਈ ਹੈ। ਉੱਥੇ ਹੀ, ਇੱਕ ਮਲਿਆਲਮ ਫ਼ਿਲਮ ‘ਆਡੂ 3’ ਵੀ ਰਿਲੀਜ਼ ਹੋਈ ਹੈ, ਜਿਸ ਨੇ ਪਹਿਲੇ ਦਿਨ 6 ਕਰੋੜ ਰੁਪਏ ਕਮਾਏ। ਤਾਮਿਲ ਫ਼ਿਲਮ ‘ਯੂਥ’ ਨੇ 3.20 ਕਰੋੜ, ਜਦੋਂ ਕਿ ਕੰਨੜ ਫ਼ਿਲਮ ‘ਲਵ ਮੌਕਟੇਲ 3’ ਨੇ ਡੇਢ ਕਰੋੜ ਦੇ ਕਰੀਬ ਓਪਨਿੰਗ ਕੀਤੀ।
Share this content:



Post Comment