ਨਜ਼ਮ/ਅਸੀਂ ਤੇ ਨਵਾਂ ਸਾਲ/ ਮੋਹਨ ਆਰਟਿਸਟ
ਅਸੀਂ ਅਤੇ ਨਵਾਂ ਸਾਲ
ਅਸੀਂ —
ਹਾਸ਼ੀਆ-ਗ੍ਰਸਤ ਲੋਕ,
ਜਿਨ੍ਹਾਂ ਲਈ ਨਵੇਂ ਸਾਲ ‘ਤੇ
ਬਸ ਤਾਰੀਖ਼ ਬਦਲਦੀ ਹੈ,
ਤਕਦੀਰ ਨਹੀਂ।
ਸਾਡੇ ਲਈ ਕੋਈ ਅਰਥ ਨਹੀਂ ਰੱਖਦਾ
ਦੋ ਮੂੰਹਾਂ ਵਾਲਾ ਜ਼ੇਨਸ
(ਇੱਕ ਰੋਮਨ ਦੇਵਤਾ),
ਜਿਸਦੇ ਨਾਮ ਤੋਂ ਸ਼ੁਰੂ ਹੁੰਦੀ ਹੈ
ਜਨਵਰੀ।
ਨਾ ਹੀ ਅਰਥ ਰੱਖਦੇ ਹਨ
ਉਸਦੇ ਹੱਥਾਂ ਵਿੱਚ ਫੜੇ
ਸੁਨਿਹਰੀ ਅਤੇ ਚਾਂਦੀ ਰੰਗੇ
ਚਾਬੀਆਂ ਦੇ ਗੁੱਛੇ —
ਜਿੱਥੇ ਸੋਨੇ ਰੰਗੀਆਂ
ਚਾਬੀਆਂ ਦਾ ਮਤਲਬ
ਸੂਰਜ,
ਅਤੇ ਚਾਂਦੀ ਰੰਗੀਆਂ ਚਾਬੀਆਂ
ਦਾ ਮਤਲਬ
ਚੰਦਰਮਾ ਹੁੰਦਾ ਹੈ।
ਸਾਨੂੰ ਤਾਂ ਬਸ ਯਾਦ ਸੀ
ਬਾਬੇ ਦਾ ਆਖਿਆ —
“ਚੇਤ ਗੋਬਿੰਦ ਅਰਾਧੀਐ,
ਹੋਵੇ ਅਨੰਦੁ ਘਣਾ।”
ਜਾਂ —
“ਚੇਤ ਬਸੰਤ ਭਲਾ ਸੁਹਾਵੜੇ।”
ਪਰ ਖੋਹ ਲਿਆ ਹੈ ਸਾਥੋਂ
ਇਹ ਵੀ ਹੱਕ
ਸਾਡਾ ਭਲਾ ਕਰਨ ਵਾਲੇ
ਬਾਬੇ ਦੇ ਵਾਰਸਾਂ ਨੇ।
ਵਿਹੜੇ ਵਾਲੇ ਤੇ
ਕੰਮੀ-ਕਮੀਣ ਆਖ ਕੇ।
ਇਸੇ ਲਈ ਅਸੀਂ ਤੇ
ਸਾਡੇ ਬੱਚੇ
ਦਿਸ ਪੈਣਗੇ ਭੱਠਿਆਂ ‘ਤੇ —
ਇੱਟਾਂ ਪੱਥਦੇ ਹੋਏ,
ਰੇਤਾ ਤੇ ਸੀਮੈਂਟ ਦੇ
ਭਰੇ ਬੱਠਲ ਚੱਕਦੇ ਹੋਏ,
ਜਾਂ ਤੁਹਾਡੇ ਵਲੋਂ
ਨਵੇਂ ਸਾਲ ਦੇ ਜਸ਼ਨਾਂ ‘ਤੇ
ਪਾਏ ਗੰਦ ਨੂੰ
ਸਾਫ਼ ਕਰਦੇ ਹੋਏ।
— ਮੋਹਨ ਆਰਟਿਸਟ
Share this content:


Post Comment