Loading Now

ਨਜ਼ਮ/ਇੱਕ ਹੋਰ ਦਸੰਬਰ ਲੰਘ ਗਿਆ/ ਸਗੀਰ ਤਬੱਸੁਮ

ਨਜ਼ਮ/ਇੱਕ ਹੋਰ ਦਸੰਬਰ ਲੰਘ ਗਿਆ/ ਸਗੀਰ ਤਬੱਸੁਮ

ਸਾਡੀ ਅੱਖ ਦੀ ਰੱਤ ਨਿਚੋੜ ਕੇ,
ਸਾਨੂੰ ਵਿੱਚ ਰਾਹਾਂ ਦੇ ਛੋੜ ਕੇ,
ਸਾਨੂੰ ਦਰਦਾਂ ਦੇ ਨਾਲ ਜੋੜ ਕੇ—
ਕੋਈ ਨਾਗ ਹਿਜਰ ਦਾ ਡੰਗ ਗਿਆ।
ਇੱਕ ਹੋਰ ਦਸੰਬਰ ਲੰਘ ਗਿਆ।
ਸਾਡੇ ਮਾਸ ਦਾ ਬਾਲਣ ਬਾਲ ਕੇ,
ਸਾਡਾ ਹੱਸਦਾ ਜੋਬਨ ਗਾਲ ਕੇ,
ਸਾਨੂੰ ਅੱਗਾਂ ਵਿੱਚ ਉਛਾਲ ਕੇ—
ਕੋਈ ਸੂਲੀ ਉੱਤੇ ਟੰਗ ਗਿਆ।
ਇੱਕ ਹੋਰ ਦਸੰਬਰ ਲੰਘ ਗਿਆ।
ਦੋ ਅੱਖਰ ਪਿਆਰ ਦੇ ਬੋਲ ਕੇ,
ਕੰਨਾਂ ਵਿੱਚ ਮਿਸ਼ਰੀ ਘੋਲ ਕੇ,
ਸਾਨੂੰ ਨਸ਼ਿਆਂ ਵਿੱਚ ਮਧੋਲ ਕੇ—
ਕੋਈ ਰੰਗ ਆਪਣੇ ਵਿੱਚ ਰੰਗ ਗਿਆ।
ਇੱਕ ਹੋਰ ਦਸੰਬਰ ਲੰਘ ਗਿਆ।
ਸਾਨੂੰ ਅੰਦਰੋਂ-ਅੰਦਰੀਂ ਤੋੜ ਕੇ,
ਸਾਨੂੰ ਕੱਖਾਂ ਵਾਂਗ ਮਰੋੜ ਕੇ,
ਸਾਨੂੰ ਵਿੱਚ ਕਬਰਾਂ ਦੇ ਰੋੜ੍ਹ ਕੇ—
ਕੋਈ ਸਾਹਾਂ ਸਾਥੋਂ ਮੰਗ ਗਿਆ।
ਇੱਕ ਹੋਰ ਦਸੰਬਰ ਲੰਘ ਗਿਆ।
ਸਾਡੇ ਦਿਲ ਦਾ ਬੂਹਾ ਖੋਲ੍ਹ ਕੇ,
ਸਾਡਾ ਸੀਨਾ ਅੰਦਰੋਂ ਫੋਲ ਕੇ,
ਸਾਨੂੰ ਵਿੱਚ ਖ਼ੁਆਬਾਂ ਦੇ ਰੋਲ ਕੇ—
ਕੋਈ ਬੱਦਲ ਥਲ ਦਾ ਖੰਘ ਗਿਆ।
ਇੱਕ ਹੋਰ ਦਸੰਬਰ ਲੰਘ ਗਿਆ।
— ਸਗੀਰ ਤਬੱਸੁਮ, ਲਹਿੰਦਾ ਪੰਜਾਬ, ਪਾਕਿਸਤਾਨ

Share this content:

Post Comment